ਸਲੋਕ ਮਃ ੧ ॥
ਘੜੀਆ ਸਭੇ ਗੋਪੀਆ ਪਹਰ ਕੰਨ੍ਹ ਗੋਪਾਲ ॥
ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥
ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥
ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥

Sahib Singh
ਘੜੀਆ = ਜਿਵੇਂ ਸੰਸਕ੍ਰਿਤ ‘ਘਟ’ ਤੋਂ ‘ਘੜਾ’ ਪੰਜਾਬੀ ਸ਼ਬਦ ਹੈ, ਜਿਵੇਂ ਸੰਸਕ੍ਰਿਤ ‘ਕਟਕ’ ਤੋਂ ‘ਕੜਾ’ ਪੰਜਾਬੀ ਹੈ, ਤਿਵੇਂ ਸੰਸਕ੍ਰਿਤ ‘ਘਟਿਕਾ’ ਤੋਂ ਪੰਜਾਬੀ ਵਿਚ ‘ਘੜੀ’ ਹੈ ।
    ‘ਘੜੀ’ ਸਮੇ ਦੀ ਇਕ ਵੰਡ ਦਾ ਨਾਉਂ ਹੈ, ਜੋ ੨੪ ਮਿੰਟਾਂ ਦੇ ਬਰਾਬਰ ਹੁੰਦੀ ਹੈ ।
ਗੋਪੀ = ਗਾਈਆਂ ਦੀ ਰਾਖੀ ਕਰਨ ਵਾਲੀ, ਗੁਜਰਾਣੀ ।
    ਇਹ ਸ਼ਬਦ ‘ਗੋਪੀ’ ਖ਼ਾਸ ਤੌਰ ਤੇ ਬਿੰਦ੍ਰਾਬਨ ਦੀਆਂ ਗੁਜਰਾਣੀਆਂ ਵਾਸਤੇ ਵਰਤਿਆ ਜਾਂਦਾ ਹੈ ਜੋ ਕਿ੍ਰਸ਼ਨ ਜੀ ਦੇ ਗੋਕਲ ਰਹਿਣ ਦੇ ਸਮੇ ਉਹਨਾਂ ਨਾਲ ਖੇਡਿਆ ਕਰਦੀਆਂ ਸਨ ।
    ਕਿ੍ਰਸ਼ਨ ਜੀ ਦਾ ਜਨਮ ਤਾਂ ਮਥਰਾ ਵਿਚ ਹੋਇਆ ਸੀ, ਜੋ ਹਿੰਦੂ ਮਤ ਅਨੁਸਾਰ ਭਾਰਤ ਦੀਆਂ ਸਭ ਤੋਂ ਵਧੀਕ ਸੱਤ ਪਵਿੱਤਰ ਨਗਰੀਆਂ ਵਿਚੋਂ ਇਕ ਹੈ ।
    ਉਹ ਸੱਤ ਨਗਰੀਆਂ ਇਹ ਹਨ:- ਅਜੁਧਿਆ, ਮਥਰਾ, ਮਾਯਾ, ਕਾਂਸੀ, ਕਾਂਚੀ, ਅਵੰਤਿਕਾ ਅਤੇ ਪੁਰੀ ।
ਪਹਰ = ਸਾਰੇ ਦਿਨ ਦਾ ਅਠਵਾਂ ਹਿੱਸਾ, ਜੋ ੩ ਘੰਟੇ ਦੇ ਬਰਾਬਰ ਹੁੰਦਾ ਹੈ ।
ਕੰਨ@ = ਸੰਸਕ੍ਰਿਤ ਸ਼ਬਦ ‘ਕਿ੍ਰਸ਼ਨ’ ਦਾ ਪ੍ਰਾਕਿ੍ਰਤ ਰੂਪ ਹੈ ।
ਗੋਪਾਲ = ਕਿ੍ਰਸ਼ਨ ਜੀ ਦਾ ਨਾਮ ਹੈ ।
ਬੈਸੰਤਰੁ = ਅੱਗ ।
ਮੁਸੈ = ਠੱਗੀ ਜਾ ਰਹੀ ਹੈ ।
ਵਿਹੂਣੀ = ਸੱਖਣੀ, ਖ਼ਾਲੀ ।
    
Sahib Singh
(ਸਾਰੀਆਂ) ਘੜੀਆਂ (ਮਾਨੋ) ਗੋਪੀਆਂ ਹਨ; (ਦਿਨ ਦੇ ਸਾਰੇ) ਪਹਿਰ, (ਮਾਨੋ) ਕਾਨ੍ਹ ਹਨ; ਪਉਣ ਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ) ।
(ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ) ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ ।
ਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ ।
(ਮਾਇਆ ਦੀ ਇਸ ਰਾਸ ਵਿਚ) ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ।੧ ।
ਭਾਵ—ਇਹ ਜਗਤ ਰੱਬ ਦੀ ਨਿਰਤਕਾਰੀ ਦਾ ਥਾਂ ਹੈ, ਇਸ ਵਿਚ ਪਉਣ, ਪਾਣੀ ਅਗਨੀ, ਧਰਤੀ ਆਦਿਕ ਤੱਤਾਂ ਤੋਂ ਬਣੇ ਹੋਏ ਸੋਹਣੇ ਪਦਾਰਥ ਤੱਕ ਕੇ ਜੀਵ ਮੋਹਿਤ ਹੋ ਰਹੇ ਹਨ, ਤੇ ਆਪਣੀ ਉਮਰ ਇਸੇ ਮਸਤੀ ਵਿਚ ਹੀ ਵਿਅਰਥ ਗਵਾ ਰਹੇ ਹਨ ।
Follow us on Twitter Facebook Tumblr Reddit Instagram Youtube