ਮਃ ੧ ॥
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਿਆਰੁ ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥

Sahib Singh
ਕੁਦਰਤਿ = ਕਲਾ, ਵਿਡਾਣੁ, ਅਚਰਜ ਤਮਾਸ਼ਾ ।
ਦਿਸੈ = ਜੋ ਕੁਝ ਦਿੱਸ ਰਿਹਾ ਹੈ ।
ਸੁਖ ਸਾਰੁ = ਸੁੱਖਾਂ ਦਾ ਸਾਰ ।
ਸਰਬ ਆਕਾਰੁ = ਸਾਰਾ ਦਿ੍ਰਸ਼ਟਮਾਨ ਸਰੂਪ, ਸਾਰਾ ਜਗਤ ।
ਕਤੇਬਾਂ = ਮੁਸਲਮਾਨਾਂ ਅਤੇ ਈਸਾਈਆਂ ਦੀਆਂ ਧਰਮ-ਪੁਸਤਕਾਂ ।
ਸਰਬ ਵੀਚਾਰੁ = ਸਾਰਾ ਵਿਚਾਰ, ਸਾਰੀ ਵਿਚਾਰ-ਸੱਤਾ ।
ਜੀਅ ਜਹਾਨ = ਜਗਤ ਦੇ ਜੀਵਾਂ ਵਿਚ ।
ਮਾਨੁ = ਆਦਰ ।
ਅਭਿਮਾਨੁ = ਅਹੰਕਾਰ ।
ਬੈਸੰਤਰੁ = ਅੱਗ ।
ਪਾਕੀ = ਪਵਿੱਤਰ ।
ਨਾਈ = ਵਡਿਆਈ, ਸਿਫ਼ਤ ।
ਪਾਕੁ = (ਤੂੰ ਆਪ) ਪਵਿੱਤਰ (ਹੈਂ) ।
ਵੇਖੈ = ਸੰਭਾਲ ਕਰਦਾ ਹੈ ।
ਤਾਕੋ ਤਾਕੁ = ਇਕੱਲਾ ਆਪ ਹੀ ਆਪ ।
ਵਰਤੈ = ਵਰਤ ਰਿਹਾ ਹੈ, ਮੌਜੂਦ ਹੈ ।
    
Sahib Singh
(ਹੇ ਪ੍ਰਭੂ!) ਜੋ ਕੁਝ ਦਿੱਸ ਰਿਹਾ ਹੈ ਤੇ ਜੋ ਕੁਝ ਸੁਣੀ ਆ ਰਿਹਾ ਹੈ, ਇਹ ਸਭ ਤੇਰੀ ਹੀ ਕਲਾ ਹੈ; ਇਹ ਭਉ ਜੋ ਸੁਖਾਂ ਦਾ ਮੂਲ ਹੈ, ਇਹ ਭੀ ਤੇਰੀ ਕੁਦਰਤ ਹੈ ।
ਪਤਾਲਾਂ ਤੇ ਅਕਾਸ਼ਾਂ ਵਿਚ ਤੇਰੀ ਹੀ ਕੁਦਰਤ ਹੈ, ਇਹ ਸਾਰਾ ਅਕਾਰ (ਭਾਵ, ਇਹ ਸਾਰਾ ਜਗਤ ਜੋ ਦਿੱਸ ਰਿਹਾ ਹੈ) ਤੇਰੀ ਹੀ ਅਚਰਜ ਖੇਡ ਹੈ ।
ਵੇਦ, ਪੁਰਾਣ ਤੇ ਕਤੇਬਾਂ, (ਹੋਰ ਭੀ) ਸਾਰੀ ਵਿਚਾਰ-ਸੱਤਾ ਤੇਰੀ ਹੀ ਕਲਾ ਹੈ; (ਜੀਵਾਂ ਦਾ) ਖਾਣ, ਪੀਣ, ਪੈਨ੍ਹਣ (ਦਾ ਵਿਹਾਰ) ਅਤੇ (ਜਗਤ ਵਿਚ) ਸਾਰਾ ਪਿਆਰ (ਦਾ ਜਜ਼ਬਾ) ਇਹ ਸਭ ਤੇਰੀ ਕੁਦਰਤ ਹੈ ।
ਜਾਤਾਂ ਵਿਚ, ਜਿਨਸਾਂ ਵਿਚ, ਰੰਗਾਂ ਵਿਚ, ਜਗਤ ਦੇ ਜੀਵਾਂ ਵਿਚ ਤੇਰੀ ਹੀ ਕੁਦਰਤ ਵਰਤ ਰਹੀ ਹੈ, (ਜਗਤ ਵਿਚ) ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ; ਕਿਤੇ ਕਿਸੇ ਦਾ ਆਦਰ ਹੋ ਰਿਹਾ ਹੈ, ਕਿਤੇ ਅਹੰਕਾਰ ਪਰਧਾਨ ਹੈ—ਇਹ ਤੇਰਾ ਅਚਰਜ ਕੌਤਕ ਹੈ ।
ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ ।
(ਹੇ ਪ੍ਰਭੂ!) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ ।
ਹੇ ਨਾਨਕ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ,(ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ ।੨ ।
Follow us on Twitter Facebook Tumblr Reddit Instagram Youtube