ਪਉੜੀ ॥
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹੀ ਸਚੁ ਕਮਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ ਕੈ ਹਿਰਦੈ ਸਚੁ ਵਸਾਇਆ ॥
ਮੂਰਖ ਸਚੁ ਨ ਜਾਣਨ੍ਹੀ ਮਨਮੁਖੀ ਜਨਮੁ ਗਵਾਇਆ ॥
ਵਿਚਿ ਦੁਨੀਆ ਕਾਹੇ ਆਇਆ ॥੮॥

Sahib Singh
ਏਕ ਤੂੰ = ਕੇਵਲ ਤੂੰ ।
ਸਚੋ ਸਚੁ = ਪੂਰਨ ਅਡੋਲਤਾ, ਪੂਰਨ ਖਿੜਾਉ ।
ਵਰਤਾਇਆ = ਵੰਡ ਦਿੱਤਾ, ਉਤਪੰਨ ਕਰ ਦਿੱਤਾ ।
ਤੂੰ ਦੇਹਿ = ਤੂੰ ਦੇਂਦਾ ਹੈਂ ।
ਤਾ = ਤਾਂ, ਉਸ ਦਾਤਾਰ ਦੀ ਬਰਕਤਿ ਨਾਲ ।
ਤਿਨੀ = ਉਹਨਾਂ (ਵਡਭਾਗੀਆਂ) ਨੇ ।
ਸਚੁ ਕਮਾਇਆ = ਸੱਚ ਨੂੰ ਕਮਾਇਆ ਹੈ, ਪੂਰਨ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਇਆ ਹੈ ।
ਜਿਨ ਕੈ = ਜਿਨ੍ਹਾਂ ਮਨੁੱਖਾਂ ਦੇ ।
ਵਸਾਇਆ = ਗੁਰੂ ਨੇ ਟਿਕਾਇ ਦਿੱਤਾ ।
ਮਨਮੁਖੀ = ਉਹਨਾਂ ਮਨਮੁਖਾਂ ਨੇ ।
ਕਾਹੇ ਆਇਆ = ਕਿਉਂ ਆਏ, ਆਉਣ ਦਾ ਕੋਈ ਲਾਭ ਨਾਹ ਹੋਇਆ ।੮ ।
    
Sahib Singh
ਹੇ ਪ੍ਰਭੂ! ਕੇਵਲ ਤੂੰ ਹੀ ਪੂਰਨ ਤੌਰ ਤੇ ਅਡੋਲ ਰਹਿਣ ਵਾਲਾ ਮਾਲਕ (ਪੂਰਨ ਤੌਰ ਤੇ ਖਿੜਿਆ ਹੋਇਆ) ਹੈਂ, ਅਤੇ ਤੂੰ ਆਪ ਹੀ ਆਪਣੀ ਅਡੋਲਤਾ ਦਾ ਗੁਣ (ਜਗਤ ਵਿਚ) ਵਰਤਾ ਦਿੱਤਾ ਹੈ ।
(ਪਰ) ਇਹ ਖਿੜਾਉ ਵਾਲਾ ਗੁਣ (ਕੇਵਲ) ਉਸ ਉਸ ਜੀਵ ਨੂੰ ਹੀ ਮਿਲਦਾ ਹੈ ਜਿਸ ਜਿਸ ਨੂੰ ਤੂੰ ਆਪ ਦੇਂਦਾ ਹੈਂ, ਤੇਰੀਬਖ਼ਸ਼ਸ਼ ਦੀ ਬਰਕਤਿ ਨਾਲ, ਉਹ ਮਨੁੱਖ ਉਸ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਨ ।
ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਇਹ ਪੂਰਨ ਖਿੜਾਉ ਵਾਲੀ ਦਾਤ ਮਿਲਦੀ ਹੈ, ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਖਿੜਾਉ ਟਿਕਾ ਦੇਂਦਾ ਹੈ ।
ਮੂਰਖਾਂ ਨੂੰ ਇਸ ਖਿੜਾਉ ਦੀ ਸਾਰ ਨਹੀਂ ਆਉਂਦੀ, ਉਹ ਮਨਮੁਖ (ਇਸ ਤੋਂ ਵਾਂਜੇ ਰਹਿ ਕੇ) ਆਪਣਾ ਜਨਮ ਅਜਾਈਂ ਗਵਾਉਂਦੇ ਹਨ, ਜਗਤ ਵਿਚ ਜਨਮ ਲੈਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ।੮ ।
Follow us on Twitter Facebook Tumblr Reddit Instagram Youtube