ਮਃ ੧ ॥
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥

Sahib Singh
ਪੁੰਨਾ = ਧਰਮ ਦੇ ਕੰਮ ।
ਪਰਵਾਣੁ = (ਜੋ ਲੋਕਾਂ ਦੀਆਂ ਨਜ਼ਰਾਂ ਵਿਚ) ਕਬੂਲ (ਹੋਣ) ।
ਸਹਜ = ਸੁਭਾਵਕ, ਸ਼ਾਂਤੀ = ਪੂਰਵਕ, ਆਪਣੇ ਧੁਰ ਅਸਲੇ ਨਾਲ ਇਕ-ਮਿਕ ਹੋ ਕੇ ।
ਜੋਗ = ਜੋਗ ਮੱਤ ਅਨੁਸਾਰ ਚਿੱਤ ਦੇ ਫੁਰਨਿਆਂ ਨੂੰ ਰੋਕਣ ਦਾ ਨਾਉਂ ‘ਜੋਗ’ ਹੈ ।
ਬੇਬਾਣ = ਜੰਗਲਾਂ ਵਿਚ ।
ਛੁਟਹਿ ਪਰਾਣ = ਪਰਾਣ ਨਿਕਲਣ, ਅੰਤ ਸਮਾ ਆਵੇ ।
ਸੁਰਤੀ = ਧਿਆਨ ਜੋੜਨਾ ।
ਪੜੀਅਹਿ = ਪੜ੍ਹੇ ਜਾਣ ।
ਪਾਠ ਪੁਰਾਣ = ਪੁਰਾਣਾਂ ਦੇ ਪਾਠ ।
ਲਿਖਿਆ = ਲਿਖ ਦਿੱਤਾ ਹੈ ।
ਆਵਣ ਜਾਣੁ = ਜੀਵਾਂ ਦਾ ਜੰਮਣਾ ਮਰਨਾ ।
ਮਤੀ = ਹੋਰ ਮੱਤਾਂ ।
ਮਿਥਿਆ = ਵਿਅਰਥ ।
ਕਰਮੁ = ਮਿਹਰ, ਬਖ਼ਸ਼ਸ਼ ।
ਨੀਸਾਣੁ = ਪਰਵਾਨਾ, ਰਾਹਦਾਰੀ, ਨਿਸ਼ਾਨ ।
ਸਚਾ ਨੀਸਾਣੁ = ਸੱਚਾ ਪਰਵਾਨਾ, ਸਦਾ ਕਾਇਮ ਰਹਿਣ ਵਾਲੀ ਰਾਹਦਾਰੀ ।੨ ।
    
Sahib Singh
ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ; ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ; ਰਣ-ਭੂਮੀਆਂ ਵਿਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ, ਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ; (ਪਰ) ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ ।
(ਦਰਗਾਹ ਵਿਚ ਕਬੂਲ ਪੈਣ ਵਾਸਤੇ) ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ, ਜਿਸ ਨੇ ਇਹ ਸਾਰੀ ਸਿ੍ਰਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ (ਤਾਂ ਤੇ ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨਾ ਹੀ ਉੱਤਮ ਮੱਤ ਹੈ) ।੨ ।
Follow us on Twitter Facebook Tumblr Reddit Instagram Youtube