ਆਸਾ ਮਹਲਾ ੫ ॥
ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥
ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥
ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥
ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥
ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥

ਜਾ ਕਉ ਰਾਮ ਭਤਾਰੁ ਤਾ ਕੈ ਅਨਦੁ ਘਣਾ ॥
ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥
ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥
ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥
ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥

ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥
ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥
ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥
ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥
ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ ॥
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥

ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥
ਤਾ ਕੀ ਪੂਰਨ ਆਸ ਜਿਨ੍ਹ ਸਾਧਸੰਗੁ ਪਾਇਆ ॥
ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥
ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥
ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥

Sahib Singh
ਥਿਰੁ = ਸਦਾ ਕਾਇਮ ਰਹਿਣ ਵਾਲਾ ।
ਸੋਹਾਗੁ = ਚੰਗਾ ਭਾਗ, ਖਸਮ ।
ਜਾਵਏ = ਜਾਵੈ, ਜਾਂਦਾ ।
ਗਿ੍ਰਹਿ = ਹਿਰਦੇ = ਘਰ ਵਿਚ ।
ਨਾਹੁ = ਖਸਮ ।
ਸਦ = ਸਦਾ ।
ਰਾਵਏ = ਮਿਲਾਪ ਦਾ ਆਨੰਦ ਮਾਣਦੀ ਹੈ ।
ਅਵਿਗਤੁ = ਅਦਿ੍ਰਸ਼ਟ ।
ਨਵਤਨੁ = ਨਵਾਂ, ਨਵੇਂ ਪਿਆਰ ਵਾਲਾ ।
ਹਦੂਰਿ = ਅੰਗ = ਸੰਗ ।
ਦਹ ਦਿਸ = ਦਸੀਂ ਪਾਸੀਂ, ਹਰ ਥਾਂ ।
ਪੂਰਨੁ = ਵਿਆਪਕ ।
ਪਤਿ = ਖਸਮ ।
ਗਤਿ = ਉੱਚੀ ਆਤਮਕ ਅਵਸਥਾ ।
ਜਾ ਤੇ = ਜਿਸ ਪਾਸੋਂ ।
ਪਿ੍ਰਅ ਪ੍ਰੀਤਿ = ਪਿਆਰੇ ਦੀ ਪ੍ਰੀਤਿ (ਜਿੳਂੁ ਜਿਉਂ ਵਧਦੀ ਹੈ) ।
ਭਾਵਏ = ਭਾਵੈ, ਪਿਆਰਾ ਲੱਗਦਾ ਹੈ {ਨੋਟ:- ‘ਪ੍ਰੀਤਮ ਭਾਵਏ’—ਪ੍ਰੀਤਮ ਨੂੰ ਚੰਗਾ ਲੱਗਦਾ ਹੈ} ।
ਵਖਾਣੈ = ਆਖਦਾ ਹੈ ।
ਬਚਨਿ = ਬਚਨ ਦੀ ਰਾਹੀਂ ।੧ ।
ਜਾ ਕਉ = ਜਿਸ (ਜੀਵ = ਇਸਤ੍ਰੀ) ਨੂੰ ।
ਭਤਾਰੁ = ਭਰਤਾ, ਖਸਮ ।
ਤਾ ਕੈ = ਉਸ (ਜੀਵ = ਇਸਤ੍ਰੀ ਦੇ ਹਿਰਦੇ ਘਰ) ਵਿਚ ।
ਸੁਖਵੰਤੀ = ਸੁਖੀ ।
ਪੂਰਿ = ਪੂਰੀ ।
ਮਾਣੁ = ਆਦਰ ।
ਮਹਤੁ = ਵਡਿਆਈ ।
ਕਲਿਆਣੁ = ਸੁਖ ।
ਜਸੁ = ਸਿਫ਼ਤਿ = ਸਾਲਾਹ ।
ਸੰਗਿ = ਨਾਲ ।
ਸੁਰਜਨੁ = ਦੈਵੀ ਗੁਣਾਂ ਦਾ ਮਾਲਕ ਪ੍ਰਭੂ ।
ਸਿਧਿ = ਕਰਾਮਾਤੀ ਤਾਕਤਾਂ ।
ਨਿਧਿ = ਖ਼ਜ਼ਾਨਾ ।
ਤਿਤੁ = ਉਸ ਵਿਚ ।
ਗਿ੍ਰਹਿ = ਘਰ ਵਿਚ ।
ਤਿਤੁ ਗਿ੍ਰਹਿ = ਉਸ ਹਿਰਦੈ ਘਰ ਵਿਚ {‘ਤਿਸੁ ਗਿ੍ਰਹਿ’—ਉਸ ਦੇ ਹਿਰਦੇ ਘਰ ਵਿਚ} ।
ਊਨਾ = ਘੱਟ ।
ਮਧੁਰ = ਮਿੱਠੀ ।
ਪਿਰਹਿ = ਪਤੀ ਨੇ ।
ਮਾਨੀ = ਆਦਰ ਦਿੱਤਾ ।
ਤਾ ਕਾ = ਉਸ (ਇਸਤ੍ਰੀ) ਦਾ ।
ਜਾ ਕੋ = ਜਿਸ (ਜੀਵ = ਇਸਤ੍ਰੀ) ਦਾ ।੨ ।
ਸਖੀ = ਹੇ ਸਖੀ !
ਸੰਤ = ਗੁਰੂ ।
ਪੀਸਉ = ਪੀਸਉਂ, ਮੈਂ ਪੀਹਾਂ ।
ਪਖਾਰਿ = ਪਖਾਰੀਂ, ਮੈਂ ਧੋਵਾਂ ।
ਆਪੁ = ਆਪਾ = ਭਾਵ, ਅਹੰਕਾਰ ।
ਤਜਿ = ਤਿਆਗ ਕੇ ।
ਸੰਤਾਪੁ = ਦੁੱਖ = ਕਲੇਸ਼ ।
ਆਪੁ = ਆਪਣੇ ਆਪ ਨੂੰ ।
ਗਹੀਜੈ = ਫੜਨੀ ਚਾਹੀਦੀ ਹੈ ।
ਮਾਨਿ ਲੀਜੈ = (ਗੁਰੂ ਦਾ ਹੁਕਮ) ਮੰਨ ਲੈਣਾ ਚਾਹੀਦਾ ਹੈ ।
ਕਰਿ = (ਆਪਣੇ ਆਪ ਨੂੰ) ਬਣਾ ਕੇ ।
ਕਰ = (ਦੋਵੇਂ) ਹੱਥ {ਬਹੁ = ਵਚਨ} ।
ਰੈਣਿ = ਰਾਤ ।੩ ।
ਜਾ ਕੈ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ ।
ਸਿ = ਉਹ ਬੰਦੇ ।
ਤਾ ਕੀ = ਉਹਨਾਂ ਦੀ ।
ਹਰਿ ਕੈ ਰੰਗਿ = ਹਰੀ ਦੇ ਪ੍ਰੇਮ ਵਿਚ ।
ਤਿਨਹਿ = ਉਹਨਾਂ ਨੇ ।
ਮਨਿ = ਮਨ ਵਿਚ ।
ਸਹਜੁ = ਆਤਮਕ ਅਡੋਲਤਾ ।
ਸੁਭਾਉ = ਉੱਚਾ ਪ੍ਰੇਮ ।
ਵੂਠਾ = ਆ ਵੱਸਿਆ ।੪ ।
    
Sahib Singh
ਹੇ ਭਾਈ! (ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ ਉਹਨਾਂ ਦੇ) ਸਿਰ ਦਾ ਸਾਂਈ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ ।
(ਹੇ ਭਾਈ!) ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਵੱਸੇ, ਉਹ ਸਦਾ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੀ ਹੈ ।
ਉਹ ਪਰਮਾਤਮਾ ਨਾਸ ਤੋਂ ਰਹਿਤ ਹੈ, ਅਦਿ੍ਰਸ਼ਟ ਹੈ, ਸਦਾ ਨਵੇਂ ਪਿਆਰ ਵਾਲਾ ਹੈ, ਪਵਿਤ੍ਰ-ਸਰੂਪ ਹੈ ।
ਉਹਮਾਲਕ ਕਿਸੇ ਤੋਂ ਭੀ ਦੂਰ ਨਹੀਂ ਹੈ, ਸਦਾ ਹਰੇਕ ਦੇ ਅੰਗ-ਸੰਗ ਵੱਸਦਾ ਹੈ, ਦਸੀਂ ਹੀ ਪਾਸੀਂ ਉਹ ਸਦਾ ਹੀ ਸਦਾ ਹੀ ਵਿਆਪਕ ਰਹਿੰਦਾ ਹੈ ।
ਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪਰਮਾਤਮਾ ਐਸਾ ਹੈ ਜਿਸ ਪਾਸੋਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲਦੀ ਹੈ, ਚੰਗੀ ਅਕਲ ਪ੍ਰਾਪਤ ਹੁੰਦੀ ਹੈ ।
ਜਿਉਂ ਜਿਉਂ ਉਸ ਪਿਆਰੇ ਨਾਲ ਪ੍ਰੀਤਿ ਵਧਾਈਏ, ਤਿਉਂ ਤਿਉਂ ਉਹ ਪ੍ਰੀਤਮ-ਪ੍ਰਭੂ ਪਿਆਰਾ ਲੱਗਦਾ ਹੈ ।
ਨਾਨਕ ਆਖਦਾ ਹੈ—ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਪ੍ਰਭੂ-ਪ੍ਰੀਤਮ ਨਾਲ) ਡੂੰਘੀ ਸਾਂਝ ਪੈਂਦੀ ਹੈ ।
(ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ) ਉਹਨਾਂ ਦਾ ਖਸਮ-ਪ੍ਰਭੂ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ ।੧ ।
ਹੇ ਭਾਈ! ਜਿਸ (ਜੀਵ-ਇਸਤ੍ਰੀ) ਨੂੰ ਪ੍ਰਭੂ ਪਤੀ (ਮਿਲ ਪੈਂਦਾ ਹੈ) ਉਸ ਦੇ ਹਿਰਦੇ ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ, ਉਹ ਸੁਖੀ ਜੀਵਨ ਬਿਤਾਂਦੀ ਹੈ, ਹਰ ਥਾਂ ਉਸ ਦੀ ਸੋਭਾ ਵਡਿਆਈ ਬਣੀ ਰਹਿੰਦੀ ਹੈ ।
ਉਸ ਜੀਵ-ਇਸਤ੍ਰੀ ਨੂੰ ਹਰ ਥਾਂ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਸੁਖ ਮਿਲਦਾ ਹੈ (ਕਿਉਂਕਿ ਉਸ ਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਹੋਈ ਰਹਿੰਦੀ ਹੈ ।
ਦੈਵੀ ਗੁਣਾਂ ਦਾ ਮਾਲਕ-ਪ੍ਰਭੂ ਸਦਾ ਉਸ ਦੇ ਅੰਗ-ਸੰਗ ਵੱਸਦਾ ਹੈ ।
ਉਸ (ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਸਾਰੇ ਹੀ ਨੌ ਖ਼ਜ਼ਾਨੇ ਵੱਸ ਪੈਂਦੇ ਹਨ, ਉਸ ਨੂੰ ਕੋਈ ਘਾਟ ਨਹੀਂ ਰਹਿੰਦੀ, ਉਸ ਨੂੰ ਸਭ ਕੁਝ ਪ੍ਰਾਪਤ ਰਹਿੰਦਾ ਹੈ ।
ਉਸ ਜੀਵ-ਇਸਤ੍ਰੀ ਦੇ ਬੋਲ ਮਿੱਠੇ ਹੋ ਜਾਂਦੇ ਹਨ, ਪ੍ਰਭੂ-ਪਤੀ ਨੇ ਉਸ ਨੂੰ ਆਦਰ-ਮਾਣ ਦੇ ਰੱਖਿਆ ਹੁੰਦਾ ਹੈ ।
ਉਸ ਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ ।
ਨਾਨਕ ਆਖਦਾ ਹੈ—ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ ।
ਹੇ ਭਾਈ! ਸਰਬ-ਵਿਆਪਕ ਪਰਮਾਤਮਾ ਜਿਸ ਜੀਵ-ਇਸਤ੍ਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇ-ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ ।੨ ।
ਹੇ ਸਹੇਲੀ! ਆ, ਗੁਰੂ ਦੇ ਪਾਸ ਚੱਲੀਏ ।
(ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ ।
ਹੇ ਸਖੀ! (ਮੇਰਾ ਜੀ ਕਰਦਾ ਹੈ) ਮੈਂ (ਗੁਰੂ ਕੇ ਲੰਗਰ ਵਾਸਤੇ ਚੱਕੀ) ਪੀਹਾਂ, ਮੈਂ (ਗੁਰੂ ਦੇ) ਚਰਨ ਧੋਵਾਂ ।
ਹੇ ਸਖੀ! ਗੁਰੂ ਦੇ ਦਰ ਤੇ ਜਾ ਕੇ ਅਹੰਕਾਰ ਤਿਆਗ ਦੇਣਾ ਚਾਹੀਦਾ ਹੈ ।
ਹੇ ਸਖੀ! ਅਹੰਕਾਰ ਤਿਆਗ ਕੇ (ਮਨ ਦਾ) ਕਲੇਸ਼ ਮਿਟ ਜਾਂਦਾ ਹੈ ।
ਹੇ ਸਖੀ! ਕਦੇ ਭੀ ਆਪਣਾ ਆਪ ਜਤਾਣਾ ਨਹੀਂ ਚਾਹੀਦਾ ।
ਗੁਰੂ ਦਾ ਪੱਲਾ ਫੜ ਲੈਣਾ ਚਾਹੀਦਾ ਹੈ (ਜੋ ਗੁਰੂ ਹੁਕਮ ਕਰੇ ਉਹ) ਮੰਨ ਲੈਣਾ ਚਾਹੀਦਾ ਹੈ, ਜੋ ਕੁਝ ਗੁਰੂ ਕਰੇ ਉਸੇ ਨੂੰ ਸੁਖ (ਜਾਣ ਕੇ) ਲੈ ਲੈਣਾ ਚਾਹੀਦਾ ਹੈ ।
ਹੇ ਸਖੀ! ਆਪਣੇ ਆਪ ਨੂੰ ਉਸ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ, (ਮਨ ਵਿਚੋਂ) ਉਪਰਾਮਤਾ ਤਿਆਗ ਕੇ ਦੋਵੇਂ ਹੱਥ ਜੋੜ ਕੇ ਦਿਨ ਰਾਤ (ਸੇਵਾ ਵਿਚ) ਸੁਚੇਤ ਰਹਿਣਾ ਚਾਹੀਦਾ ਹੈ ।
ਨਾਨਕ ਆਖਦਾ ਹੈ—(ਹੇ ਸਖੀ! ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਸਕਦਾ ਹੈ ।
(ਸੋ,) ਹੇ ਸਖੀ! ਆ, ਗੁਰੂ ਪਾਸ ਚੱਲੀਏ ।
(ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ ।੩ ।
ਹੇ ਭਾਈ! ਜਿਨ੍ਹਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ ਉਹਨਾਂ ਨੂੰ (ਗੁਰੂ ਪਰਮਾਤਮਾ ਦੀ) ਸੇਵਾ-ਭਗਤੀ ਵਿਚ ਜੋੜਦਾ ਹੈ ।
ਜਿਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ।
ਸਾਧ ਸੰਗਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ ਪਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ ।
ਮਾਇਆ ਦੀ ਖ਼ਾਤਰ ਭਟਕਣਾ, ਦੁਨੀਆ ਦਾ ਮੋਹ, ਵਿਕਾਰ, ਮੇਰ-ਤੇਰ—ਇਹ ਸਾਰੇ ਅੌਗੁਣ ਉਹ ਤਿਆਗ ਦੇਂਦੇ ਹਨ ।
ਉਹਨਾਂ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ ।
ਨਾਨਕ ਆਖਦਾ ਹੈ—ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ।
ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜਦਾ ਹੈ ।੪।੪।੭ ।
Follow us on Twitter Facebook Tumblr Reddit Instagram Youtube