ਆਸਾ ਮਹਲਾ ੫ ॥
ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ ॥
ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥
ਮਾਤ ਪਿਤਾ ਸੁਤ ਮੀਤ ਸੁਰਿਜਨ ਇਸਟ ਬੰਧਪ ਜਾਣਿਆ ॥
ਗਹਿ ਕੰਠਿ ਲਾਇਆ ਗੁਰਿ ਮਿਲਾਇਆ ਜਸੁ ਬਿਮਲ ਸੰਤ ਵਖਾਣਿਆ ॥
ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥
ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥੧॥

ਅੰਮ੍ਰਿਤ ਬਨੁ ਸੰਸਾਰੁ ਸਹਾਈ ਆਪਿ ਭਏ ॥
ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ ॥
ਗਤੁ ਭਰਮ ਮੋਹ ਬਿਕਾਰ ਬਿਨਸੇ ਜੋਨਿ ਆਵਣ ਸਭ ਰਹੇ ॥
ਅਗਨਿ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ॥
ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥
ਨਾਨਕ ਨਾਮੁ ਧਿਆਇ ਪੂਰਨ ਸਾਧਸੰਗਿ ਪਾਈ ਪਰਮ ਗਤੇ ॥੨॥

ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥
ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ ॥
ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥
ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ ॥
ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥
ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥੩॥

ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥
ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥
ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥
ਮਿਲਿ ਸਾਧਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥
ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥
ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥

Sahib Singh
ਪੁਰਖ ਪਤੇ = ਸਭ ਜੀਵਾਂ ਦਾ ਖਸਮ ।
ਤਾ ਕੀ = ਉਸ (ਭਗਵਾਨ) ਦੀ ।
ਗਹੀ = ਪਕੜੀ ।
ਪਰਾਨ = ਜਿੰਦ ।
ਲਹੀ = ਲਹਿ ਗਈ ।
ਸੁਤ = ਪੁੱਤਰ ।
ਸੁਰਿਜਨ = ਗੁਰਮੁਖ ।
ਇਸਟ = ਪਿਆਰੇ ।
ਬੰਧਪ = ਰਿਸ਼ਤੇਦਾਰ ।
ਗਹਿ = ਫੜ ਕੇ ।
ਕੰਠਿ = ਗਲ ਨਾਲ ।
ਗੁਰਿ = ਗੁਰੂ ਨੇ ।
ਬਿਮਲ = ਪਵਿਤ੍ਰ (ਕਰਨ ਵਾਲਾ) ।
ਸੰਤ = ਸੰਤਾਂ ਨੇ ।
ਮਹਿਮਾ = ਵਡਿਆਈ ।
ਕਛੂ = ਕੁਝ ਭੀ ।
ਏਕ ਅਨੇਕ = ਇਕ ਤੋਂ ਅਨੇਕ ਰੂਪਧਾਰਨ ਵਾਲਾ ।
ਅਲਖ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ ।
ਤਿਸੁ ਓਟ = ਉਸ (ਪਰਮਾਤਮਾ ਦਾ) ਆਸਰਾ ।੧ ।
ਬਨੁ = ਜਲ {ਵਨਜ਼ ਜਲੇ ਕਾਨਨੇ} ।
ਸਹਾਈ = ਮਦਦਗਾਰ ।
ਉਰ ਹਾਰੁ = ਹਿਰਦੇ ਦਾ ਹਾਰ ।
ਬਿਖੁ = ਜ਼ਹਰ ।
ਦਿਵਸ = ਦਿਨ ।
ਗਤੁ = ਚਲਾ ਗਿਆ ।
ਰਹੇ = ਮੁੱਕ ਗਏ ।
ਸਾਧ ਅੰਚਲ = ਗੁਰੂ ਦਾ ਪੱਲਾ ।
ਗਹਿ ਰਹੇ = ਫੜ ਰੱਖਿਆ ।
ਸੰਮਿ੍ਰਥ = ਸਭ ਤੋਂ ਉੱਚੀ ਆਤਮਕ ਅਵਸਥਾ ।੨ ।
ਜਹ = ਜਿੱਥੇ ।
ਦੇਖਉ = ਦੇਖਉਂ, ਮੈਂ ਵੇਖਦਾ ਹਾਂ ।
ਤਹ = ਉੱਥੇ ।
ਸੰਗਿ = ਨਾਲ ।
ਰਵਿ ਰਹਿਆ = ਵੱਸ ਰਿਹਾ ਹੈ ।
ਘਟ = ਸਰੀਰ ।
ਵਿਰਲੈ ਕਿਨੈ = ਕਿਸੇ ਵਿਰਲੇ ਮਨੁੱਖ ਨੇ ।
ਲਹਿਆ = ਲੱਭਾ, ਸਮਝਿਆ ਹੈ ।
ਜਲਿ = ਪਾਣੀ ਵਿਚ ।
ਥਲਿ = ਧਰਤੀ ਵਿਚ ।
ਮਹੀਅਲਿ = ਮਹੀ ਤਲਿ, ਧਰਤੀ ਦੇ ਤਲੇ ਉਤੇ, ਪੁਲਾੜ ਵਿਚ ।
ਕੀਟ = ਕੀੜਾ ।
ਹਸਤਿ = ਹਾਥੀ ।
ਸਮਾਨਿਆ = ਇਕੋ ਜਿਹਾ ।
ਆਦਿ = ਜਗਤ = ਰਚਨਾ ਦੇ ਸ਼ੁਰੂ ਵਿਚ ।
ਅੰਤੇ = ਅਖ਼ੀਰ ਵਿਚ ।
ਮਧਿ = ਵਿਚਕਾਰ, ਹੁਣ ।
ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ ।
ਲੀਲਾ = ਖੇਡ ।
ਨਿਧਿ = ਖ਼ਜ਼ਾਨਾ ।
ਜਨਿ = ਜਨ ਨੇ, ਕਿਸੇ ਵਿਰਲੇ ਸੇਵਕ ਨੇ ।
ਕਹਿਆ = ਸਿਮਰਿਆ ।
ਅੰਤਰਜਾਮੀ = ਦਿਲ ਦੀ ਜਾਣਨ ਵਾਲਾ ।੩ ।
ਰੈਣਿ = ਰਾਤ ।
ਸੁਹਾਵੜੀ = ਸੁਹਾਵਣੀ, ਸੁਆਦਲੀ, ਸੋਹਣੀ ।
ਕਲਮਲ = ਪਾਪ ।
ਟਰੇ = ਟਲ ਗਏ, ਦੂਰ ਹੋ ਗਏ ।
ਦਾਰਿਦ੍ਰ = ਗਰੀਬੀ ।
ਨਾਠੇ = ਨੱਸ ਗਏ ।
ਪ੍ਰਗਟੁ = ਖੁਲ੍ਹਾ ।
ਮਗੁ = ਰਸਤਾ ।
ਮਿਲਿ = ਮਿਲ ਕੇ ।
ਸੰਗੇ = ਸੰਗਤਿ ਵਿਚ ।
ਰੰਗੇ = ਪ੍ਰੇਮ ਵਿਚ ।
ਮਨਿ = ਮਨ ਵਿਚ ।
ਲੋੜੀਦਾ = ਚਿਤਵਿਆ ਹੋਇਆ, ਮੰਗਿਆ ਹੋਇਆ ।
ਦੇਖਿ = ਦੇਖ ਕੇ ।
ਪੁੰਨੀ = ਪੂਰੀ ਹੋ ਗਈ ।
ਸਭਿ = ਸਾਰੇ ।
ਅਨਦਿਨੁ = ਹਰ ਰੋਜ਼ ।੪ ।
    
Sahib Singh
(ਹੇ ਭਾਈ!) ਜੇਹੜਾ ਭਗਵਾਨ ਸਭ ਜੀਵਾਂ ਦਾ ਖਸਮ ਹੈ ਜਿਨ੍ਹਾਂ ਸੰਤ ਜਨਾਂ ਨੇ ਉਸ ਦਾ ਆਸਰਾ ਲਿਆ ਹੋਇਆ ਹੈ (ਉਸ ਆਸਰੇ ਦੀ ਬਰਕਤਿ ਨਾਲ) ਉਹਨਾਂ ਦੀ ਜਿੰਦ (ਦੁਨੀਆ ਦੇ) ਡਰਾਂ ਤੋਂ ਰਹਿਤ ਹੋ ਗਈ ਹੈ, ਉਹਨਾਂ ਦੀ ਹਰੇਕ ਕਿਸਮ ਦੀ ਚਿੰਤਾ ਦੂਰ ਹੋ ਗਈ ਹੈ ।
ਉਹਨਾਂ ਨੇ ਭਗਵਾਨ ਨੂੰ ਹੀ ਆਪਣੇ ਮਾਂ ਪਿਉ ਪੁੱਤਰ ਮਿੱਤਰ ਸੱਜਣ ਪਿਆਰੇ ਰਿਸ਼ਤੇਦਾਰ ਸਮਝ ਰੱਖਿਆ ਹੈ ।
ਗੁਰੂ ਨੇ ਉਹਨਾਂ ਨੂੰ ਭਗਵਾਨ ਦੇ ਚਰਨਾਂ ਵਿਚ ਜੋੜ ਦਿੱਤਾ ਹੈ, (ਭਗਵਾਨ ਨੇ ਉਹਨਾਂ ਦੀ ਬਾਂਹ) ਫੜ ਕੇ ਉਹਨਾਂ ਨੂੰ ਆਪਣੇ ਗਲ ਲਾ ਲਿਆ ਹੈ ।
ਉਹ ਸੰਤ ਜਨ ਪਰਮਾਤਮਾ ਦੀ ਸਿਫ਼ਤਿ ਉਚਾਰਦੇ ਰਹਿੰਦੇ ਹਨ ।
ਹੇ ਭਾਈ! ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਅਨੇਕਾਂ ਵਡਿਆਈਆਂ ਹਨ, ਉਸ (ਦੀ ਬਜ਼ੁਰਗੀ) ਦਾ ਰਤਾ ਭਰ ਭੀ ਮੁੱਲ ਨਹੀਂ ਦੱਸਿਆ ਜਾ ਸਕਦਾ ।
ਉਹ ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕ-ਰੂਪ ਬਣਿਆ ਹੋਇਆ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਭ ਦਾ ਮਾਲਕ ਹੈ ।
ਹੇ ਨਾਨਕ! (ਆਖ—ਸੰਤ ਜਨਾਂ ਨੇ) ਉਸ ਪਰਮਾਤਮਾ ਦਾ ਆਸਰਾ ਲਿਆ ਹੋਇਆ ਹੈ ।੧ ।
ਹੇ ਭਾਈ! ਪਰਮਾਤਮਾ ਆਪ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ, ਉਸ ਦੇ ਵਾਸਤੇ ਸੰਸਾਰ-ਸਮੁੰਦਰ ਆਤਮਕ ਜੀਵਨ ਦੇਣ ਵਾਲਾ ਜਲ ਬਣ ਜਾਂਦਾ ਹੈ ।
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦਾ ਹਾਰ ਬਣਾ ਲੈਂਦਾ ਹੈ, ਉਸ ਦੇ ਵਾਸਤੇ (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦਾ) ਜ਼ਹਰ ਖਾਣ ਵਾਲੇ ਦਿਨ ਬੀਤ ਜਾਂਦੇ ਹਨ ।
ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਦੇ ਅੰਦਰੋਂ ਮੋਹ ਤੇ ਵਿਕਾਰ ਨਾਸ ਹੋ ਜਾਂਦੇ ਹਨ, ਉਸ ਦੇ ਜਨਮਾਂ ਦੇ ਗੇੜ ਮੁੱਕ ਜਾਂਦੇ ਹਨ ।
ਜੇਹੜਾ ਮਨੁੱਖ ਗੁਰੂ ਦਾ ਪੱਲਾ ਫੜੀ ਰੱਖਦਾ ਹੈ, ਵਿਕਾਰਾਂ ਦੀ ਅੱਗ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਉਸ ਦੇ ਵਾਸਤੇ ਠੰਢਾ-ਠਾਰ ਹੋ ਜਾਂਦਾ ਹੈ ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਗੋਵਿੰਦ ਗੁਪਾਲ ਦਇਆਲ ਸਮਰੱਥ ਪਰਮਾਤਮਾ ਦੀ ਜੈ ਜੈਕਾਰ ਕਰਦਾ ਰਿਹਾ ਕਰ ।
ਗੁਰੂ ਦੀ ਸੰਗਤਿ ਵਿਚ ਰਹਿ ਕੇ ਪੂਰਨ ਪਰਮਾਤਮਾ ਦਾ ਨਾਮ ਸਿਮਰ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ ।੨ ।
ਹੇ ਭਾਈ! ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਮੇਰੇ ਨਾਲ ਮੈਨੂੰ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਉਹ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਰੱਖਦਾ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ।
ਉਹ ਵਿਆਪਕ ਪ੍ਰਭੂ ਪਾਣੀ ਵਿਚ ਧਰਤੀ ਵਿਚ ਪੁਲਾੜ ਵਿਚ ਹਰ ਥਾਂ ਵੱਸ ਰਿਹਾ ਹੈ, ਕੀੜੀ ਵਿਚ ਹਾਥੀ ਵਿਚ ਇਕੋ ਜਿਹਾ ।
ਜਗਤ-ਰਚਨਾ ਦੇ ਸ਼ੁਰੂ ਵਿਚ ਉਹ ਆਪ ਹੀ ਸੀ, ਰਚਨਾ ਦੇ ਅੰਤ ਵਿੱਚ ਵੀ ਉਹ ਆਪ ਹੀ ਹੋਵੇਗਾ, ਹੁਣ ਭੀ ਉਹ ਆਪ ਹੀ ਆਪ ਹੈ ।
ਗੁਰੂ ਦੀ ਕਿਰਪਾ ਨਾਲ ਹੀ ਇਸ ਗੱਲ ਦੀ ਸਮਝ ਆਉਂਦੀ ਹੈ ।
ਹੇ ਭਾਈ! ਹਰ ਪਾਸੇ ਪਰਮਾਤਮਾ ਦਾ ਹੀ ਪਸਾਰਾ ਹੈ, ਪਰਮਾਤਮਾ ਦੀ ਹੀ ਰਚੀ ਹੋਈ ਖੇਡ ਹੋ ਰਹੀ ਹੈ, ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ।
ਕਿਸੇ ਵਿਰਲੇ ਸੇਵਕ ਨੇ ਉਸ ਨੂੰ ਜਪਿਆ ਹੈ ।
ਹੇ ਨਾਨਕ! ਹਰੇਕ ਦੇ ਦਿਲ ਦੀ ਜਾਣਨ ਵਾਲੇ ਉਸ ਮਾਲਕ ਨੂੰ ਸਿਮਰਦਾ ਰਹੁ, ਉਹ ਹਰੀ ਆਪ ਹੀ ਹਰ ਥਾਂ ਮੌਜੂਦ ਹੈ ।੩ ।
ਹੇ ਭਾਈ! ਮਨੁੱਖ ਲਈ ਉਹ ਦਿਨ ਸੋਹਣਾ ਆਉਂਦਾ ਹੈ ਉਹ ਰਾਤ ਸੋਹਣੀ ਆਉਂਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ।
ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਜਿਸ ਮਨੁੱਖ ਦੀ ਪ੍ਰੀਤਿ ਬਣ ਜਾਂਦੀ ਹੈ ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ।
ਜਿਸ ਮਨੁੱਖ ਨੂੰ (ਗੁਰੂ ਨੇ ਜੀਵਨ ਦਾ) ਸਿੱਧਾ ਰਾਹ ਵਿਖਾ ਦਿੱਤਾ, ਉਸ ਦੇ ਦੁੱਖ ਉਸ ਦੀ ਭੁੱਖ ਉਸ ਦੀ ਗ਼ਰੀਬੀ ਸਭ ਦੂਰ ਹੋ ਗਏ ।
ਜੇਹੜਾ ਮਨੁੱਖ ਗੁਰੂ ਦੀਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦੇ ਪ੍ਰੇਮ ਵਿਚ ਮਗਨ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਫਲ ਪਾ ਲੈਂਦਾ ਹੈ ।
ਪਰਮਾਤਮਾ ਦਾ ਦਰਸ਼ਨ ਕਰਕੇ ਮਨੁੱਖ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ, ਉਸ ਦੀਆਂ ਸਾਰੀਆਂ ਕੁਲਾਂ ਭੀ ਤਰ ਜਾਂਦੀਆਂ ਹਨ ।
ਹੇ ਨਾਨਕ! ਜੇਹੜੇ ਮਨੁੱਖ ਸਦਾ ਹਰਿ-ਨਾਮ ਵਿਚ ਸਿਮਰਦੇ ਰਹਿੰਦੇ ਹਨ, ਉਹਨਾਂ ਦੀ ਹਰੇਕ ਰਾਤ ਉਹਨਾਂ ਦਾ ਹਰੇਕ ਦਿਨ ਹਰ ਵੇਲੇ ਆਨੰਦ ਵਿਚ ਲੰਘਦਾ ਹੈ ।੪।੬।੯ ।
Follow us on Twitter Facebook Tumblr Reddit Instagram Youtube