ਪਉੜੀ ॥
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
ਕੋ ਰਹੈ ਨ ਭਰੀਐ ਪਾਈਐ ॥੫॥

Sahib Singh
ਨਾਇ ਲਇਐ = ਜੇ (ਤੇਰਾ) ਨਾਮ ਸਿਮਰੀਏ ।
ਪਿੰਡੁ = ਸਰੀਰ ।
ਤਿਸ ਦਾ = ਉਸ (ਰੱਬ) ਦਾ ।
ਖਾਜੇ = ਖਾਜ, ਖ਼ੁਰਾਕ, ਭੋਜਨ ।
ਲੋੜਹਿ = ਤੂੰ ਲੋੜਦਾ ਹੈਂ, ਤੂੰ ਚਾਹੁੰਦਾ ਹੈਂ ।
ਕਰਿ ਪੁੰਨਹੁ = ਭਲਿਆਈ ਕਰ ਕੇ ।
ਜਰਵਾਣਾ = ਬਲਵਾਨ ।
ਜਰੁ = ਬੁਢੇਪਾ ।
ਪਰਹਰੈ = ਛੱਡਣਾ ਚਾਹੁੰਦਾ ਹੈ ।
ਵੇਸ ਕਰੇਦੀ = ਵੇਸ ਧਾਰ ਧਾਰ ਕੇ ।
ਆਈਐ = (ਬੁਢੇਪਾ) ਆ ਰਿਹਾ ਹੈ ।
ਭਰੀਐ ਪਾਈਐ = ਜਦੋਂ ਪਾਈ ਭਰੀ ਜਾਂਦੀ ਹੈ, ਜਦੋਂ ਸੁਆਸ ਪੂਰੇ ਹੋ ਜਾਂਦੇ ਹਨ ।
    
Sahib Singh
(ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ ।
ਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ) ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ ।
ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ ।
ਜੇ (ਕੋਈ ਜੀਵ) ਬੁਢੇਪੇ ਨੂੰ ਪਰੇ ਹਟਾਉਣਾ ਚਾਹੇ (ਭਾਵ, ਬੁਢੇਪੇ ਤੋਂ ਬਚਣਾ ਚਾਹੇ, ਤਾਂ ਇਹ ਜਤਨ ਫ਼ਜ਼ੂਲ ਹੈ) ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ ।
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਤਾਂ ਕੋਈ ਜੀਵ ਇੱਥੇ ਰਹਿ ਨਹੀਂ ਸਕਦਾ ।੫ ।
Follow us on Twitter Facebook Tumblr Reddit Instagram Youtube