ਸਲੋਕੁ ਮਃ ੧ ॥
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥

Sahib Singh
ਲਦੀਅਹਿ = ਲੱ ਦੀਆਂ ਜਾਣ, (ਪੜ੍ਹੀਆਂ ਹੋਈਆਂ ਪੁਸਤਕਾਂ ਨਾਲ ਗੱਡੀਆਂ) ਭਰੀਆਂ ਜਾਣ ।
ਭਰੀਅਹਿ = ਭਰ ਲਏ ਜਾਣ ।
ਸਾਥ = ਢੇਰ ।
ਭਰੀਅਹਿ ਸਾਥ = ਢੇਰਾਂ ਦੇ ਢੇਰ ਲਾਏ ਜਾ ਸਕਣ ।
ਬੇੜੀ ਪਾਈਐ = (ਪੜ੍ਹੀਆਂ ਹੋਈਆਂ ਪੋਥੀਆਂ ਨਾਲ) ਇਕ ਬੇੜੀ ਭਰੀ ਜਾ ਸਕੇ ।
ਗਡੀਅਹਿ = ਗੱਡੇ ਜਾ ਸਕਣ, ਪੂਰੇ ਜਾ ਸਕਣ ।
ਖਾਤ = ਟੋਏ, ਖਾਤੇ ।
ਜੇਤੇ ਬਰਸ = ਜਿਤਨੇ ਸਾਲ ਹਨ, ਕਈ ਸਾਲ ।
ਪੜੀਅਹਿ ਜੇਤੇ ਬਰਸ ਬਰਸ = ਕਈ ਸਾਲਾਂ ਦੇ ਸਾਲ ਪੜ੍ਹ ਕੇ ਗੁਜ਼ਾਰੇ ਜਾ ਸਕਣ ।
ਮਾਸ = ਮਹੀਨੇ ।
ਜੇਤੇ ਮਾਸ = ਜਿਤਨੇ ਭੀ ਮਹੀਨੇ ਹਨ ।
ਪੜੀਐ = ਪੜ੍ਹ ਕੇ ਬਿਤਾਈ ਜਾਏ ।
ਜੇਤੀ ਆਰਜਾ = ਜਿਤਨੀ ਉਮਰ ਹੈ ।ਨੋਟ:- ‘ਪੜੀਐ’ ਵਿਆਕਰਣ ਅਨੁਸਾਰ ਵਰਤਮਾਨ ਕਾਲ, ਕਰਮ ਵਾਚ (ਫੳਸਸਵਿੲ ੜੋਚਿੲ), ਅੱਨ ਪੁਰਖ, ਇਕ-ਵਚਨ ਹੈ ।
    ‘ਪੜੀਅਹਿ’ ਇਸੇ ਦਾ ‘ਬਹੁ-ਵਚਨ’ ਹੈ ।
    ‘ਪੜਹਿ’ ਵਰਤਮਾਨ ਕਾਲ, ਕਰਤ੍ਰੀ ਵਾਚ (ਅਚਟਵਿੲ ੜੋਚਿੲ) ਹੈ ।
    ਵਧੀਕ ਸਮਝਣ ਵਾਸਤੇ, ਵੇਖੋ ‘ਗੁਰਬਾਣੀ ਵਿਆਕਰਣ’ ।
ਸਾਸ = ਸੁਆਸ ।
ਲੇਖੈ = ਲੇਖੇ ਵਿਚ, ਪਰਵਾਨਗੀ ਵਿਚ ।
ਇਕ ਗਲ = ਇਕ ਰੱਬ ਦੀ ਗੱਲ, ਇੱਕ ਦੀ ਸਿਫ਼ਤਿ-ਸਾਲਾਹ ।
ਹੋਰੁ = ਹੋਰ ਜਤਨ ।
ਝਖਣਾ ਝਾਖ = ਝਾਖ ਝਖਣਾ, ਝਖਾਂ ਮਾਰਨੀਆਂ ।੧ ।
    
Sahib Singh
ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ; ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ; ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ) ।
ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ।੧ ।
Follow us on Twitter Facebook Tumblr Reddit Instagram Youtube