ਪਉੜੀ ॥
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹੀ ਧਾਵਦੇ ॥
ਇਕਿ ਮੂਲੁ ਨ ਬੁਝਨ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥
ਤਿਨ੍ਹ ਮੰਗਾ ਜਿ ਤੁਝੈ ਧਿਆਇਦੇ ॥੯॥

Sahib Singh
ਤੇਰੈ ਮਨਿ = ਤੇਰੇ ਮਨ ਵਿਚ ।
ਦਰਿ = (ਤੇਰੇ) ਦਰਵਾਜ਼ੇ ਉੱਤੇ ।
ਕੀਰਤਿ = ਸੋਭਾ, ਵਡਿਆਈ ।
ਕਰਮਾ ਬਾਹਰੇ = ਭਾਗ ਹੀਣ ।
ਢੋਅ = ਆਸਰਾ ।
ਧਾਵਦੇ = ਭਟਕਦੇ ਫਿਰਦੇ ਹਨ ।
ਇਕਿ = ਕਈ ਜੀਵ ।
ਮੂਲੁ = ਮੁੱਢ, ਪ੍ਰਭੂ ।
ਅਣਹੋਦਾ = (ਘਰ ਵਿਚ) ਪਦਾਰਥ ਤੋਂ ਬਿਨਾ ਹੀ ।
ਆਪੁ = ਆਪਣੇ ਆਪ ਨੂੰ ।
ਗਣਾਇਦੇ = ਵੱਡਾ ਜਤਲਾਂਦੇ ਹਨ ।
ਹਉ = ਮੈਂ ।
ਢਾਢੀ = ਵਡਿਆਈ ਕਰਨ ਵਾਲਾ, ਵਾਰ ਗਾਉਣ ਵਾਲਾ, ਭੱਟ ।
ਢਾਢੀ ਕਾ = ਮਾੜਾ ਜਿਹਾ ਢਾਢੀ (ਜਿਵੇਂ ਘਟੁਕਾ—ਨਿੱਕਾ ਜਿਹਾ ਘੜਾ) ।
ਨੀਚ ਜਾਤਿ = ਨੀਵੀ ਜ਼ਾਤ ਵਾਲਾ ।
ਹੋਰਿ = ਹੋਰ ਲੋਕ ।
ਉਤਮ ਜਾਤਿ = ਉੱਚੀ ਜ਼ਾਤ ਵਾਲੇ ।
    
Sahib Singh
(ਹੇ ਪ੍ਰਭੂ!) ਤੈਨੂੰ ਆਪਣੇ ਮਨ ਵਿਚ ਭਗਤ ਪਿਆਰੇ ਲਗਦੇ ਹਨ, ਜੋ ਤੇਰੀ ਸਿਫ਼ਤਿ-ਸਾਲਾਹ ਕਰ ਰਹੇ ਹਨ ਤੇ ਤੇਰੇ ਦਰ ਉੱਤੇ ਸੋਭ ਰਹੇ ਹਨ ।
ਹੇ ਨਾਨਕ! ਭਾਗ-ਹੀਣ ਮਨੁੱਖ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਪ੍ਰਭੂ ਦੇ ਦਰ ਤੇ ਥਾਂ ਨਹੀਂ ਮਿਲਦੀ, (ਕਿਉਂਕਿ) ਇਹ (ਵਿਚਾਰੇ) ਆਪਣੇ ਅਸਲੇ ਨੂੰ ਨਹੀਂ ਸਮਝਦੇ, (ਰੱਬੀ ਗੁਣ ਦੀ ਪੂੰਜੀ ਆਪਣੇ ਅੰਦਰ) ਹੋਣ ਤੋਂ ਬਿਨਾ ਹੀ ਆਪਣੇ ਆਪ ਨੂੰ ਵੱਡਾ ਜਤਲਾਂਦੇ ਹਨ ।
(ਹੇ ਪ੍ਰਭੂ!) ਮੈਂ ਨੀਵੀਂ ਜਾਤ ਵਾਲਾ (ਤੇਰੇ ਦਰ ਦਾ) ਇਕ ਮਾੜਾ ਜਿਹਾ ਢਾਢੀ ਹਾਂ, ਹੋਰ ਲੋਕ (ਆਪਣੇ ਆਪ ਨੂੰ) ਉੱਤਮ ਜਾਤ ਵਾਲੇ ਅਖਵਾਂਦੇ ਹਨ ।
ਜੋ ਤੇਰਾ ਭਜਨ ਕਰਦੇ ਹਨ, ਮੈਂ ਉਹਨਾਂ ਪਾਸੋਂ (ਤੇਰਾ ‘ਨਾਮ’) ਮੰਗਦਾ ਹਾਂ ।੯ ।
Follow us on Twitter Facebook Tumblr Reddit Instagram Youtube