ਆਸਾ ਮਹਲਾ ੫ ॥
ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥
ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥
ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥
ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥
ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ ॥
ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥੧॥

ਹਰਿ ਸੰਤਾ ਹਰਿ ਸੰਤ ਸਜਨ ਮੇਰੇ ਮੀਤ ਸਹਾਈ ਰਾਮ ॥
ਵਡਭਾਗੀ ਵਡਭਾਗੀ ਸਤਸੰਗਤਿ ਪਾਈ ਰਾਮ ॥
ਵਡਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ ॥
ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਨ ਜਾਈ ॥
ਬਿਨਵੰਤਿ ਨਾਨਕ ਦਾਸੁ ਤੇਰਾ ਸਦਾ ਹਰਿ ਸਰਣਾਈ ॥੨॥

ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ ॥
ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥
ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥
ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥
ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥
ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥

ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥
ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥
ਹਰਿ ਧੂੜੀ ਨ੍ਹਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥
ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥
ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ ॥
ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥

Sahib Singh
ਅਕਥਾ = ਜੋ ਬਿਆਨ ਨਾਹ ਕੀਤਾ ਜਾ ਸਕੇ ।
ਕਥਾ = ਸਿਫ਼ਤਿ = ਸਾਲਾਹ ।
ਸੁਰਿਨਰ = ਦੈਵੀ ਗੁਣ ਵਾਲੇ ਬੰਦੇ ।
ਮੁਨਿਜਨ = ਸ਼ਾਂਤ = ਚਿੱਤ ਰਹਿਣ ਵਾਲੇ ਮਨੁੱਖ ।
ਸਹਜਿ = ਆਤਮਕ ਅਡੋਲਤਾ ਵਿਚ ।
ਅਮਿਉ ਬਾਣੀ = ਅੰਮਿ੍ਰਤ ਬਾਣੀ, ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਰਾਹੀਂ ।
ਰੰਗੁ = ਪਿਆਰ ।
ਜਪਿ = ਜਪ ਕੇ ।
ਅਲਖੁ = ਅਦਿ੍ਰਸ਼ਟ ।
ਨਿਰੰਜਨੁ = ਨਿਰਲੇਪ ।
ਚਿੰਦਿਆ = ਚਿਤਵਿਆ ।
ਤਜਿ = ਤਜ ਕੇ ।
ਦੂਜਾ = ਮਾਇਆ ਦਾ ਪਿਆਰ ।
ਗੁਰ ਪ੍ਰਸਾਦੀ = ਗੁਰੂ ਦੀ ਕਿਰਪਾ ਨਾਲ ।
ਰੰਗੁ = ਆਨੰਦ ।੧ ।
ਸਹਾਈ = ਸਾਥੀ, ਸਹਾਇਤਾ ਕਰਨ ਵਾਲੇ ।
ਸੰਤਾਪ = ਦੁੱਖ = ਕਲੇਸ਼, ਮਾਨਸਕ ਦੁੱਖ ।
ਭ੍ਰਮ = ਭਟਕਣਾ ।
ਭਉ = ਡਰ = ਸਹਮ ।
ਆਪੁ = ਆਪਾ = ਭਾਵ ।
ਪ੍ਰਭਿ = ਪ੍ਰਭੂ ਨੇ ।
ਕਤਹਿ = ਕਿਤੇ ਭੀ ।੨ ।
ਦਰੇ = ਦਰਿ, ਦਰ ਤੇ ।
ਵਾਰੀ = ਕੁਰਬਾਨ ।
ਜਾਵਾ = ਜਾਵਾਂ, ਮੈਂ ਜਾਂਦਾ ਹਾਂ ।
ਸਦ = ਸਦਾ ।
ਕਰਿ = ਕਰ ਕੇ ।
ਭੇਟਤ = ਮਿਲਿਆਂ ।
ਜਾਤਾ = ਜਾਣ ਲਿਆ, ਡੂੰਘੀ ਸਾਂਝ ਪਾ ਲਈ ।
ਘਟਿ ਘਟਿ = ਹਰੇਕ ਸਰੀਰ ਵਿਚ ।
ਬਿਧਾਤਾ = ਸਿਰਜਣਹਾਰ ।
ਜੂਐ = ਜੂਏ ਵਿਚ ।੩ ।
ਕੇਤਕ = ਕਿਤਨੇ ਕੁ ?
ਗਾਵਾ = ਗਾਵਾਂ, ਮੈਂ ਗਾ ਸਦਕਾ ਹਾਂ ।
ਪਾਵਾ = ਪਾਵਾਂ, ਹਾਸਲ ਕਰਾਂ ।
ਨ@ਾਈਐ = ਇਸ਼ਨਾਨ ਕਰਨਾ ਚਾਹੀਦਾ ਹੈ ।
ਗਵਾਈਐ = ਦੂਰ ਕਰ ਲਈਦੀ ਹੈ ।
ਹਦੂਰੇ = ਅੰਗ = ਸੰਗ ।
ਸਾਥੇ = ਸਾਥਿ, ਨਾਲ ।
ਕਲਿਆਣ = ਸੁਖ ਆਨੰਦ ।
ਬਹੁੜਿ = ਮੁੜ, ਫਿਰ ।
ਤਰੀਐ = ਤਰ ਜਾਈਦਾ ਹੈ ।
ਪ੍ਰਭ ਭਾਵਾ = ਪ੍ਰਭ ਭਾਵਾਂ, ਪ੍ਰਭੂ ਨੂੰ ਚੰਗਾ ਲੱਗ ਪਵਾਂ ।੪ ।
    
Sahib Singh
ਹੇ ਭਾਈ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੀ ਹਉਮੈ ਚਤੁਰਾਈ ਦੇ ਆਧਾਰ ਤੇ) ਨਹੀਂ ਕੀਤੀ ਜਾ ਸਕਦੀ, (ਸਿਆਣਪ-ਚਤੁਰਾਈ ਦੇ ਆਸਰੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਜਾਣ-ਪਛਾਣ ਨਹੀਂ ਪਾਈ ਜਾ ਸਕਦੀ ।
ਦੈਵੀ ਸੁਭਾਵ ਵਾਲੇ ਸ਼ਾਂਤ-ਚਿੱਤ ਰਹਿਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹੀ ਸਿਫ਼ਤਿ-ਸਾਲਾਹ ਕਰਦੇ ਹਨ ।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਉਹਨਾਂ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾ ਲਿਆ, ਉਸ ਇੱਕ ਅਦਿ੍ਰਸ਼ਟ ਤੇ ਨਿਰਲੇਪ ਪ੍ਰਭੂ ਨੂੰ ਸਿਮਰ ਕੇ ਉਹਨਾਂ ਨੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲਿਆ ।
ਨਾਨਕ ਬੇਨਤੀ ਕਰਦਾ ਹੈ—(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ) ਅਹੰਕਾਰ ਮੋਹ ਵਿਕਾਰ ਮਾਇਆ ਦਾ ਪਿਆਰ ਦੂਰ ਕਰ ਕੇ ਆਪਣੀ ਸੁਰਤਿ ਰੱਬੀ ਨੂਰ ਵਿਚ ਜੋੜ ਲਈ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ।੧ ।
ਹੇ ਭਾਈ! ਪਰਮਾਤਮਾ ਦੇ ਸੰਤ ਜਨ ਮੇਰੇ ਮਿੱਤਰ ਹਨ ਮੇਰੇ ਸੱਜਣ ਹਨ ਮੇਰੇ ਸਾਥੀ ਹਨ ।
ਉਹਨਾਂ ਦੀ ਸੰਗਤਿ ਮੈਂ ਵੱਡੇ ਭਾਗਾਂ ਨਾਲ ਬੜੀ ਉੱਚੀ ਕਿਸਮਤ ਨਾਲ ਪ੍ਰਾਪਤ ਕੀਤੀ ਹੈ ।
ਜੇਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਖ਼ੁਸ਼-ਕਿਸਮਤੀ ਨਾਲ ਹਾਸਲ ਕਰ ਲੈਂਦਾ ਹੈ ਉਹ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਸਾਰੇ ਦੁੱਖ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਹਨ ।
ਹੇ ਭਾਈ! ਜੇਹੜਾ ਬੰਦਾ ਸਤਿਗੁਰੂ ਦੀ ਚਰਨੀਂ ਲੱਗਦਾ ਹੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਹਰੇਕ ਡਰ-ਸਹਮ ਖ਼ਤਮ ਹੋ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਅਹੰਕਾਰ) ਦੂਰ ਕਰ ਲੈਂਦਾ ਹੈ ।
ਜਿਸ ਮਨੁੱਖ ਨੂੰ ਪਿਆਰੇ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਚਰਨਾਂ ਵਿਚ ਜੋੜ ਲਿਆ, ਉਹ ਪ੍ਰਭੂ ਤੋਂ ਵਿਛੁੜ ਕੇ ਹੋਰ ਕਿਧਰੇ ਭੀ ਨਹੀਂ ਜਾਂਦਾ ।
ਨਾਨਕ ਬੇਨਤੀ ਕਰਦਾ ਹੈ—ਹੇ ਹਰੀ! ਮੈਂ ਤੇਰਾ ਦਾਸ ਹਾਂ, ਮੈਨੂੰ ਭੀ ਆਪਣੀ ਸਰਨ ਵਿਚ ਰੱਖ ।੨ ।
ਹੇ ਹਰੀ! ਤੇਰੇ ਦਰ ਤੇ, ਤੇਰੇ ਬੂਹੇ ਤੇ (ਖਲੋਤੇ) ਤੇਰੇ ਪਿਆਰੇ ਭਗਤ ਸੋਹਣੇ ਲੱਗ ਰਹੇ ਹਨ ।
ਮੈਂ (ਤੇਰੇ) ਉਹਨਾਂ (ਭਗਤਾਂ) ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ।
(ਹੇ ਭਾਈ!) ਮੈਂ ਉਹਨਾਂ ਭਗਤਾਂ ਅੱਗੇ ਸਿਰ ਨਿਵਾ ਕੇ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਮਿਲਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ (ਤੇ ਇਹ ਸਮਝ ਆ ਜਾਂਦੀ ਹੈ ਕਿ) ਸਰਬ-ਵਿਆਪਕ ਸਿਰਜਣਹਾਰ ਹਰੇਕ ਸਰੀਰ ਵਿਚ ਹਰ ਥਾਂ ਮੌਜੂਦ ਹੈ ।
ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ (ਜੁਆਰੀਏ ਵਾਂਗ) ਜੂਏ ਵਿਚ (ਮਨੁੱਖਾ) ਜਨਮ (ਦੀ ਬਾਜ਼ੀ) ਨਹੀਂ ਹਾਰਦਾ ।
ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਕਿਰਪਾ ਕਰ ਕੇ (ਮੈਨੂੰ ਭੀ ਜੂਏ ਵਿਚ ਜੀਵਨ-ਬਾਜ਼ੀ ਹਾਰਨ ਤੋਂ) ਬਚਾ ਲੈ ।੩ ।
ਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ।
ਮੈਂ ਤੇਰੇ ਕਿਤਨੇ ਕੁ ਗੁਣ ਗਾ ਸਕਦਾ ਹਾਂ ?
ਹੇ ਪ੍ਰਭੂ! ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਤੇਰੇ (ਸੋਹਣੇ) ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ ।
ਹੇ ਭਾਈ! ਪ੍ਰਭੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤ੍ਰਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ (ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ ।
(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੇ ਅੰਦਰ ਸੁਖ-ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦਾ ।
ਨਾਨਕ ਬੇਨਤੀ ਕਰਦਾ ਹੈ—ਗੁਰੂ ਦੀ ਸਰਨ ਪਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ।
(ਜੇ ਮੈਨੂੰਭੀ ਗੁਰੂ ਮਿਲ ਪਏ ਤਾਂ ਮੈਂ ਭੀ) ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵਾਂ ।੪।੨ ।
Follow us on Twitter Facebook Tumblr Reddit Instagram Youtube