ੴ ਸਤਿਗੁਰ ਪ੍ਰਸਾਦਿ ॥
ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥
ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥
ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥
ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥
ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥
ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥

ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥
ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥
ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥
ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥
ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥
ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥

ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥
ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥
ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥
ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥
ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥
ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥

ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥
ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥
ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥
ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥
ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥
ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥

Sahib Singh
ਅਨਦੋ ਅਨਦੁ = ਆਨੰਦ ਹੀ ਆਨੰਦ ।
ਘਣਾ = ਬਹੁਤ ।
ਵੂਠਾ = ਆ ਵੱਸਿਆ ।
ਤੁਠਾ = ਪ੍ਰਸੰਨ ਹੋਇਆ ।
ਸਹਜੁ = ਆਤਮਕ ਅਡੋਲਤਾ ।
ਗਿ੍ਰਹੁ = ਘਰ, ਹਿਰਦਾ = ਘਰ ।
ਵਸਿ ਆਇਆ = ਵੱਸ ਪਿਆ ਹੈ ।
ਮੰਗਲੁ = ਖ਼ੁਸ਼ੀ ਦਾ ਗੀਤ ।
ਓਇ = (ਲਫ਼ਜ਼ ‘ਉਹ’ ਤੋਂ ਬਹੁ-ਵਚਨ) ।
ਭਾਗਿ ਗਇਆ = ਭੱਜ ਗਏ ।
ਆਘਾਣੇ = ਰੱਜ ਗਏ ਹਨ ।
ਅੰਮਿ੍ਰਤ ਬਾਣੇ = ਆਤਮਕ ਜੀਵਨ ਦੇਣ ਵਾਲੀ ਬਾਣੀ ਨਾਲ ।
ਬਸੀਠਾ = ਵਕੀਲ, ਵਿਚੋਲਾ ।
ਸਿਉ = ਨਾਲ ।
ਨੈਣੀ = ਅੱਖਾਂ ਨਾਲ ।੧ ।
ਸੋਹਿਅੜੇ = ਸੋਭਨੀਕ ਹੋ ਗਏ ਹਨ ।
ਬੰਕ = ਬਾਂਕੇ, ਸੁੰਦਰ ।
ਮੇਰੇ ਦੁਆਰੇ = ਮੇਰੇ ਗਿਆਨ-ਇ੍ਰੰਦੇ ।
ਪਾਹੁਨੜੇ = ਮੇਰੀ ਜਿੰਦ ਦਾ ਪਤੀ ।
ਕਾਰਜ ਸਾਰੇ = ਮੇਰੇ (ਸਾਰੇ) ਕੰਮ ਸੰਵਾਰਦੇ ਹਨ ।
ਕਰਿ = ਕਰ ਕੇ ।
ਆਪੇ = ਆਪ ਹੀ ।
ਮਾਞੀ = (ਵਿਆਹ ਵਾਲੇ ਘਰ ਆਇਆ ਹੋਇਆ) ਮੇਲ ।
ਸੁਆਮੀ = ਖਸਮ ।
ਦੇਵਾ = ਇਸ਼ਟ = ਦੇਵ (ਜਿਸ ਦੇ ਸਾਹਮਣੇ ਵਿਆਹ ਹੁੰਦਾ ਹੈ) ।
ਕਾਰਜੁ = ਵਿਆਹ ਦਾ ਕੰਮ ।
ਧਾਰਨ ਧਾਰੇ = ਆਸਰਾ ਦੇਂਦਾ ਹੈ ।
ਸਹੁ = ਖਸਮ = ਪ੍ਰਭੂ ।
ਘਰ = ਹਿਰਦਾ = ਘਰ ।੨ ।
ਨਵ = ਨੌ ।
ਨਿਧਿ = ਖ਼ਜ਼ਾਨਾ ।
ਨਵ ਨਿਧੇ = ਸਿ੍ਰਸ਼ਟੀ ਦੇ ਸਾਰੇ ਨੌ ਹੀ ਖ਼ਜ਼ਾਨੇ ।
ਘਰ = ਹਿਰਦਾ = ਘਰ ।
ਧਿਆਈ = ਧਿਆਈਂ, ਮੈਂ ਸਿਮਰਦਾ ਹਾਂ ।
ਸਖਾਈ = ਸਾਥੀ ।
ਸਹਜ = ਆਤਮਕ ਅਡੋਲਤਾ ।
ਸੁਭਾਈ = ਸ੍ਰੇਸ਼ਟ ਪ੍ਰੇਮ ਦਾ ਦਾਤਾ ।
ਗਣਤ = ਚਿੰਤਾ ।
ਚੂਕੀ = ਮੁੱਕ ਗਈ ਹੈ ।
ਧਾਈ = ਭਟਕਣਾ ।
ਨ ਵਿਆਪੈ = ਜ਼ੋਰ ਨਹੀਂ ਪਾ ਸਕਦੀ ।
ਚਿੰਦਾ = ਚਿੰਤਾ ।
ਗਾਜੇ = ਗੱਜ ਰਿਹਾ ਹੈ, ਪਰਗਟ ਹੋ ਰਿਹਾ ਹੈ ।
ਅਨਹਦ = ਇੱਕ = ਰਸ ।
ਅਨਹਦ ਵਾਜੇ = ਇੱਕ = ਰਸ ਵਾਜੇ ਵੱਜ ਰਹੇ ਹਨ ।
ਸੋਭ = ਸੋਭਾ ।
ਮੇਰੈ ਸੰਗੇ = ਮੇਰੇ ਨਾਲ ।੩ ।
ਸਰਸਿਅੜੇ = ਸ = ਰਸ ਹੋ ਗਏ ਹਨ, ਆਨੰਦ-ਪੂਰਨ ਹੋ ਗਏ ਹਨ ।
ਮੇਰੇ ਭਾਈ ਮੀਤਾ = ਮੇਰੇ ਮਿੱਤਰ ਮੇਰੇ ਭਰਾ, ਮੇਰੇ ਸਾਰੇ ਗਿਆਨ-ਇੰਦ੍ਰੇ ।
ਬਿਖਮੋ ਬਿਖਮੁ = ਬਿਖਮ ਹੀ ਬਿਖਮ, ਬਹੁਤ ਅੌਖਾ ।
ਅਖਾੜਾ = ਸੰਸਾਰ = ਅਖਾੜਾ ਜਿਥੇ ਕਾਮਾਦਿਕ ਵਿਕਾਰਾਂ ਨਾਲ ਸਦਾ ਘੋਲ ਹੋ ਰਿਹਾ ਹੈ ।
ਗੁਰੂ ਮਿਲਿ = ਗੁਰੂ ਨੂੰ ਮਿਲ ਕੇ ।
ਭੀਤਾ = ਕੰਧ, ਭੀਤ ।
ਭਰਮ ਗੜਾ = ਭਰਮ ਦੇ ਕਿਲ੍ਹੇ ਦੀ ।
ਸਾਣਥ = ਸਹਾਇਤਾ ਲਈ ।
ਸੁਗਿਆਨਾ = ਗਿਆਨ ਵਾਲਾ ।
ਪਰਧਾਨਾ = ਮੰਨਿਆ = ਪ੍ਰਮੰਨਿਆ ।
ਜੋ = ਜਿਸ ਨੂੰ ।
ਪ੍ਰਭਿ = ਪ੍ਰਭੂ ਨੇ ।
ਜਾਂ = ਜਦੋਂ ।
ਵਲਿ = ਪੱਖ ਤੇ ।
    ।੪ ।
    
Sahib Singh
(ਹੇ ਭਾਈ! ਮੇਰੇ ਹਿਰਦੇ-ਘਰ ਵਿਚ) ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ) ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ (ਜੋ ਆਨੰਦ ਦਾ ਸੋਮਾ ਹੈ), ਅਤੇ ਮੈਂ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ ।
(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿਚ ਆ ਵੱਸਿਆ ਹੈ (ਕਿਉਂਕਿ) ਸਤਿਗੁਰੂ (ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਗੁਰੂ ਦੀ ਮੇਹਰ ਨਾਲ ਮੇਰੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਗਈ ਹੈ ।
ਹੁਣ ਮੇਰਾ (ਹਿਰਦਾ) ਘਰ ਵੱਸ ਪਿਆ ਹੈ (ਮੇਰੇ ਗਿਆਨ-ਇੰਦ੍ਰੇ) ਖ਼ੁਸ਼ੀ ਦਾ ਗੀਤ ਗਾ ਰਹੇ ਹਨ (ਮੇਰੇ ਹਿਰਦੇ-ਘਰ ਵਿਚੋਂ) ਉਹ (ਕਾਮਾਦਿਕ) ਪੰਜ ਵੈਰੀ ਨੱਸ ਗਏ ਹਨ ।
(ਹੇ ਭਾਈ! ਜਦੋਂ ਦਾ) ਮਿੱਤਰ ਗੁਰੂ (ਪਰਮਾਤਮਾ ਨਾਲ ਮਿਲਾਣ ਵਾਸਤੇ) ਵਕੀਲ ਬਣਿਆ ਹੈ, ਉਸ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੇਰੇ ਗਿਆਨ-ਇੰਦ੍ਰੇ ਠੰਢੇ-ਠਾਰ ਹੋ ਗਏ ਹਨ (ਮਾਇਕ ਪਦਾਰਥਾਂ ਵਲੋਂ) ਰੱਜ ਗਏ ਹਨ ।ਹੇ ਨਾਨਕ! ਆਖ—ਮੇਰਾ ਮਨ ਹੁਣ ਪਰਮਾਤਮਾ ਨਾਲ ਗਿੱਝ ਗਿਆ ਹੈ, ਮੈਂ ਉਸ ਪਰਮਾਤਮਾ ਨੂੰ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ ।੧ ।
(ਹੇ ਸਖੀ! ਮੇਰੇ ਹਿਰਦੇ-ਘਰ ਦੇ ਸਾਰੇ ਦਰਵਾਜ਼ੇ) ਮੇਰੇ ਗਿਆਨ-ਇੰਦ੍ਰੇ ਸੋਹਣੇ ਹੋ ਗਏ ਹਨ ਸੋਭਨੀਕ ਹੋ ਗਏ ਹਨ (ਕਿਉਂਕਿ ਮੇਰੇ ਹਿਰਦੇ-ਘਰ ਵਿਚ) ਮੇਰੀ ਜਿੰਦ ਦੇ ਸਾਈਂ ਮੇਰੇ ਸੰਤ-ਪ੍ਰਭੂ ਜੀ ਆ ਬਿਰਾਜੇ ਹਨ ।
ਮੇਰੇ ਪਿਆਰੇ ਸੰਤ-ਪ੍ਰਭੂ ਜੀ ਮੇਰੇ ਕੰਮ ਸਾਰੇ ਸੰਵਾਰ ਰਹੇ ਹਨ (ਮੇਰੇ ਸਾਰੇ ਗਿਆਨ-ਇ੍ਰੰਦੇ ਉਸ ਸੰਤ-ਪ੍ਰਭੂ ਨੂੰ) ਨਮਸਕਾਰ ਕਰ ਕੇ ਉਸ ਦੀ ਸੇਵਾ-ਭਗਤੀ ਵਿਚ ਲੱਗ ਗਏ ਹਨ ।
ਉਹ ਆਪ ਹੀ ਜਾਂਞੀ ਹੈ ਉਹ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਉਹ ਆਪ ਹੀ ਇਸ਼ਟ-ਦੇਵ ਹੈ ।
(ਮੇਰੀ ਜਿੰਦ ਦਾ ਮਾਲਕ-ਪ੍ਰਭੂ ਮੇਰੀ ਜਿੰਦ ਨੂੰ ਆਪਣੇ ਚਰਨਾਂ ਵਿਚ ਜੋੜਨ ਦਾ ਇਹ) ਆਪਣਾ ਕੰਮ ਆਪ ਹੀ ਸਿਰੇ ਚਾੜ੍ਹਦਾ ਹੈ ।
ਹੇ ਨਾਨਕ! ਆਖ—ਮੇਰਾ ਖਸਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਬੈਠਦਾ ਹੈ, ਮੇਰੇ ਸਾਰੇ ਗਿਆਨ-ਇੰਦ੍ਰੇ ਸੋਹਣੇ ਬਣ ਗਏ ਹਨ ।੨ ।
ਹੇ ਭਾਈ! ਹੁਣ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਮੈਨੂੰ ਹਰੇਕ ਪਦਾਰਥ ਮਿਲ ਗਿਆ ਹੈ, ਮੈਂਸਭ ਕੁਝ ਲੱਭ ਲਿਆ ਹੈ, ਸਿ੍ਰਸ਼ਟੀ ਦੇ ਸਾਰੇ ਹੀ ਨੌ ਖ਼ਜ਼ਾਨੇ ਮੇਰੇ ਹਿਰਦੇ-ਘਰ ਵਿਚ ਆ ਟਿਕੇ ਹਨ ।
ਮੈਂ ਉਸ ਗੋਬਿੰਦ ਦਾ ਨਾਮ ਸਦਾ ਸਿਮਰਦਾ ਹਾਂ ਜੋ ਮੇਰਾ ਸਦਾ ਲਈ ਸਾਥੀ ਬਣ ਗਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ ਆਤਮਕ ਅਡੋਲਤਾ ਤੇ ਪ੍ਰੇਮ ਪੈਦਾ ਹੋ ਗਿਆ ਹੈ ।
ਮੈਂ, ਆਪਣੇ ਅੰਦਰ ਚਿੰਤਾ-ਫ਼ਿਕਰ ਮਿਟਾ ਲਿਆ ਹੈ, ਮੇਰੀ ਭਟਕਣਾ ਮੁੱਕ ਗਈ ਹੈ, ਕੋਈ ਚਿੰਤਾ ਮੇਰੇ ਮਨ ਉਤੇ ਕਦੇ ਜੋਰ ਨਹੀਂ ਪਾ ਸਕਦੀ ।
ਮੇਰੇ ਅੰਦਰ ਗੋਬਿੰਦ ਗੱਜ ਰਿਹਾ ਹੈ (ਪ੍ਰਭੂ ਦੇ ਸਿਮਰਨ ਦਾ ਆਨੰਦ ਪੂਰੇ ਜੋਬਨ ਵਿਚ ਹੈ ।
ਇਉਂ ਆਨੰਦ ਬਣਿਆ ਹੋਇਆ ਹੈ, ਮਾਨੋ, ਸਾਰੇ ਸੰਗੀਤਕ ਸਾਜ) ਇੱਕ-ਰਸ (ਮੇਰੇ ਅੰਦਰ) ਵੱਜ ਰਹੇ ਹਨ ।
(ਪਰਮਾਤਮਾ ਨੇ ਮੇਰੇ ਅੰਦਰ) ਹੈਰਾਨ ਕਰ ਦੇਣ ਵਾਲੀ ਆਤਮਕ ਸੁੰਦਰਤਾ ਪੈਦਾ ਕਰ ਦਿੱਤੀ ।
ਹੇ ਨਾਨਕ! ਆਖ—ਪ੍ਰਭੂ-ਪਤੀ ਮੇਰੇ ਅੰਗ-ਸੰਗ ਵੱਸ ਰਿਹਾ ਹੈ, ਤਾਹੀਏਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਸਿ੍ਰਸ਼ਟੀ ਦੇ ਨੌ ਹੀ ਖ਼ਜ਼ਾਨੇ ਲੱਭ ਲਏ ਹਨ ।੩ ।
ਹੇ ਭਾਈ! ਗੁਰੂ ਨੂੰ ਮਿਲ ਕੇ ਮੈਂ ਇਹ ਬੜਾ ਅੌਖਾ ਸੰਸਾਰ-ਅਖਾੜਾ ਜਿੱਤ ਲਿਆ ਹੈ, ਹੁਣ ਮੇਰੇ ਸਾਰੇ ਮਿੱਤਰ ਭਰਾ (ਸਾਰੇ ਗਿਆਨ-ਇੰਦ੍ਰੇ) ਆਨੰਦ-ਪੂਰਤਿ ਹੋ ਰਹੇ ਹਨ ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੈਂ ਸੰਸਾਰ-ਅਖਾੜਾ ਜਿੱਤਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਂ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਹਾਂ (ਮੈਂ ਪਹਿਲਾਂ ਮਾਇਆ ਦੀ ਭਟਕਣਾ ਦੇ ਕਿਲ੍ਹੇ ਵਿਚ ਕੈਦ ਸਾਂ, ਹੁਣ ਉਹ) ਭਟਕਣਾ ਦੇ ਕਿਲ੍ਹੇ ਦੀ ਕੰਧ ਢਹਿ ਪਈ ਹੈ ।
ਮੈਂ ਹਰਿ-ਨਾਮ ਦਾ ਖ਼ਜ਼ਾਨਾ ਲੱਭ ਲਿਆ ਹੈ, ਇਕ ਵੱਡਾ ਖ਼ਜ਼ਾਨਾ ਲੱਭ ਲਿਆ ਹੈ, ਮੇਰੀ ਸਹਾਇਤਾ ਉਤੇ ਪ੍ਰਭੂ ਆਪ (ਮੇਰੇ ਸਿਰ ਉਤੇ) ਆ ਖਲੋਤਾ ਹੈ ।
ਹੇ ਭਾਈ! ਉਹੀ ਮਨੁੱਖ ਚੰਗੀ ਸੂਝ ਵਾਲਾ ਹੈ ਉਹੀ ਮਨੁੱਖ ਹਰ ਥਾਂ ਮੰਨਿਆ-ਪ੍ਰਮੰਨਿਆ ਹੋਇਆ ਹੈ ਜਿਸ ਨੂੰ ਪ੍ਰਭੂ ਨੇ ਆਪਣਾ (ਸੇਵਕ) ਬਣਾ ਲਿਆ ਹੈ ।
ਹੇ ਨਾਨਕ! ਜਦੋਂ ਖਸਮ-ਪ੍ਰਭੂ ਪੱਖ ਤੇ ਹੋਵੇ ਤਾਂ ਸਾਰੇ ਮਿੱਤਰ ਭਰਾ ਭੀ ਖ਼ੁਸ਼ ਹੋ ਜਾਂਦੇ ਹਨ ।੪।੧ ।
Follow us on Twitter Facebook Tumblr Reddit Instagram Youtube