ਮਃ ੧ ॥
ਵਡੀ ਵਡਿਆਈ ਜਾ ਵਡਾ ਨਾਉ ॥
ਵਡੀ ਵਡਿਆਈ ਜਾ ਸਚੁ ਨਿਆਉ ॥
ਵਡੀ ਵਡਿਆਈ ਜਾ ਨਿਹਚਲ ਥਾਉ ॥
ਵਡੀ ਵਡਿਆਈ ਜਾਣੈ ਆਲਾਉ ॥
ਵਡੀ ਵਡਿਆਈ ਬੁਝੈ ਸਭਿ ਭਾਉ ॥
ਵਡੀ ਵਡਿਆਈ ਜਾ ਪੁਛਿ ਨ ਦਾਤਿ ॥
ਵਡੀ ਵਡਿਆਈ ਜਾ ਆਪੇ ਆਪਿ ॥
ਨਾਨਕ ਕਾਰ ਨ ਕਥਨੀ ਜਾਇ ॥
ਕੀਤਾ ਕਰਣਾ ਸਰਬ ਰਜਾਇ ॥੨॥

Sahib Singh
ਜਾ = ਜਿਸ ਦਾ, ਜਿਸ ਪ੍ਰਭੂ ਦਾ, ਕਿ ਉਸ ਪ੍ਰਭੂ ਦਾ ।
ਨਾਉ = ਨਾਮ, ਨਾਮਣਾ, ਜਸ ।
ਨਿਹਚਲ = ਅਚੱਲ, ਨਾ ਚੱਲਣ ਵਾਲਾ, ਅਬਿਨਾਸੀ ।
ਆਲਾਉ = ਅਲਾਪ, ਜੀਵਾਂ ਦੇ ਅਲਾਪ, ਜੀਵਾਂ ਦੇ ਬਚਨ, ਜੋ ਕੁਝ ਜੀਵ ਬੋਲਦੇ ਹਨ, ਜੀਆਂ ਦੀਆਂ ਅਰਦਾਸਾਂ ।
ਭਾਉ = ਵਲਵਲੇ, ਤਰੰਗ ।
ਜਾ = ਕਿ ਉਹ ।
ਪੁਛਿ = (ਕਿਸੇ ਨੂੰ) ਪੁੱਛ ਕੇ ।
ਆਪੇ ਆਪਿ = ਆਪ ਹੀ ਆਪ ਹੈ, ਭਾਵ, ਸੁਤੰਤਰ ਹੈ ।
ਕਾਰ = ਉਸ ਦਾ ਰਚਿਆ ਹੋਇਆ ਇਹ ਸਾਰਾ ਖੇਲ, ਉਸ ਦੀ ਕੁਦਰਤੀ ਕਲਾ ।
ਕੀਤਾ ਕਰਣਾ = ਉਸ ਦੀ ਰਚੀ ਹੋਈ ਸਿ੍ਰਸ਼ਟੀ ।
ਰਜਾਇ = ਰੱਬ ਦੇ ਹੁਕਮ ਵਿਚ ।
    
Sahib Singh
ਉਸ ਪ੍ਰਭੂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮਣਾ ਵੱਡਾ ਹੈ ।
ਪ੍ਰਭੂ ਦਾ ਇਹ ਇਕ ਵੱਡਾ ਗੁਣ ਹੈ ਕਿ ਉਸ ਦਾ ਨਾਉਂ (ਸਦਾ) ਅਟੱਲ ਹੈ ।
ਉਸ ਦੀ ਇਹ ਇਕ ਵੱਡੀ ਸਿਫ਼ਤ ਹੈ ਕਿ ਉਸ ਦਾ ਆਸਣ ਅਡੋਲ ਹੈ ।
ਪ੍ਰਭੂ ਦੀ ਇਹ ਇਕ ਬੜੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ ਅਤੇ ਸਾਰਿਆਂ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ ।
ਰੱਬ ਦੀ ਇਹ ਇਕ ਉੱਚੀ ਸਿਫ਼ਤ ਹੈ ਕਿ ਕਿਸੇ ਦੀ ਸਲਾਹ ਲੈ ਕੇ (ਜੀਵਾਂ ਨੂੰ) ਦਾਤਾਂ ਨਹੀਂ ਦੇ ਰਿਹਾ (ਆਪਣੇ ਆਪ ਬੇਅੰਤ ਦਾਤਾਂ ਬਖ਼ਸ਼ਦਾ ਹੈ) (ਕਿਉਂਕਿ) ਉਸ ਵਰਗਾ ਹੋਰ ਕੋਈ ਨਹੀਂ ਹੈ ।
ਹੇ ਨਾਨਕ! ਰੱਬ ਦੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਸਾਰੀ ਰਚਨਾ ਉਸ ਆਪਣੇ ਹੁਕਮ ਵਿਚ ਰਚੀ ਹੈ ।੨ ।
Follow us on Twitter Facebook Tumblr Reddit Instagram Youtube