ਛੰਤੁ ॥
ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥
ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥

ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥
ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥
ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥
ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥
ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥

ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥
ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥
ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥
ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥
ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥

ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥
ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥
ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥
ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥
ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥
ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥

Sahib Singh
ਨੀਰ = ਪਾਣੀ ।
ਧੀਰੇ = ਧੀਰਜ ਕਰਦੀ ।
ਮਨ = ਹੇ ਮਨ !
ਨੇਹੁ = ਪ੍ਰੇਮ ।
ਕਰੇਹੁ = ਕਰ ।
ਚਾਤਿ੍ਰਕ = ਪਪੀਹਾ ।
ਬੂੰਦ = ਵਰਖਾ ਦੀ ਕਣੀ ।
ਚਵੈ = ਬੋਲਦਾ ਹੈ ।
ਚਵੈ ਮੇਹੁ = ਚਵੈ ਮੇਘੁ, ਬੱਦਲ ਨੂੰ ਆਖਦਾ ਹੈ ।
ਸੁਹਾਵੇ = ਹੇ ਸੋਹਣੇ (ਮੇਘ) !
ਬਰਸੁ = ਵਰਖਾ ਕਰ ।
ਦੀਜੈ = ਭੇਟ ਕਰ ਦੇਣਾ ਚਾਹੀਦਾ ਹੈ ।ਮੁਰਾਰੀ—ਪਰਮਾਤਮਾ (ਨਾਲ) ।
ਮਾਨੁ = ਅਹੰਕਾਰ ।
ਸੁਪ੍ਰਸੰਨੇ = ਦਇਆਵਾਨ ।
ਨਾਹ = ਹੇ ਨਾਥ !
ਹੇ ਪ੍ਰਭੂ = ਪਤੀ !
ਵਿਛੁੰਨੇ = ਹੇ ਵਿਛੁੜੇ ਹੋਏ !
ਧਨ = ਜੀਵ = ਇਸਤ੍ਰੀ ।
ਸਾਚੁ = ਸਦਾ = ਥਿਰ ਰਹਿਣ ਵਾਲੇ ਪ੍ਰਭੂ ਨੂੰ ।
ਨਾਨਕ = ਹੇ ਨਾਨਕ !
ਛੰਤ = ਸਿਫ਼ਤਿ = ਸਾਲਾਹ ਦੇ ਗੀਤ ।
ਨੇਹਾ = ਨੇਹੁ, ਪ੍ਰੇਮ ।੨ ।
ਸੂਰ = ਸੂਰਜ {ਸੁਯL} ।
ਸਨੇਹੁ = ਪਿਆਰ ।
ਚਿਤਵੈ = ਚਿਤਾਰਦੀ ਹੈ ।
ਘਣੀ = ਬਹੁਤ ।
ਕਦਿ = ਕਦੋਂ ?
ਦਿਨੀਅਰੁ = {ਦਿਨਕਰ} ਦਿਨ ਬਨਾਣ ਵਾਲਾ, ਸੂਰਜ ।
ਕੋਕਿਲ = ਕੋਇਲ ।
ਚਵੈ ਸੁਹਾਵਿਆ = ਮਿੱਠਾ ਬੋਲਦੀ ਹੈ ।
ਰੰਗੁ = ਪਿਆਰ ।
ਹਭਿ = ਸਾਰੇ ।
ਪਾਹੁਣਿਆ = ਪ੍ਰਾਹੁਣੇ ।
ਥਿਰੁ = ਅਡੋਲ ਚਿੱਤ ।
ਜੁ = ਜੇਹੜਾ ਮੋਹ ।
ਕਿਤੀਐ = ਤੂੰ ਬਣਾਇਆ ਹੋਇਆ ਹੈ ।
ਮਨਿ = ਮਨ ਵਿਚ ।੩ ।
ਨਿਸਿ = ਰਾਤ ਵੇਲੇ ।
ਕੁਰੰਕ = ਹਰਨ ।
ਨਾਦ = (ਘੰਡੇ ਹੇੜੇ ਦੀ) ਆਵਾਜ਼ ।
ਸ੍ਰਵਣੀ = ਕੰਨਾਂ ਨਾਲ ।
ਹੀਉ = ਹਿਰਦਾ ।
ਡਿਵੈ = ਦੇਂਦਾ ਹੈ ।
ਮਨ = ਹੇ ਮਨ !
ਤਰੁਣਿ = ਜਵਾਨ ਇਸਤ੍ਰੀ ।
ਉਰਝੀ = ਫਸੀ ਹੋਈ ।
ਸਿਵੈ = ਸੇਵਾ ਕਰਦੀ ਹੈ ।
ਲਾਲ = ਸੁਹਣੇ (ਹਰੀ) ਨੂੰ ।
ਲਾਲਹਿ = ਲਾਲ ਨੂੰ ।
ਹਭਿ = ਸਾਰੀਆਂ ।
ਅਤਿ ਚਿਰਾਣੇ = ਮੁੱਢ ਕਦੀਮਾਂ ਦੇ ।
ਸਾਖੀ = ਗਵਾਹ, ਵਿਚੋਲਾ ।
ਡਿਠਮੁ = ਮੈਂ ਵੇਖ ਲਿਆ ਹੈ ।
ਆਖੀ = ਅੱਖਾਂ ਨਾਲ ।
ਮੋਹਨ = ਮਨ ਨੂੰ ਮੋਹ ਲੈਣ ਵਾਲਾ ਹਰੀ {ਖਿ਼ਆਲ ਕਰਨਾ ਜੀ, ਲਫ਼ਜ਼ ‘ਮੋਹਨ’ ਪਰਮਾਤਮਾ ਵਾਸਤੇ ਹੈ ।
    “ਮੋਹਨ ਤੇਰੈ ਊਚੇ ਮੰਦਰਿ”—ਉਥੇ ਭੀ ‘ਮੋਹਨ’ ਪਰਮਾਤਮਾ ਹੀ ਹੈ} ।
ਗਹੀਜੈ = ਪਕੜ ਲੈਣਾ ਚਾਹੀਦਾ ਹੈ ।੪ ।
    
Sahib Singh
ਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ; ਜਿਹੋ ਜਿਹਾ (ਪਪੀਹੇ ਦਾ ਪ੍ਰੇਮ ਵਰਖਾ-ਬੂੰਦ ਨਾਲ ਹੈ), ਪਪੀਹਾ ਤਿਹਾਇਆ ਹੈ (ਪਰ ਹੋਰ ਪਾਣੀ ਨਹੀਂ ਪੀਂਦਾ, ਉਹ) ਮੁੜ ਮੁੜ ਵਰਖਾ ਦੀ ਕਣੀ ਮੰਗਦਾ ਹੈ, ਤੇ ਬੱਦਲ ਨੂੰ ਆਖਦਾ ਹੈ—ਹੇ ਸੋਹਣੇ (ਮੇਘ)! ਵਰਖਾ ਕਰ ।
ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਪਿਆਰ ਦੇ ਵੱਟੇ ਆਪਣਾ) ਇਹ ਮਨ ਉਸ ਦੇ ਹਵਾਲੇ ਕਰਨਾ ਚਾਹੀਦਾ ਹੈ (ਤੇ ਇਸ ਤ੍ਰਹਾਂ) ਮਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜਨਾ ਚਾਹੀਦਾ ਹੈ; ਅਹੰਕਾਰ ਨਹੀਂ ਕਰਨਾ ਚਾਹੀਦਾ, ਪਰਮਾਤਮਾ ਦੀ ਸਰਨ ਪੈਣਾ ਚਾਹੀਦਾ ਹੈ, ਉਸ ਦੇ ਦਰਸਨ ਦੀ ਖ਼ਾਤਰ ਆਪਣਾ ਆਪ ਸਦਕੇ ਕਰਨਾ ਚਾਹੀਦਾ ਹੈ ।
ਹੇ ਭਾਈ! ਜਿਸ ਜੀਵ-ਇਸਤ੍ਰੀ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈ ਕਰਦੀ ਹੈ—ਹੇ ਵਿਛੁੜੇ ਹੋਏ ਪ੍ਰਭੂ-ਪਤੀ! ਮੈਨੂੰ (ਆ ਕੇ) ਮਿਲ ।
ਹੇ ਨਾਨਕ! ਤੂੰ ਭੀ ਬੇਅੰਤ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ।
ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ, ਅਜੇਹਾ ਪਿਆਰ (ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ ਜਿਹੋ ਜਿਹਾ ਪਪੀਹੇ ਦਾ ਵਰਖਾ ਬੂੰਦ ਨਾਲ ਹੈ) ।੨ ।
ਹੇ (ਮੇਰੇ) ਮਨ! (ਤੈਨੂੰ) ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ (ਉਹੋ ਜਿਹਾ ਪਿਆਰ ਜਿਹੋ ਜਿਹਾ ਚਕਵੀ ਸੂਰਜ ਨਾਲ ਕਰਦੀ ਹੈ ਤੇ ਕੋਇਲ ਅੰਬ ਨਾਲ ਕਰਦੀ ਹੈ) ।
ਚਕਵੀ ਦਾ ਸੂਰਜ ਨਾਲ ਪਿਆਰ ਹੈ, ਉਹ (ਸਾਰੀ ਰਾਤ ਸੂਰਜ ਦਾ ਹੀ) ਚੇਤਾ ਕਰਦੀ ਰਹਿੰਦੀ ਹੈ, ਬੜੀ ਤਾਂਘ ਕਰਦੀ ਹੈ ਕਿ ਕਦੋਂ ਸੂਰਜ ਦਾ ਦੀਦਾਰ ਹੋਵੇਗਾ ।
ਕੋਇਲ ਦਾ ਅੰਬ ਨਾਲ ਪਿਆਰ ਹੈ (ਉਹ ਅੰਬ ਦੇ ਰੁੱਖ ਉਤੇ ਬੈਠ ਕੇ) ਸੋਹਣਾ ਬੋਲਦੀ ਹੈ ।
ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਆਪਣੇ ਕਿਸੇ ਧਨ-ਪਦਾਰਥ ਆਦਿਕ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਥੇ ਅਸੀ) ਸਾਰੇ ਇਕ ਰਾਤ ਦੇ ਪ੍ਰਾਹੁਣੇ (ਹੀ) ਹਾਂ ।
ਫਿਰ ਭੀ ਤੂੰ ਕਿਉਂ (ਜਗਤਨਾਲ) ਪਿਆਰ ਪਾਇਆ ਹੈ, ਮਾਇਆ ਨਾਲ ਮੋਹ ਬਣਾਇਆ ਹੋਇਆ ਹੈ, (ਇਥੇ ਸਭ) ਨੰਗੇ (ਖ਼ਾਲੀ-ਹੱਥ) ਆਉਂਦੇ ਹਨ ਤੇ (ਇਥੋਂ) ਨੰਗੇ (ਖ਼ਾਲੀ-ਹੱਥ) ਹੀ ਚਲੇ ਜਾਂਦੇ ਹਨ ।
ਹੇ ਭਾਈ! ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ, ਗੁਰੂ ਦੇ ਚਰਨੀਂ ਪੈਣਾ ਚਾਹੀਦਾ ਹੈ (ਗੁਰੂ ਦੀ ਸਰਨ ਪਿਆਂ ਹੀ ਮਨ) ਅਡੋਲ ਹੋ ਸਕਦਾ ਹੈ, ਤੇ ਤਦੋਂ ਹੀ ਇਹ ਮੋਹ ਟੁੱਟੇਗਾ ਜੇਹੜਾ ਤੂੰ (ਮਾਇਆ ਨਾਲ) ਬਣਾਇਆ ਹੋਇਆ ਹੈ ।
ਹੇ ਨਾਨਕ! ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, ਆਪਣੇ ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ (ਉਸੇ ਤ੍ਰਹਾਂ ਜਿਵੇਂ ਚਕਵੀ ਸਾਰੀ ਰਾਤ ਤਾਂਘ ਕਰਦੀ ਰਹਿੰਦੀ ਹੈ ਕਿ) ਕਦੋਂ ਸੂਰਜ ਦਾ ਦਰਸਨ ਹੋਵੇਗਾ ।੩ ।
ਹੇ (ਮੇਰੇ) ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਪਾਣਾ ਚਾਹੀਦਾ ਹੈ ਜਿਹੋ ਜਿਹਾ ਪਿਆਰ ਹਰਨ ਪਾਂਦਾ ਹੈ, ਰਾਤ ਵੇਲੇ ਹਰਨ ਘੰਡੇ ਹੇੜੇ ਦੀ ਆਵਾਜ਼ ਆਪਣੇ ਕੰਨੀਂ ਸੁਣ ਕੇ ਆਪਣਾ ਹਿਰਦਾ (ਉਸ ਆਵਾਜ਼ ਦੇ) ਹਵਾਲੇ ਕਰ ਦੇਂਦਾ ਹੈ ।
ਜਿਵੇਂ ਜਵਾਨ ਇਸਤ੍ਰੀ ਆਪਣੇ ਪਤੀ ਦੇ ਪਿਆਰ ਵਿਚ ਬੱਝੀ ਹੋਈ ਪਤੀ ਦੀ ਸੇਵਾ ਕਰਦੀ ਹੈ, (ਉਸੇ ਤ੍ਰਹਾਂ ਹੇ ਭਾਈ!) ਆਪਣਾ ਇਹ ਮਨ ਸੋਹਣੇ ਪ੍ਰਭੂ ਨੂੰ ਦੇਣਾ ਚਾਹੀਦਾ ਹੈ, ਤੇ ਉਸ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ ।
(ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਉਸ) ਦੇ ਮਿਲਾਪ ਦੀਆਂ ਸਾਰੀਆਂ ਖ਼ੁਸ਼ੀਆਂ ਮਿਲਾਪ ਦੇ ਸਾਰੇ ਆਨੰਦ ਮਾਣਦੀ ਹੈ ।
ਉਹ ਆਪਣੇ ਪ੍ਰਭੂ-ਪਤੀ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ, ਉਹ ਆਪਣੀ ਆਤਮਾ ਨੂੰ ਗੂੜ੍ਹਾ ਪ੍ਰੇਮ-ਰੰਗ ਚਾੜ੍ਹ ਲੈਂਦੀ ਹੈ (ਜਿਵੇਂ ਸੁਹਾਗਣ ਲਾਲ ਕੱਪੜਾ ਪਹਿਨਦੀ ਹੈ) ਉਹ ਮੁੱਢ ਕਦੀਮਾਂ ਦੇ ਮਿੱਤਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ।
(ਹੇ ਸਖੀ! ਜਦੋਂ ਤੋਂ) ਗੁਰੂ ਮੇਰਾ ਵਿਚੋਲਾ ਬਣਿਆ ਹੈ, ਮੈਂ ਪ੍ਰਭੂ-ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ, ਮੈਨੂੰ ਪ੍ਰਭੂ-ਪਤੀ ਵਰਗਾ ਹੋਰ ਕੋਈ ਨਹੀਂ ਦਿੱਸਦਾ ।
ਹੇ ਨਾਨਕ! (ਆਖ—) ਹੇ ਮੇਰੇ ਮਨ! ਦਇਆ ਦੇ ਘਰ, ਤੇ ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੁ ।
ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਪਾਣਾ ਚਾਹੀਦਾ ਹੈ (ਜਿਹੋ ਜਿਹਾ ਹਰਨ ਨਾਦ ਨਾਲ ਪਾਂਦਾ ਹੈ ਜਿਹੋ ਜਿਹਾਜਵਾਨ ਇਸਤ੍ਰੀ ਆਪਣੇ ਪਤੀ ਨਾਲ ਪਾਂਦੀ ਹੈ) ।੪।੧।੪ ।
Follow us on Twitter Facebook Tumblr Reddit Instagram Youtube