ਛੰਤ ॥
ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ॥
ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥
ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥
ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ ॥
ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ ॥
ਦਇਆਲ ਲਾਲ ਗੋਬਿੰਦ ਨਾਨਕ ਮਿਲੁ ਸਾਧਸੰਗਤਿ ਹੋਇ ਗਤੇ ॥੧॥

ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥
ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥
ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥
ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ ॥
ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ ॥
ਅਨਾਥ ਨਾਥ ਦਇਆਲ ਨਾਨਕ ਸਾਧਸੰਗਤਿ ਮਿਲਿ ਉਧਾਰ ॥੨॥

ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥
ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥
ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥
ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ ॥
ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ ॥
ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥੩॥

ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥
ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥
ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥
ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥
ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥
ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥

Sahib Singh
ਸੰਕਰ = ਸ਼ੰਕਰ, ਸ਼ਿਵ ।
ਜਟਾਧਾਰ = ਜਟਾ = ਧਾਰੀ, ਲਿਟਾਂ ਵਾਲੇ ।
ਦਇਆਰ = ਹੇ ਦਇਆਲ !
ਮਨਿ = ਮਨ ਵਿਚ ।
ਤਨਿ = ਹਿਰਦੇ ਵਿਚ ।
ਰੁਚ = ਤਾਂਘ ।
ਅਪਾਰ = ਬੇਅੰਤ ।
ਅਗਮ = ਹੇ ਅਪਹੁੰਚ !
ਪੁਰਕ = (ਕਾਮਨਾ) ਪੂਰੀ ਕਰਨ ਵਾਲੇ !
ਧਨੀ = ਹੇ ਮਾਲਕ !
ਸੁਰ = ਦੇਵਤੇ ।
ਸਿਧ = ਸਮਾਧੀਆਂ ਵਿਚ ਪੁੱਗੇ ਹੋਏ ਜੋਗੀ ।
ਗੁਣ = ਸ਼ਿਵ ਜੀ ਦੇ ਸੇਵਕ ।
ਗੰਧਰਬ = ਦੇਵਤਿਆਂ ਦੇ ਰਾਗੀ ।
ਜਖ = ਦੇਵਤਿਆਂ ਦੀ ਇਕ ਸ਼੍ਰੇਣੀ ।
ਕਿੰਨਰ = ਦੇਵਤਿਆਂ ਦੀ ਇਕ ਹੌਲੇ ਮੇਲ ਦੀ ਜਮਾਤ ਜਿਨ੍ਹਾਂ ਦਾ ਉਪਰਲਾ ਅੱਧਾ ਧੜ ਮਨੁੱਖ ਦਾ ਅਤੇ ਹੇਠਲਾ ਘੋੜੇ ਦਾ ਮਿਥਿਆ ਗਿਆ ਹੈ ।
ਭਨੀ = ਉਚਾਰਦੇ ਹਨ ।
ਜੈ ਜੈਕਾਰ = ਸਦਾ ਜਿੱਤ ਹੋਵੇ ਸਦਾ ਜਿੱਤ ਹੋਵੇ ਜਾਂ ਇਕ-ਰਸ ਉਚਾਰਨ ।
ਅਨਾਥ ਨਾਥ = ਨਿਖਸਮਿਆਂ ਦਾ ਖਸਮ ।
ਮਿਲਿ = ਮਿਲ ਕੇ ।
ਉਧਾਰ = ਵਿਕਾਰਾਂ ਤੋਂ ਬਚਾਓ ।੨ ।
ਲਖਿਮੀ = ਧਨ ਦੀ ਦੇਵੀ ।
ਅਨਿਕ ਭਾਤਿ = ਅਨੇਕਾਂ ਤਰੀਕਿਆਂ ਨਾਲ ।
ਗੁਪਤ = ਅਣਦਿੱਸਦੇ ।
ਨਖਿਅਤ੍ਰ = ਤਾਰੇ ।
ਸਸੀਅਰ = {__ਧਰ} ਚੰਦਰਮਾ ।
ਸੂਰ = ਸੂਰਜ ।
ਬਸੁਧ = ਧਰਤੀ ।
ਗਗਨ = ਆਕਾਸ਼ ।
ਗਾਵਏ = ਗਾਵੈ, ਗਾਉਂਦਾ ਹੈ ।
ਖਾਣੀ = (ਅੰਡਜ, ਜੇਰਜ, ਸੇਤਜ, ਉਤਭਜ—ਇਹਨਾਂ ਚਾਰ) ਖਾਣੀਆਂ (ਦਾ ਹਰੇਕ ਜੀਵ) ।
ਧਿਆਵਏ = ਧਿਆਵੈ, ਧਿਆਉਂਦਾ ਹੈ ।
ਚਤੁਰ = ਚਾਰ ।
ਖਟੁ = ਛੇ ।
ਜਪਾਤਿ = ਜਪਤ ।
ਪਤਿਤ ਪਾਵਨ = ਵਿਕਾਰਾਂ ਵਿਚ ਡਿਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ ।
ਭਗਤਿ ਵਛਲ = ਭਗਤੀ ਨੂੰ ਪਿਆਰ ਕਰਨ ਵਾਲਾ ।
ਸੰਗਿ ਸਾਤਿ = ਸਦਾ = ਥਿਰ ਸਤ ਸੰਗ ਵਿਚ ।
ਸਾਤਿ = ਸਤਿ, ਸਦਾ = ਥਿਰ ।੩ ।
ਜੇਤੀ = ਜਿਤਨੀ ਸਿ੍ਰਸ਼ਟੀ ।
ਜਨਾਈ = ਦੱਸੀ ਹੈ, ਸੂਝ ਦਿੱਤੀ ਹੈ ।
ਰਸਨਾ = ਜੀਭ ।
ਤੇਤ = ਉਤਨੀ ।
ਭਨੀ = ਕਹਿ ਦਿੱਤੀ ਹੈ ।
ਅਨ ਜਾਨਤ = (ਜਿਤਨੀ ਹੋਰ ਸਿ੍ਰਸ਼ਟੀ ਦਾ) ਮੈਨੂੰ ਪਤਾ ਨਹੀਂ ।
ਤੇਤੀ = ਉਹ ਸਾਰੀ ।
ਅਵਿਗਤ = ਅਦਿ੍ਰਸ਼ਟ ।
ਮੰਝੇ = ਵਿਚ, ਅੰਦਰ ।
ਜਾਚਿਕ = ਮੰਗਤੇ ।
ਵਸਿ = ਵਸ ਵਿਚ ।
ਜੀਅ = (ਜੇਹੜੇ) ਜੀਵ ।
ਤਾ ਕੀ = ਉਹਨਾਂ ਦੀ ।
ਉਪਮਾ = ਵਡਿਆਈ ।
ਕਿਤ = ਕਿਤਨੀ ?
ਗਨੀ = ਮੈਂ ਦੱਸਾਂ ।
ਮਾਨੁ = ਆਦਰ ।
ਸੀਸੁ = ਸਿਰ ।
ਸਾਧਹ ਚਰਨੀ = ਗੁਰਮੁਖਾਂ ਦੇ ਪੈਰਾਂ ਉਤੇ ।
ਧਰਿ = ਧਰੀ ਰੱਖੇ ।੪ ।
    
Sahib Singh
ਹੇ ਦਇਆਲ ਹਰੀ! ਵਿਸ਼ਨੂੰ ਦੇ ਕ੍ਰੋੜਾਂ ਅਵਤਾਰ ਅਤੇ ਕ੍ਰੋੜਾਂ ਜਟਾਧਾਰੀ ਸ਼ਿਵ ਤੈਨੂੰ (ਮਿਲਣਾ) ਲੋਚਦੇ ਹਨ, ਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ (ਤੇਰੇ ਮਿਲਣ ਦੀ) ਤਾਂਘ ਰਹਿੰਦੀ ਹੈ ।
ਹੇ ਬੇਅੰਤ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਗੋਬਿੰਦ! ਹੇ ਠਾਕੁਰ! ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਹੇ ਸਭ ਦੇ ਮਾਲਕ! ਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸ਼ਿਵ ਦੇ ਗਣ, ਦੇਵਤਿਆਂ ਦੇ ਰਾਗੀ, ਜੱਖ, ਕਿੰਨਰ (ਆਦਿਕ ਸਾਰੇ) ਤੇਰਾ ਸਿਮਰਨ ਕਰਦੇ ਹਨ, ਤੇ ਗੁਣ ਉਚਾਰਦੇ ਹਨ ।
ਹੇ ਭਾਈ! ਕ੍ਰੋੜਾਂ ਇੰਦਰ, ਅਨੇਕਾਂ ਦੇਵਤੇ, ਮਾਲਕ-ਪ੍ਰਭੂ ਦੀ ਜੈਕਾਰ ਜਪਦੇ ਰਹਿੰਦੇ ਹਨ ।
ਹੇ ਨਾਨਕ! ਉਸ ਨਿਖਸਮਿਆਂ ਦੇ ਖਸਮ ਪ੍ਰਭੂ ਨੂੰ, ਦਇਆ ਦੇ ਸੋਮੇ ਪ੍ਰਭੂ ਨੂੰ ਸਾਧ ਸੰਗਤਿ ਦੀ ਰਾਹੀਂ (ਹੀ) ਮਿਲ ਕੇ (ਸੰਸਾਰ-ਸਮੁੰਦਰ ਤੋਂ) ਬੇੜਾ ਪਾਰ ਹੁੰਦਾ ਹੈ ।੨ ।
(ਹੇ ਭਾਈ!) ਕ੍ਰੋੜਾਂ ਦੇਵੀਆਂ ਜਿਸ ਪਰਮਾਤਮਾ ਦੀ ਸੇਵਾ-ਭਗਤੀ ਕਰਦੀਆਂ ਹਨ, ਧਨ ਦੀ ਦੇਵੀ ਲਛਮੀ ਅਨੇਕਾਂ ਤਰੀਕਿਆਂ ਨਾਲ ਜਿਸ ਦੀ ਸੇਵਾ ਕਰਦੀ ਹੈ, ਦਿੱਸਦੇ ਅਣਦਿੱਸਦੇ ਸਾਰੇ ਜੀਵ-ਜੰਤੂ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਹਨ, ਹਵਾ ਪਾਣੀ ਦਿਨ ਰਾਤ ਜਿਸ ਨੂੰ ਧਿਆਉਂਦੇ ਹਨ; (ਬੇਅੰਤ) ਤਾਰੇਚੰਦਰਮਾ ਅਤੇ ਸੂਰਜ ਜਿਸ ਪਰਮਾਤਮਾ ਦਾ ਧਿਆਨ ਧਰਦੇ ਹਨ, ਧਰਤੀ ਜਿਸ ਦੀ ਸਿਫ਼ਤਿ-ਸਾਲਾਹ ਕਰਦੀ ਹੈ, ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ, ਸਤਾਈ ਸਿਮਿ੍ਰਤੀਆਂ, ਅਠਾਰਾਂ ਪੁਰਾਣ, ਚਾਰ ਵੇਦ, ਛੇ ਸ਼ਾਸਤ੍ਰ ਜਿਸ ਪਰਮਾਤਮਾ ਨੂੰ ਜਪਦੇ ਰਹਿੰਦੇ ਹਨ, ਉਸ ਪਤਿਤ-ਪਾਵਨ ਪ੍ਰਭੂ ਨੂੰ ਉਸ ਭਗਤਿ-ਵਛਲ ਹਰੀ ਨੂੰ, ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤਿ ਦੀ ਰਾਹੀਂ ਹੀ ਮਿਲ ਸਕੀਦਾ ਹੈ ।੩ ।
ਹੇ ਭਾਈ! ਜਿਤਨੀ ਸਿ੍ਰਸ਼ਟੀ ਦੀ ਸੂਝ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਤਨੀ ਮੇਰੀ ਜੀਭ ਨੇ ਬਿਆਨ ਕਰ ਦਿੱਤੀ ਹੈ (ਕਿ ਇਤਨੀ ਸਿ੍ਰਸ਼ਟੀ ਪਰਮਾਤਮਾ ਦੀ ਸੇਵਾ-ਭਗਤੀ ਕਰ ਰਹੀ ਹੈ) ।
ਪਰ ਹੋਰ ਜਿਤਨੀ ਲੁਕਾਈ ਦਾ ਮੈਨੂੰ ਪਤਾ ਨਹੀਂ ਜੇਹੜੀ ਉਹ ਲੁਕਾਈ ਪ੍ਰਭੂ ਦੀ ਸੇਵਾ-ਭਗਤੀ ਕਰਦੀ ਹੈ ਉਹ ਮੈਥੋਂ ਗਿਣੀ ਨਹੀਂ ਜਾ ਸਕਦੀ ।
ਉਹ ਪਰਮਾਤਮਾ ਅਦਿ੍ਰਸ਼ਟ ਹੈ, ਉਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ (ਮਾਨੋ) ਬੇਅੰਤ ਡੂੰਘਾ ਸਮੁੰਦਰ ਹੈ, ਉਹ ਸਭ ਦਾ ਮਾਲਕ ਹੈ, ਸਭ ਜੀਵਾਂ ਦੇ ਅੰਦਰ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ, ਸਾਰੇ ਜੀਵ-ਜੰਤ ਉਸ (ਦੇ ਦਰ) ਦੇ ਮੰਗਤੇ ਹਨ, ਉਹ ਇਕ ਸਭ ਨੂੰ ਦਾਤਾਂ ਦੇਣ ਵਾਲਾ ਹੈ, ਉਹ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਉਹ ਸਭ ਦੇ ਨਾਲ ਵੱਸਦਾ ਹੈ ਤੇ ਪਰਤੱਖ ਹੈ ।
ਹੇ ਭਾਈ! ਉਹ ਪਰਮਾਤਮਾ ਆਪਣੇ ਭਗਤਾਂ ਦੇ ਵੱਸ ਵਿੱਚ ਹੈ, ਜੇਹੜੇ ਜੀਵ ਉਸ ਨੂੰ ਮਿਲ ਪੈਂਦੇ ਹਨ ਉਹਨਾਂ ਦੀ ਵਡਿਆਈ ਮੈਂ ਕਿਤਨੀ ਕੁ ਬਿਆਨ ਕਰਾਂ ?
(ਬਿਆਨ ਨਹੀਂ ਕੀਤੀ ਜਾ ਸਕਦੀ) ।
(ਜੇ ਉਸ ਦੀ ਮੇਹਰ ਹੋਵੇ ਤਾਂ) ਨਾਨਕ (ਉਸ ਦੇ ਭਗਤ-ਜਨਾਂ ਦੇ) ਚਰਨਾਂ ਉੱਤੇ ਆਪਣਾ ਸਿਰ ਰੱਖੀ ਰੱਖੇ ।੪।੨।੫ ।
Follow us on Twitter Facebook Tumblr Reddit Instagram Youtube