ਛੰਤ ॥
ਭਿੰਨੀ ਰੈਨੜੀਐ ਚਾਮਕਨਿ ਤਾਰੇ ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥
ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥

ਮੇਰੀ ਸੇਜੜੀਐ ਆਡੰਬਰੁ ਬਣਿਆ ॥
ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥
ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥

ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥
ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥
ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥
ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥
ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥
ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥

ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥
ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥
ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥
ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥
ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥
ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥

Sahib Singh
ਸੇਜੜੀਐ = (ਹਿਰਦੇ ਦੀ) ਸੋਹਣੀ ਸੇਜ ਉੱਤੇ ।
ਆਡੰਬਰੁ = ਸਜਾਵਟ ।
ਮਨਿ = ਮਨ ਵਿਚ ।
ਆਵਤ = ਆਉਂਦਾ ।
ਸੁਖਹਗਾਮੀ = ਸੁਖ ਅਪੜਾਣ ਵਾਲੇ ।
ਚਾਵ = {ਲਫ਼ਜ਼ ‘ਚਾਉ’ ਤੋਂ ਬਹੁ-ਵਚਨ} ।
ਮੰਗਲ = ਖ਼ੁਸ਼ੀਆਂ ।
ਸੰਗਿ = ਨਾਲ ।
ਸਭਿ = ਸਾਰੇ ।
ਹਰੇ = ਹਰਿਆਵਲ = ਭਰੇ, ਤਰਾਵਤ ਵਾਲੇ, ਆਤਮਕ ਜੀਵਨ ਵਾਲੇ ।
ਸੰਜੋਗੁ = ਮਿਲਾਪ ।
ਸਾਹਾ = ਵਿਆਹ ਦਾ ਮੁਹੂਰਤ ।
ਸੁਭ = ਭਲਾ ।
ਗਣਿਆ = ਗਿਣਿਆ ।
ਸ੍ਰੀਧਰ = {ਸ੍ਰੀ—ਲੱਛਮੀ, ਲੱਛਮੀ ਦਾ ਸਹਾਰਾ} ਪਰਮਾਤਮਾ ।੨ ।
ਮਿਲਿ = ਮਿਲ ਕੇ ।
ਸਖੀਆ = ਸਹੇਲੀਆਂ, ਸਤਸੰਗੀ ।
ਰਸਿ = ਆਨੰਦ ਵਿਚ (ਮਗਨ) ।
ਬੋਲਿ ਨ ਜਾਣੀ = ਮੈਂ ਦੱਸਣਾ ਨਹੀਂ ਜਾਣਦੀ ।
ਗੂੜ = ਡੂੰਘੇ ।
ਗੁਪਤ = ਗੁੱਝੇ ।
ਕਰਤੇ = ਕਰਤਾਰ ਦੇ ।
ਨਿਗਮ = ਵੇਦ ।
ਪਾਵਹੇ = ਪਾਵਹਿ, ਪਾਂਦੇ, ਪਾ ਸਕਦੇ ।
ਭਾਇ = ਪ੍ਰੇਮ ਵਿਚ ।
ਧਿਆਇ = ਧਿਆਨ ਧਰ ਕੇ ।
ਗਾਵਹੇ = ਗਾਵਹਿ, ਗਾਂਦੇ ਹਨ ।
ਸੁਗਿਆਨ = ਸ੍ਰੇਸ਼ਟ ਗਿਆਨ ਦਾ ਮਾਲਕ ।
ਪੂਰਨ = ਸਰਬ = ਵਿਆਪਕ ।
ਪ੍ਰਭ ਭਾਣੀ = ਪ੍ਰਭੂ ਨੂੰ ਪਿਆਰੀ ਲੱਗੀ ।
ਰੰਗਿ = ਰੰਗ ਵਿਚ ।
ਸਹਜਿ = ਆਤਮਕ ਅਡੋਲਤਾ ਵਿਚ ।੩ ।
ਸੋਹਿਲੜੇ = ਸਿਫ਼ਤਿ = ਸਾਲਾਹ ਦੇ ਸੋਹਣੇ ਗੀਤ ।
ਸਾਜਨ = ਮਿੱਤਰ (ਸ਼ੁਭ ਗੁਣ) ।
ਸਰਸਿਅੜੇ = ਪ੍ਰਫੁਲਤ ਹੋਏ, ਵਧਣ ਫੁੱਲਣ ਲੱਗੇ ।
ਦੁਸਮਨ = (ਕਾਮਾਦਿਕ) ਵੈਰੀ ।
ਸੁਖ ਸਹਜ = ਆਤਮਕ ਅਡੋਲਤਾ ਦੇ ਸੁਖ ।
ਸਰਸੇ = ਮੌਲ ਪਏ ।
ਨਾਮਿ = ਨਾਮ ਵਿਚ ।
ਰਹਸੇ = ਪ੍ਰਸੰਨ ਹੋਏ ।
ਪ੍ਰਭਿ = ਪ੍ਰਭੂ ਨੇ ।
ਜਾਗੇ = ਸੁਚੇਤ ਰਹੇ ।
ਬਨਵਾਰੀ = ਜਗਤ ਦਾ ਮਾਲਕ ।
ਸਹਜਿ = ਆਤਮਕ ਅਡੋਲਤਾ ਵਿਚ ।
ਨਿਧਿ = ਖ਼ਜ਼ਾਨਾ ।
ਪਾਗੇ = ਪਗ, ਚਰਨ ।
ਤਾਗੇ = ਤੱਗੇ, ਤੋੜ ਨਿਭੇ, ਪ੍ਰੀਤ ਤੋੜ ਨਿਬਾਹੀ ।੪ ।
    
Sahib Singh
ਹੇ ਸਖੀ! ਜਦੋਂ ਮੈਂ ਪ੍ਰਭੂ ਨੂੰ (ਆਪਣੇ ਵਲ) ਆਉਂਦਾ ਸੁਣਿਆ, ਤਾਂ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ, ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਸਜਾਵਟ ਬਣ ਗਈ ।
ਹੇ ਸਖੀ! ਜਿਨ੍ਹਾਂ ਵਡ-ਭਾਗੀਆਂ ਨੂੰ ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਚਾਵਾਂ ਨਾਲ ਖ਼ੁਸ਼ੀਆਂ ਨਾਲ ਆਨੰਦ ਨਾਲ ਭਰ ਜਾਂਦੇ ਹਨ ।
ਉਹ ਪ੍ਰਭੂ ਦੇ ਅੰਗ (ਚਰਨਾਂ) ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੇ ਦੁੱਖ ਦੂਰ ਜੋ ਜਾਂਦੇ ਹਨ, ਉਹਨਾਂ ਦੀ ਜਿੰਦ ਉਹਨਾਂ ਦਾ ਮਨ ਉਹਨਾਂ ਦਾ ਸਰੀਰ—ਸਾਰੇ ਹੀ (ਆਤਮਕ ਜੀਵਨ ਨਾਲ) ਹਰੇ ਹੋ ਜਾਂਦੇ ਹਨ ।
(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਪ੍ਰਭੂ ਦਾ ਧਿਆਨ ਧਰਦੇ ਹਨ, ਉਹਨਾਂ ਦੇ ਮਨ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਗੁਰੂ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਕਰਾਣ ਲਈ) ਭਲਾ ਸੰਜੋਗ ਬਣਾ ਦੇਂਦਾ ਹੈ, ਚੰਗਾ ਮੁਹੂਰਤ ਕੱਢ ਦੇਂਦਾ ਹੈ ।
ਨਾਨਕ ਬੇਨਤੀ ਕਰਦਾ ਹੈ—ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸਾਰੇ ਆਨੰਦ ਬਣ ਜਾਂਦੇ ਹਨ, ਹੁਲਾਰਾ ਬਣਿਆ ਰਹਿੰਦਾ ਹੈ ।੨ ।
ਸਹੇਲੀਆਂ ਮਿਲ ਕੇ (ਮੈਨੂੰ) ਪੁੱਛਦੀਆਂ ਹਨ ਕਿ ਖਸਮ-ਪ੍ਰਭੂ ਦੀ ਕੋਈ ਨਿਸ਼ਾਨੀ ਦੱਸ ।
ਮੈਂ ਉਸ ਦੇ ਮਿਲਾਪ ਦੇ ਆਨੰਦ ਵਿਚ ਮਗਨ ਤਾਂ ਹਾਂ, ਉਸ ਦੇ ਪ੍ਰੇਮ ਨਾਲ ਮੇਰਾ ਹਿਰਦਾ ਭਰਿਆ ਹੋਇਆ ਭੀ ਹੈ, ਪਰ ਮੈਂ ਉਸ ਦੀ ਕੋਈ ਨਿਸ਼ਾਨੀ ਦੱਸਣਾ ਨਹੀਂ ਜਾਣਦੀ ।
(ਮੇਰੇ ਉਸ) ਕਰਤਾਰ ਦੇ ਗੁਣ ਡੂੰਘੇ ਹਨ ਗੁੱਝੇ ਹਨ ਬੇਅੰਤ ਹਨ, ਵੈਦ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ, (ਉਸ ਦੇ ਸੇਵਕ) ਉਸ ਦੀ ਭਗਤੀ ਦੇ ਰੰਗ ਵਿਚ ਉਸਦੇ ਪ੍ਰੇਮ ਵਿਚ ਜੁੜ ਕੇ ਉਸ ਦਾ ਧਿਆਨ ਧਰ ਕੇ ਸਦਾ ਉਸ ਮਾਲਕ ਦੇ ਗੁਣ ਗਾਂਦੇ ਰਹਿੰਦੇ ਹਨ ।ਨਾਨਕ ਬੇਨਤੀ ਕਰਦਾ ਹੈ—ਜੇਹੜੀ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਪ੍ਰੇਮ ਦੇ ਰੰਗ ਵਿਚ ਰੰਗੀ ਜਾਂਦੀ ਹੈ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ, ਉਹ ਆਪਣੇ ਉਸ ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਜੋ ਸ੍ਰੇਸ਼ਟ ਗਿਆਨ ਵਾਲਾ ਹੈ ਜੋ ਸਭ ਵਿਚ ਵਿਆਪਕ ਹੈ ।੩ ।
ਹੇ ਭਾਈ! ਪਰਮਾਤਮਾ ਦੇ ਭਗਤ (ਹਰਿ-ਜਨ) ਜਦੋਂ ਪਰਮਾਤਮਾ ਦੇ ਸੁਖਦਾਈ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਗਾਣ ਲੱਗ ਪੈਂਦੇ ਹਨ ਤਾਂ (ਉਹਨਾਂ ਦੇ ਅੰਦਰ ਸ਼ੁਭ ਗੁਣ) ਮਿੱਤਰ ਵਧਦੇ ਫੁੱਲਦੇ ਹਨ, ਉਹਨਾਂ ਦੇ ਦੁੱਖ (ਤੇ ਕਾਮਾਦਿਕ) ਵੈਰੀ ਨੱਸ ਜਾਂਦੇ ਹਨ ।
ਆਤਮਕ ਅਡੋਲਤਾ ਦੇ ਸੁਖ ਉਹਨਾਂ ਦੇ ਅੰਤਰ ਮੌਲਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹ ਪ੍ਰਸੰਨ-ਚਿੱਤ ਰਹਿੰਦੇ ਹਨ, ਪਰ ਇਹ ਸਾਰੀ ਮੇਹਰ ਪ੍ਰਭੂ ਨੇ ਆਪ ਹੀ ਕੀਤੀ ਹੁੰਦੀ ਹੈ ।
(ਆਪਣੇ ਸੇਵਕਾਂ ਤੇ ਪ੍ਰਭੂ ਮੇਹਰ ਕਰਦਾ ਹੈ) ਉਹ ਸੇਵਕ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦੇ ਹਨ, ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ ।
ਹੇ ਭਾਈ! ਸੰਤ ਜਨਾਂ ਵਾਸਤੇ (ਜੀਵਨ ਦੇ ਇਹ) ਭਲੇ ਦਿਨ ਆਏ ਹੁੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਚਰਨ ਪਰਸਦੇ ਰਹਿੰਦੇ ਹਨ ।
ਨਾਨਕ ਬੇਨਤੀ ਕਰਦਾ ਹੈ—ਪਰਮਾਤਮਾ ਦੇ ਸੇਵਕ ਮਾਲਕ-ਪ੍ਰਭੂ ਦੀ ਸਰਨ ਆ ਕੇ ਸਦਾ ਲਈ ਉਸ ਨਾਲ ਪ੍ਰੀਤਿ ਨਿਬਾਹੁੰਦੇ ਹਨ ।੪।੧।੧੦ ।
Follow us on Twitter Facebook Tumblr Reddit Instagram Youtube