ਆਸਾ ਛੰਤ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥
ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥
ਹਰਿ ਘਟਿ ਘਟੇ ਡੀਠਾ ਅੰਮ੍ਰਿਤੋੁ ਵੂਠਾ ਜਨਮ ਮਰਨ ਦੁਖ ਨਾਠੇ ॥
ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥
ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥
ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥

ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥
ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥
ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥
ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥
ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥

ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥
ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥
ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥
ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥
ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥
ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥

ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥
ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥
ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥
ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥
ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥
ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋੁ ਪੂਰਾ ॥੪॥੧॥੩॥

Sahib Singh
ਬੇਧਿਆ = ਵਿੱਝ ਗਿਆ ।
ਕਿਛੁ ਆਨ = ਹੋਰ ਕੋਈ ਭੀ ਚੀਜ਼ ।
ਮਿਲਿ = ਮਿਲ ਕੇ ।
ਘਟਿ ਘਟੇ = ਹਰੇਕ ਘਟ (ਸਰੀਰ) ਵਿਚ ।
ਅੰਮਿ੍ਰਤੋੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ {ਲਫ਼ਜ਼ ‘ਅੰਮਿ੍ਰਤੁ’ ਹੈ, ਇਥੇ ‘ਅੰਮਿ੍ਰਤੋ’ ਪੜ੍ਹਨਾ ਹੈ} ।
ਵੂਠਾ = ਆ ਵੱਸਿਆ ।
ਨਾਠੇ = ਨੱਠ ਗਏ ।
ਨਿਧਿ = ਖ਼ਜ਼ਾਨਾ ।
ਗਾਠੇ = ਗੰਢ ।
ਸਹਜ ਸੁਭਾਈ = ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ।
ਮਨਿ = ਮਨ ਵਿਚ ।
ਬੇਧੇ = ਵਿੱਝ ਜਾਣ ਨਾਲ ।੧ ।
ਰਾਤੀ = ਮਸਤ ।
ਜਲਿ = ਜਲ ਵਿਚ ।
ਰਸਿ = ਰਸ ਵਿਚ, ਆਨੰਦ ਵਿਚ ।
ਮਾਤੇ = ਮਸਤ ।
ਗੁਰ ਪੂਰੈ = ਪੂਰੇ ਗੁਰੂ ਨੇ ।
ਜੀਵਨ ਗਤਿ = ਚੰਗਾ ਆਤਮਕ ਜੀਵਨ ਦੇਣ ਵਾਲਾ ।
ਭਾਤੇ = ਭਾ ਜਾਂਦੇ ਹਨ, ਚੰਗੇ ਲੱਗਦੇ ਹਨ ।
ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ ।
ਲੜਿ = ਲੜ ਨਾਲ, ਪੱਲੇ ਨਾਲ ।
ਕਤਹੂ = ਕਿਤੇ ਭੀ ।
ਸੁਘਰੁ = ਸੁਚੱਜਾ (ਸੋਹਣੀ ਆਤਮਕ ਘਾੜਤ ਵਾਲਾ) ।
ਸਰੂਪੁ = ਸੋਹਣਾ, ਰੂਪ ਵਾਲਾ ।
ਸੁਜਾਨੁ = ਸਿਆਣਾ ।
ਦਾਤੇ = ਦਾਤਿ = ਸੰਗ ਨਾਲ ।੨ ।
ਢਾਠੀ = ਢਹਿ ਪਈ ।
ਭੀਤਿ = ਕੰਧ ।
ਭਰੰਮ = ਭਟਕਣਾ ।
ਸੂਰਾ = ਸੂਰਮਾ ।
ਪੂਰਨ = ਸਾਰੇ ਗੁਣਾਂ ਦਾ ਮਾਲਕ ।
ਪੁਰਬਿ = ਪਹਿਲੇ ਜਨਮ ਵਿਚ ।
ਨਿਧਿ = ਖ਼ਜ਼ਾਨਾ ।
ਦਇਆਲਾ = ਦਇਆ ਕਰਨ ਵਾਲਾ ।
ਆਦਿ = ਸ਼ੁਰੂ ਵਿਚ ।
ਮਧਿ = ਵਿਚਕਾਰ ।
ਅੰਤਿ = ਅਖ਼ੀਰ ਵਿਚ ।
ਗੁਰ = ਵੱਡਾ ।
ਗੋਪਾਲਾ = ਧਰਤੀ ਦਾ ਪਾਲਣਹਾਰ ।
ਸਹਜ = ਆਤਮਕ ਅਡੋਲਤਾ ।
ਘਨੇਰੇ = ਬਹੁਤ ।
ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ ।
ਸਾਧੂ = ਗੁਰੂ ।
ਮਾਨੋਰਥੁੋ = (ਅਸਲ ਲਫ਼ਜ਼ ‘ਮਾਨੋਰਥੁ’ ਹੈ, ਇਥੇ ‘ਮਾਨੋਰਥੋ’ ਪੜ੍ਹਨਾ ਹੈ} ।੪ ।
    
Sahib Singh
(ਹੇ ਭਾਈ! ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿਚ ਪ੍ਰੋਤਾ ਜਾਂਦਾ ਹੈ, ਉਸ ਨੂੰ (ਪਰਮਾਤਮਾ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ।
ਸਾਧ ਸੰਗਤਿ ਵਿਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ (ਉਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਜਨਮ ਮਰਨ ਦੇ ਦੁੱਖ (ਜ਼ਿੰਦਗੀ ਦੇ ਸਾਰੇ ਦੁੱਖ) ਦੂਰ ਹੋ ਜਾਂਦੇ ਹਨ ।
ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਆਪਣੇ ਸਾਰੇ ਦੁੱਖ ਮਿਟਾ ਲੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦੀ (ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ ।
ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ (ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ (ਜਿਵੇਂ) ਮਜੀਠ (ਦਾ ਪੱਕਾ ਰੰਗ) ।
ਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ।੧ ।
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰੇ ਗੁਰੂ ਨੇ (ਹਰਿ-ਨਾਮ ਸਿਮਰਨ ਦਾ) ਉਪਦੇਸ਼ ਦੇ ਦਿੱਤਾ, ਉਹ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ।
ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ, ਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ ।
ਹੇ ਨਾਨਕ! ਪਰਮਾਤਮਾ ਸੋਹਣੀ ਆਤਮਕ ਘਾੜਤ ਵਾਲਾ ਹੈ, ਸੋਹਣੇ ਰੂਪ ਵਾਲਾ ਹੈ, ਸਿਆਣਾ ਹੈ, (ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਹੋਈ ਹੋਈ) ਉਸ ਪਰਮਾਤਮਾ ਦੀ ਬਖਸ਼ਸ਼ ਕਦੇ ਮਿਟਦੀ ਨਹੀਂ (ਇਸ ਵਾਸਤੇ ਉਹ ਮਨੁੱਖ) ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀ (ਡੂੰਘੇ) ਪਾਣੀ ਦੀ ਸੰਗਤਿ ਵਿਚ ।੨ ।
(ਹੇ ਭਾਈ!) ਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ (ਪ੍ਰਭੂ-ਚਰਨਾਂ ਵਿਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ), ਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ) ।
(ਪਰ, ਹੇ ਭਾਈ!) ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ ।
(ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸਿ੍ਰਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ ।
ਹੇ ਭਾਈ! ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ ।
ਹੇ ਨਾਨਕ! (ਆਖ—) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ।੪।੧।੩ ।
Follow us on Twitter Facebook Tumblr Reddit Instagram Youtube