ਪਉੜੀ ॥
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥੬॥

Sahib Singh
ਨੋਟ: = ‘ਪਾਇਓ’ ਤੇ ‘ਪਾਇਆ’ ਦੇ ਅਰਥ ਇਹ ਕਰਨੇ ਕਿ ਪਿਛਲੇ ਸਮੇ ਵਿਚ ‘ਪਾਇਆ’ ਤੇ ‘ਹੁਣ ਪਾਇਆ’ ਵਿਆਕਰਣ ਅਨੁਸਾਰ ਅਸ਼ੁੱਧ ਹਨ ।
    ਪਾਇਓ ਤੇ ਪਾਇਆ ਦੋਵੇਂ ਹੀ ਭੂਤ ਕਾਲ ਦੇ ਰੂਪ ਹਨ, ਦੋਹਾਂ ਦਾ ਇਕੋ ਹੀ ਅਰਥ ਹੈ ।
    (ਵੇਖੋ ‘ਗੁਰਬਾਣੀ ਵਿਆਕਰਣ’) ।
    ਦੋ ਵਾਰੀ ਉਹੋ ਗੱਲ ਆਖਣ ਨਾਲ ਇਸ ਖਿ਼ਆਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਗੁਰੂ ਤੋਂ ਬਿਨਾ ਕਿਸੇ ਨੂੰ ਰੱਬ ਨਹੀਂ ਮਿਲਿਆ ।
ਕਿਨੈ = ਕਿਨਿ ਹੀ, ਕਿਸੇ ਨੇ ਹੀ ।
ਪਾਇਓ = ਪਾਇਆ ।
ਰਖਿਓਨੁ = ਉਸ ਨੇ ਰੱਖ ਦਿੱਤਾ ਹੈ (ਇਸ ਕਿ੍ਰਆ-ਰੂਪ ਨੂੰ ਸਮਝਣ ਵਾਸਤੇ ਵੇਖੋ ‘ਗੁਰਬਾਣੀ ਵਿਆਕਰਣ’) ।
ਸਤਿਗੁਰ ਮਿਲਿਐ = ਜੇ (ਇਹੋ ਜਿਹਾ) ਗੁਰੂ ਮਿਲ ਪਏ ।
ਜਿਨਿ = ਜਿਸ (ਮਨੁੱਖ) ਨੇ ।
ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦੀ ਜਾਨ (ਪ੍ਰਭੂ) ।
    
Sahib Singh
ਕਿਸੇ ਮਨੁੱਖ ਨੂੰ (‘ਜਗ ਜੀਵਨੁ ਦਾਤਾ’) ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ (‘ਜਗ ਜੀਵਨ ਦਾਤਾ’) ਨਹੀਂ ਮਿਲਿਆ ।
(ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ ।
ਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ ।
(ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ ।੬ ।
Follow us on Twitter Facebook Tumblr Reddit Instagram Youtube