ਪਉੜੀ ॥
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹੈ ਦੋਜਕਿ ਚਾਲਿਆ ॥
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
ਲਿਖਿ ਨਾਵੈ ਧਰਮੁ ਬਹਾਲਿਆ ॥੨॥

Sahib Singh
ਜੀਅ ਉਪਾਇ ਕੈ = ਜੀਵਾਂ ਨੂੰ ਪੈਦਾ ਕਰ ਕੇ ।
ਧਰਮੁ = ਧਰਮ ਰਾਜ ।
ਲਿਖਿ ਨਾਵੈ = ਨਾਵਾਂ ਲਿਖਣ ਲਈ, ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਲਈ ।
ਓਥੈ = ਉਸ ਧਰਮ = ਰਾਜ ਦੇ ਅੱਗੇ ।
ਨਿਬੜੈ = ਨਿਬੜਦੀ ਹੈ ।
ਚੁਣਿ = ਚੁਣ ਕੇ ।
ਜਜਮਾਲਿਆ = ਜਜ਼ਾਮੀ ਜੀਵ, ਕੋਹੜੇ ਜੀਵ, ਗੰਦੇ ਜੀਵ, ਮੰਦ-ਕਰਮੀ ਜੀਵ ।
ਸਚੇ ਹੀ ਸਚਿ = ਨਿਰੋਲ ਸੱਚ ਹੀ ਰਾਹੀਂ, ਭਾਵ, ਓਥੇ ਨਿਬੇੜੇ ਦਾ ਮਾਪ ‘ਨਿਰੋਲ ਸਚੁ’ ਹੈ ।ਨੋਟ:- ਇਸ ਪਉੜੀ ਦੀ ਦੂਜੀ ਤੁਕ ਦਾ ਪਾਠ ਆਮ ਤੌਰ ਤੇ ਗ਼ਲਤ ਕੀਤਾ ਜਾ ਰਿਹਾ ਹੈ, ‘ਸਚੇ ਹੀ ਸਚਿ’ ਦੇ ਥਾਂ ‘ਸਚੋ ਹੀ ਸਚੁ’ ਪਰਚਲਤ ਹੋ ਗਿਆ ਹੈ ।
    ਵਿਆਕਰਣ ਤੋਂ ਨਾਵਾਕਫ਼ ਹੋਣ ਦੇ ਕਾਰਣ ‘ਸਚੇ ਹੀ ਸਚਿ’ ਅਸ਼ੁੱਧ ਪਰਤੀਤ ਹੋਣ ਲੱਗ ਪਿਆ ।
    ਸ਼ਾਇਦ ਕਿਸੇ ਸੱਜਣ ਨੂੰ ਇਹ ਖਿ਼ਆਲ ਭੀ ਆਇਆ ਹੋਵੇ ਕਿ ਛਾਪੇ ਵਿਚ ਗ਼ਲਤੀ ਨਾਲ ‘ਸਚੇ ਹੀ ਸਚਿ’ ਛਪ ਗਿਆ ਹੈ, ਚਾਹੀਦਾ ‘ਸਚੋ ਹੀ ਸਚੁ’ ਸੀ ।
    ਕਈ ਸੱਜਣ ਗੁਟਕਿਆਂ ਵਿਚ ਅਤੇ ਟੀਕਿਆਂ ਵਿਚ ‘ਸਚੇ ਹੀ ਸਚਿ’ ਦੇ ਥਾਂ ‘ਸਚੋ ਹੀ ਸਚੁ’ ਛਾਪਣ ਲੱਗ ਪਏ ਹਨ ।
ਥਾਉ ਨ ਪਾਇਨਿ = ਥਾਂ ਨਹੀਂ ਪਾਂਦੇ ।
ਮੁਹ ਕਾਲ@ੈ = ਮੂੰਹ ਕਾਲੇ ਨਾਲ, ਮੂੰਹ ਕਾਲਾ ਕਰ ਕੇ ।
ਦੋਜਕਿ = ਦੋਜ਼ਕ ਵਿਚ ।
ਚਾਲਿਆ = ਧੱਕੇ ਜਾਂਦੇ ਹਨ, ਪਾਏ ਜਾਂਦੇ ਹਨ ।
ਤੇਰੈ ਨਾਇ = ਤੇਰੇ ਨਾਮ ਵਿਚ ।
ਜਿਣਿ = ਜਿੱਤ ਕੇ ।
ਹਾਰਿ = (ਬਾਜ਼ੀ) ਹਾਰ ਕੇ ।
ਸਿ = ਉਹ ਮਨੁੱਖ ।
ਠਗਣ ਵਾਲਿਆ = ਠੱਗਣ ਵਾਲੇ ਮਨੁੱਖ, ਵਲ-ਫਰੇਬ ਕਰਨ ਵਾਲੇ ਮਨੁੱਖ ।੨ ।
    
Sahib Singh
ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ ।
ਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ ‘ਨਿਰੋਲ ਸਚੁ’ ਹੈ, ਜਿਨ੍ਹਾਂ ਦੇ ਪੱਲੇ ‘ਸਚੁ’ ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ ।
ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ ।
(ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ ।
(ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ ।੨ ।
Follow us on Twitter Facebook Tumblr Reddit Instagram Youtube