ਮਃ ੧ ॥
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥

Sahib Singh
ਨਾਨਕ = ਹੇ ਨਾਨਕ !
ਨ ਚੇਤਨੀ = ਨਹੀਂ ਚੇਤਦੇ ।
ਮਨਿ ਆਪਣੈ = ਆਪਣੇ ਮਨ ਵਿਚ ।
ਤਿਲ ਬੂਆੜ ਜਿਉ = ਬੂਆੜ ਤਿਲਾਂ ਵਾਂਗ ।
ਛੁਟੇ = ਛੁੱਟੜ ਪਏ ਹਨ ।
ਛੁਟਿਆ = ਛੁੱਟੜ ਪਏ ਹੋਇਆਂ ਦੇ ।
ਸਉ = (ਇਕ) ਸੌ ।
ਨਾਹ = ਖਸਮ ।
ਬਪੁੜੇ = ਵਿਚਾਰੇ ।
ਬੂਆੜ = ਸੜਿਆ ਹੋਇਆ (ਸ: ÒਯੁÕਟ) ।ਨੋਟ:- ਉਪਰਲੇ ਸਲੋਕ ਨੰ: ੨ ਵਿਚ ‘ਸਉ ਚੰਦਾ’ ਪਦ ਆਇਆ ਹੈ ।
    ਇਸ ਸਲੋਕ ਵਿਚ ‘ਸਉ ਨਾਹ’ ਪਦ ਵਰਤਿਆ ਗਿਆ ਹੈ ।
    ਕਈ ਸੱਜਣ ਪਹਿਲੇ ‘ਸਉ’ ਦਾ ਅਰਥ ‘ਸੈਂਕੜਾ’ ਕਰਦੇ ਹਨ ਅਤੇ ਦੂਜੇ ‘ਸਉ’ ਦਾ ਅਰਥ ‘ਸ਼ਹੁ’ ‘ਖਸਮ’ ਕਰਦੇ ਹਨ ।
    ਇਹ ਉੱਕਾ ਹੀ ਅਸ਼ੁੱਧ ਹੈ ।
    ਦੋਹੀ ਥਾਂਈ ਸ਼ਬਦ ‘ਸਉ’ ਦਾ ਜੋੜ ਇਕੋ ਹੀ ਹੈ ।
    ਦੂਜੇ ਥਾਂ ‘ਸਉ’ ਦਾ ਉਚਾਰਨ ਕਰਨ ਵੇਲੇ ‘ਹ’ ਦਾ ਉਚਾਰਨ ਕਰ ਕੇ ‘ਸਹੁ’ ਆਖਣਾ ਵੱਡੀ ਭੁੱਲ ਹੈ ।
    ਇਸ ਦੂਜੇ ‘ਸਉ’ ਦਾ ਉਚਾਰਨ ਤੇ ਅਰਥ ‘ਸਹੁ’ ਕਰਨ ਵਾਲੇ ਸੱਜਣ ਸ਼ਬਦ ‘ਨਾਹ’ ਦਾ ਅਰਥ ‘ਨਹੀਂ’ ਕਰਦੇ ਹਨ ।
    ਇਕ ਇਹ ਹੋਰ ਭੁੱਲ ਹੈ ।
    ਇਸ ਤ੍ਰਹਾਂ ਉਹ ਸਜਣ ਇਸ ਸ਼ਬਦ ‘ਨਾਹ’ ਨੂੰ ਕਿ੍ਰਆ-ਵਿਸ਼ੇਸ਼ਣ (ਅਦਵੲਰਬ) ਬਣਾ ਦੇਂਦੇ ਹਨ ।
    ਗੁਰਬਾਣੀ ਨੂੰ ਵਿਆਕਰਣ ਅਨੁਸਾਰ ਪੜ੍ਹਨ ਵਾਲੇ ਸੱਜਣ ਜਾਣਦੇ ਹਨ ਕਿ ਜਦੋਂ ਕਦੇ ਇਹ ਸ਼ਬਦ ਕਿ੍ਰਆ-ਵਿਸ਼ੇਸ਼ਣ ਹੋਵੇ, ਤਾਂ ਇਸ ਦਾ ਰੂਪ ‘ਨਾਹਿ’ ਹੁੰਦਾ ਹੈ, ਭਾਵ ਇਸ ਦੇ ਅੰਤ ਵਿਚ ( ਿ) ਹੁੰਦੀ ਹੈ, ਕਿਉਂਕਿ ਇਹ ‘ਨਾਹਿ’ ਸ਼ਬਦ ਅਸਲ ਵਿਚ ਸੰਸਕ੍ਰਿਤ ਦੇ ਦੋ ਸ਼ਬਦਾਂ ‘ਨ’ (ਨ) ਅਤੇ ‘ਹਿ’ (ਹਿ) ਦੇ ਜੋੜ ਤੋਂ ਬਣਿਆ ਹੋਇਆ ਹੈ ।
    ਸ਼ਬਦ ‘ਨਾਹ’ ਸੰਸਕ੍ਰਿਤ ਦੇ ਸ਼ਬਦ ‘ਨਾਥ’ (ਨਾਥ) ਦਾ ਪ੍ਰਾਕਿ੍ਰਤ ਰੂਪ ਹੈ ।
    ‘ਥ’ ਤੋਂ ‘ਹ’ ਕਿਉਂ ਹੋ ਗਿਆ, ਇਸ ਵਿਸ਼ੇ ਉੱਤੇ ‘ਗੁਰਬਾਣੀ ਵਿਆਕਰਣ’ ਵਿਚ ਵਿਸਥਾਰ ਨਾਲ ਵਿਚਾਰ ਕੀਤੀ ਗਈ ਹੈ ।
    ਗੁਰਬਾਣੀ ਵਿਚ ਕਈ ਥਾਈਂ ਸ਼ਬਦ ‘ਨਾਹ’ ਆਇਆ ਹੈ, ਜਿਸ ਦਾ ਅਰਥ ਹੈ ‘ਖਸਮ’ ।
ਨਾਹੁ = ਇਕ ਖਸਮ (ਇਕ = ਵਚਨ, ਸ਼ਨਿਗੁਲੳਰ) ਨਾਹ—(ਬਹੁਤੇ) ਖਸਮ (ਬਹੁ-ਵਚਨ, ਫਲੁਰੳਲ)—ਵੇਖੋ ‘ਗੁਰਬਾਣੀ ਵਿਆਕਰਣ’ ।
    
Sahib Singh
ਹੇ ਨਾਨਕ! (ਜੋ ਮਨੁੱਖ) ਗੁਰੂ ਨੂੰ ਚੇਤੇ ਨਹੀਂ ਕਰਦੇ ਆਪਣੇ ਆਪ ਵਿਚ ਚਤਰ (ਬਣੇ ਹੋਏ) ਹਨ, ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ ।
ਹੇ ਨਾਨਕ! (ਬੇਸ਼ਕ) ਆਖ ਕਿ ਪੈਲੀ ਵਿਚ ਨਿਖਸਮੇ ਪਏ ਹੋਏ ਉਹਨਾਂ ਬੂਆੜ ਤਿਲਾਂ ਦੇ ਸੌ ਖਸਮ ਹਨ, ਉਹ ਵਿਚਾਰੇ ਫੁੱਲਦੇ ਭੀ ਹਨ (ਭਾਵ, ਉਹਨਾਂ ਨੂੰ ਫੁੱਲ ਭੀ ਲੱਗਦੇ ਹਨ), ਫਲਦੇ ਭੀ ਹਨ, ਫੇਰ ਭੀ ਉਹਨਾਂ ਦੇ ਤਨ ਵਿਚ (ਭਾਵ, ਉਹਨਾਂ ਦੀ ਫਲੀ ਵਿਚ ਤਿਲਾਂ ਦੀ ਥਾਂ) ਸੁਆਹ ਹੀ ਹੁੰਦੀ ਹੈ ।

ਨੋਟ: ਸ਼ਬਦ ‘ਸਉ’ ਦਾ ਅਰਥ ‘ਸਹੁ’ ਅਤੇ ‘ਨਾਹ’ ਦਾ ਅਰਥ ‘ਨਾਹਿ’ ਕਰਨ ਵਾਲੇ ਸੱਜਣ ਸ਼ਾਇਦ ਇੱਥੇ ਇਹ ਇਤਰਾਜ਼ ਕਰਨ ਕਿ ਨਿਖਸਮੇ ਬੂਟਿਆਂ ਦੇ ਸੌ ਖਸਮ ਕਿਵੇਂ ਹੋਏ ।
ਇਸ ਦੇ ਉੱਤਰ ਵਿਚ ਕੇਵਲ ਇਹ ਬੇਨਤੀ ਹੈ ਕਿ ਕਿਸੇ ਸੱਜਣ ਦੇ ਆਪਣੇ ਮਨ ਦੇ ਖਿ਼ਆਲਾਂ ਦੀ ਪੁਸ਼ਟੀ ਕਰਨ ਵਾਸਤੇ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਪਰਤੱਖ ਵਿਆਕਰਣ ਦੇ ਉਲਟ ਨਹੀਂ ਕੀਤੇ ਜਾ ਸਕਦੇ ।
ਉਂਞ ਇਹ ਗੱਲ ਹੈ ਭੀ ਬੜੀ ਸਾਫ਼ ।ਕਦੇ ਕਦੇ ਬੇ-ਰੁਤੀ ਵਰਖਾ ਤੇ ਬੱਦਲਾਂ ਦੀ ਲਿਸ਼ਕ ਦੇ ਕਾਰਨ ਛੋਲਿਆਂ ਦੇ ਫ਼ਸਲਾਂ ਦੇ ਫ਼ਸਲ ਸੜ ਜਾਂਦੇ ਹਨ ।
ਨਾ ਤਾ ਉਹਨਾਂ ਵਿਚ ਦਾਣੇ ਹੀ ਪੈਂਦੇ ਹਨ ਅਤੇ ਨਾ ਹੀ ਉਹ ਪਸ਼ੂਆਂ ਦੇ ਖਾਣ ਦੇ ਕੰਮ ਆ ਸਕਦੇ ਹਨ ।
ਜ਼ਿਮੀਦਾਰਾਂ ਪਾਸ ਵਿਹਲ ਨਾਹ ਹੋਣ ਕਰਕੇ, ਉਹ ਫ਼ਸਲ ਨਿਖਸਮੇ ਹੀ ਖੇਤਾਂ ਵਿਚ ਪਏ ਰਹਿੰਦੇ ਹਨ ।
ਤਦੋਂ ਪਿੰਡਾਂ ਦੇ ਕਮੀਣ ਤੇ ਗ਼ਰੀਬ ਲੋੜਵੰਦੇ ਲੋਕ ਰੋਜ਼ ਜਾ ਕੇ ਬਾਲਣ ਵਾਸਤੇ ਭਰੀਆਂ ਦੀਆਂ ਭਰੀਆਂ ਬੰਨ੍ਹ ਕੇ ਲੈ ਆਉਂਦੇ ਹਨ ।
ਉਥੇ ਇਹ ਗੱਲ ਪਰਤੱਖ ਵੇਖੀਦੀ ਹੈ ਕਿ ਇੱਕ ਜ਼ਿਮੀਦਾਰ ਖਸਮ ਦੇ ਨਾ ਹੋਣ ਕਰਕੇ ਕਮੀਣ ਆਦਿਕ ਉਹਨਾਂ ਦੇ ਕਈ ਖਸਮ ਆ ਬਣਦੇ ਹਨ ।
ਇਸੇ ਤ੍ਰਹਾਂ ਜਦੋਂ ਅਸੀ ਆਪਣੇ ਮਨ ਵਿਚ ਚਤਰ ਬਣ ਕੇ ਗੁਰੂ ਨੂੰ ਮਨੋਂ ਵਿਸਾਰ ਦੇਂਦੇ ਹਾਂ, ਗੁਰੂ ਦੀ ਰਾਹਬਰੀ ਦੀ ਲੋੜ ਨਹੀਂ ਸਮਝਦੇ, ਤਾਂ ਕਾਮਾਦਿਕ ਸੌ ਖਸਮ ਇਸ ਮਨ ਦੇ ਆ ਬਣਦੇ ਹਨ, ਭਾਵ, ਮਨ ਕਦੇ ਕਿਸੇ ਵਿਕਾਰ ਅਤੇ ਕਦੇ ਕਿਸੇ ਵਿਕਾਰ ਦਾ ਸ਼ਿਕਾਰ ਪਿਆ ਬਣਦਾ ਹੈ ।
Follow us on Twitter Facebook Tumblr Reddit Instagram Youtube