ਮਃ ੧ ॥
ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥
ਕੇਤੀਆ ਕੰਨ੍ਹ ਕਹਾਣੀਆ ਕੇਤੇ ਬੇਦ ਬੀਚਾਰ ॥
ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥
ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥
ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥
ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥
ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥

Sahib Singh
ਹੋਰਿ = (ਨਿਰੰਕਾਰ ਤੋਂ ਬਿਨਾ) ਹੋਰ ਸਾਰੇ ।
ਰਵਾਲ = ਧੂੜ, (ਭਾਵ) ਤੁੱਛ ।
ਕੇਤੀਆ = ਕਿੰਨੀਆਂ ਹੀ; ਬੇਅੰਤ ।
ਕੰਨ@ ਕਹਾਣੀਆ = ਕਿ੍ਰਸ਼ਨ ਜੀ ਦੀਆਂ ਕਹਾਣੀਆਂ ।
ਗਿੜਿ ਮੁੜਿ = ਭਉਂ ਭਉਂ ਕੇ, ਪਰਤ ਪਰਤ ਕੇ ।
ਬਾਜਾਰੀ = ਰਾਸਧਾਰੀਏ ।
ਆਇ ਕਢਹਿ ਬਾਜਾਰ = ਆ ਕੇ ਰਾਸਾਂ ਪਾਉਂਦੇ ਹਨ ।
ਆਲ = ਚਾਲ, ਠੱਗੀ ।
ਆਲ ਪਤਾਲ = ਪਤਾਲ ਦੇ ਆਲ, ਬੜੇ ਡੂੰਘੇ ਚਾਲਾਂ ਦੇ ਬਚਨ, ਉਹ ਬਚਨ ਜੋ ਦੂਜਿਆਂ ਦੀ ਸਮਝ ਵਿਚ ਨਾਹ ਆਉਣ ।
ਮੁੰਦੜੇ = ਸੋਹਣੇ ਸੋਹਣੇ ਵਾਲੇ ।
ਜਿਤੁ ਤਨਿ = ਜਿਸ ਜਿਸ ਸਰੀਰ ਉੱਤੇ ।
ਪਾਈਅਹਿ = ਪਾਏ ਜਾਂਦੇ ਹਨ ।
ਗਲੀਈ = ਗੱਲਾਂ ਦੀ ਰਾਹੀਂ ।
ਕਥਨਾ = ਬਿਆਨ ਕਰਨਾ ।
ਸਾਰੁ = ਲੋਹਾ ।
ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ ।
ਹਿਕਮਤਿ = ਚਲਾਕੀ, ਢੰਗ ।
    
Sahib Singh
ਹੇ ਨਾਨਕ! ਇਕ ਨਿਰੰਕਾਰ ਹੀ ਭੈ-ਰਹਿਤ ਹੈ, (ਅਵਤਾਰੀ) ਰਾਮ (ਜੀ) ਵਰਗੇ ਕਈ ਹੋਰ (ਉਸ ਨਿਰੰਕਾਰ ਦੇ ਸਾਮ੍ਹਣੇ) ਤੁੱਛ ਹਨ; (ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਤੇ) ਕਿ੍ਰਸ਼ਨ (ਜੀ) ਦੀਆਂ ਕਈ ਸਾਖੀਆਂ ਤੇ ਵੇਦਾਂ ਦੇ ਕਈ ਵੀਚਾਰ ਭੀ ਤੁੱਛ ਹਨ ।
(ਉਸ ਨਿਰੰਕਾਰ ਦਾ ਗਿਆਨ ਪ੍ਰਾਪਤ ਕਰਨ ਲਈ) ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਤੇ ਕਈ ਤ੍ਰਹਾਂ ਦੇ ਤਾਲ ਪੂਰਦੇ ਹਨ, ਰਾਸਧਾਰੀਏ ਭੀ ਬਜ਼ਾਰਾਂ ਵਿਚ ਆ ਕੇ ਰਾਸਾਂ ਪਾਂਦੇ ਹਨ, ਰਾਜਿਆਂ ਤੇ ਰਾਣੀਆਂ ਦੇ ਸਰੂਪ ਬਣਾ ਬਣਾ ਕੇ ਗਾਉਂਦੇ ਹਨ ਤੇ (ਮੂੰਹੋਂ) ਕਈ ਢੰਗਾਂ ਦੇ ਬਚਨ ਬੋਲਦੇ ਹਨ, ਲੱਖਾਂ ਰੁਪਇਆਂ ਦੇ (ਭਾਵ, ਕੀਮਤੀ) ਵਾਲੇ ਤੇ ਹਾਰ ਪਾਂਦੇ ਹਨ; ਪਰ, ਹੇ ਨਾਨਕ! (ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਇਹ ਵਾਲੇ ਤੇ ਹਾਰ ਤਾਂ) ਜਿਸ ਜਿਸ ਸਰੀਰ ਉੱਤੇ ਪਾਈਦੇ ਹਨ, ਉਹ ਸਰੀਰ (ਅੰਤ ਨੂੰ) ਸੁਆਹ ਹੋ ਜਾਂਦੇ ਹਨ (ਤੇ ਇਸ ਗਾਉਣ ਨੱਚਣ ਨਾਲ, ਇਹਨਾਂ ਵਾਲਿਆਂ ਤੇ ਹਾਰਾਂ ਦੇ ਪਹਿਨਣ ਨਾਲ ‘ਗਿਆਨ’ ਕਿਵੇਂ ਮਿਲ ਸਕਦਾ ਹੈ?) ਗਿਆਨ ਨਿਰੀਆਂ ਗੱਲਾਂ ਨਾਲ ਨਹੀਂ ਭਾਲਿਆ ਜਾ ਸਕਦਾ, (ਗਿਆਨ ਕਿਵੇਂ ਮਿਲ ਸਕਦਾ ਹੈ—ਇਸ ਗੱਲ ਦਾ) ਬਿਆਨ ਕਰਨਾ ਇਉਂ ਕਰੜਾ ਹੈ ਜਿਵੇਂ ਲੋਹਾ (ਭਾਵ, ਬਹੁਤ ਅੌਖਾ ਹੈ) ।
(ਹਾਂ) ਰੱਬ ਦੀ ਮੇਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ, (ਮੇਹਰ ਤੋਂ ਬਿਨਾ ਕੋਈ) ਹੋਰ ਚਾਰਾਜੋਈ ਤੇ ਹੁਕਮ (ਵਰਤਣਾ) ਵਿਅਰਥ ਹੈ ।੨ ।
Follow us on Twitter Facebook Tumblr Reddit Instagram Youtube