ਮਹਲਾ ੨ ॥
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥

Sahib Singh
ਜਾਤਿ = ਕੁਦਰਤੀ ਸੁਭਾਉ, ਲੱਖਣ ।
ਹਉਮੈ ਕਰਮ = ਹਉਮੈ ਦੇ ਕੰਮ, ਉਹ ਕੰਮ ਜਿਨ੍ਹਾਂ ਨਾਲ ‘ਹਉ’ ਬਣੀ ਰਹੇ ।
ਏਈ = ਇਹੈ ਹੀ ।
ਕਿਤੁ ਸੰਜਮਿ = ਕਿਸ ਜੁਗਤੀ ਨਾਲ, ਕਿਸ ਤਰੀਕੇ ਨਾਲ ।
ਪਇਐ ਕਿਰਤਿ ਫਿਰਾਹਿ = ਕਿਰਤ ਦੇ ਪਾਣ ਦੇ ਕਾਰਨ ਜੀਵ ਫਿਰਦੇ ਹਨ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਾਸਤੇ ਦੌੜਦੇ ਹਨ ।
ਦੀਰਘ = ਲੰਮਾ, ਢੇਰ ਚਿਰ ਰਹਿਣ ਵਾਲਾ ।
    {ਕਿਸੇ ਕੁਸੰਗ ਵਿਚ ਪੈ ਕੇ ਜਦੋਂ ਇਕ ਦੋ ਵਾਰੀ ਸ਼ਰਾਬ ਪੀਤਿਆਂ ਕਿਸੇ ਮਨੁੱਖ ਨੂੰ ਸ਼ਰਾਬ ਪੀਣ ਦਾ ਚਸਕਾ ਪੈ ਜਾਂਦਾ ਹੈ, ਤਾਂ ਉਹ ਚਸਕਾ ਹੀ ਮੁੜ ਆਪਣੇ ਆਪ ਉਸ ਨੂੰ ਸ਼ਰਾਬ-ਖਾਨੇ ਵਲ ਲਈ ਫਿਰਦਾ ਹੈ; ਇਸ ਤ੍ਰਹਾਂ ਉਹ ਚਸਕਾ ਹੋਰ ਵਧ ਜਾਂਦਾ ਹੈ, ਇਹ ਇਕ ਦੀਰਘ ਰੋਗ ਬਣ ਜਾਂਦਾ ਹੈ ।
    ਇਸੇ ਤ੍ਰਹਾਂ ਜੋ ਭੀ ਆਦਤ ਇਕ ਵਾਰੀ ਬਣਦੀ ਹੈ ਉਹ ਆਪਣੇ ਆਪ ਇਸ ਨਿਯਮ ਅਨੁਸਾਰ ਲੰਮੀ ਹੁੰਦੀ ਜਾਂਦੀ ਹੈ ।} ਦਾਰੂ ਭੀ—ਇਲਾਜ ਭੀ ਹੈ, (ਭਾਵ, ਇਹ ਹਉਮੈ ਇਲਾਜ ਤੋਂ ਬਿਨਾ ਨਹੀਂ ਹੈ) ।
ਇਸੁ ਮਾਹਿ = ਇਸ ਹਉਮੈ ਵਿਚ, ਇਸ ਹਉਮੈ ਦਾ ।
ਦਾਰੂ ਭੀ ਇਸੁ ਮਾਹਿ = {ਨੋਟ:- ਸ਼ਬਦ ‘ਭੀ’ ਜਿਸ ਸ਼ਬਦ ਦੇ ਨਾਲ ਵਰਤਿਆ ਜਾਂਦਾ ਹੈ, ਉਚਾਰਨ ਵਿਚ ਤੇ ਅਰਥ ਵਿਚ ਉਸ ਉੱਤੇ ਜ਼ੋਰ ਦੇਈਦਾ ਹੈ ।
    ਇਸ ਉਪਰਲੀ ਤੁਕ ਵਿਚ ਸ਼ਬਦ ‘ਦਾਰੂ’ ਨੂੰ ਬਾਕੀ ਸ਼ਬਦਾਂ ਨਾਲੋਂ ਵਧੀਕ ਜ਼ੋਰ ਦੇ ਕੇ ਪੜ੍ਹਨਾ ਹੈ ।
    ਇਸ ਤ੍ਰਹਾਂ ਪਾਠ ਕਰਨ ਦੇ ਨਾਲ ਹੀ ਇਸ ਦਾ ਅਰਥ ਭੀ ਖੁਲ੍ਹ ਜਾਂਦਾ ਹੈ ।
    ਕਈ ਸੱਜਣ ਪਾਠ ਵੇਲੇ ਸ਼ਬਦ ‘ਇਸੁ’ ਉੱਤੇ ਜ਼ੋਰ ਦੇਂਦੇ ਹਨ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਅਰਥ ਕਰਨ ਵੇਲੇ ਅੌਝੜੇ ਪੈ ਜਾਈਦਾ ਹੈ, ਕਿਉਂਕਿ ਵਧੀਕ ਧਿਆਨ ਸ਼ਬਦ ‘ਇਸੁ’ ਵਲ ਰਹਿੰਦਾ ਹੈ ।
    ਇਹੀ ਕਾਰਨਹੈ ਕਿ ਕਈ ਸੱਜਣ ਇਸ ਤੁਕ ਦਾ ਅਰਥ ਕਰਨ ਵੇਲੇ ਇਹ ਪੁੱਛਦੇ ਸੁਣੀਦੇ ਹਨ ਕਿ ‘ਇਸ ਹਉਮੈ ਦੇ ਵਿਚ ਹੀ ਦਾਰੂ ਕਿਸ ਤ੍ਰਹਾਂ ਹੈ’ ।} ਨਾਨਕੁ ਕਹੈ—ਆਖਦਾ ਹੈ ।
ਇਤੁ ਸੰਜਮਿ = ਇਸ ਜੁਗਤੀ ਨਾਲ ।
    
Sahib Singh
‘ਹਉਮੈ’ ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ ।
ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ ।
(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ ।
(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ) ।
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ ।
ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ ।
ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ ।੨ ।
Follow us on Twitter Facebook Tumblr Reddit Instagram Youtube