ਆਸਾ ਮਹਲਾ ੪ ਛੰਤ ਘਰੁ ੫
ੴ ਸਤਿਗੁਰ ਪ੍ਰਸਾਦਿ ॥
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥
ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥
ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥
ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥

ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥
ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥
ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥
ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥

ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥
ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥
ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਨ ਪਵੈ ਕਿਵੈ ॥
ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥੩॥

ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥
ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥
ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ ॥
ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥

ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥
ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥
ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ ਮਨਿ ਚਿੰਦਿਅੜਾ ਫਲੁ ਪਾਇਆ ॥
ਹਰਿ ਤੁਠੜਾ ਮੇਰੇ ਪਿਆਰੇ ਜਨੁ ਨਾਨਕੁ ਨਾਮਿ ਸਮਾਇਆ ॥੫॥

ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ ॥
ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ ॥
ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ ॥
ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥

Sahib Singh
ਵੇ ਮਨ = ਹੇ ਮਨ !
ਪਰਦੇਸੀ = ਪਰਾਏ ਦੇਸ਼ਾਂ ਵਿਚ ਰਹਿਣ ਵਾਲੇ, ਥਾਂ ਥਾਂ ਭਟਕਣ ਵਾਲੇ ।ਘਰੇ—ਘਰਿ, ਘਰ ਵਿਚ, ਪ੍ਰਭੂ-ਚਰਨਾਂ ਵਿਚ ।
ਮਿਲਾਵਹੁ = ਮਿਲ ।
ਵਸੈ = ਵੱਸਦਾ ਹੈ ।
ਹਰੇ = ਹਰੀ ।
ਰੰਗਿ = ਪ੍ਰੇਮ ਵਿਚ (ਟਿਕ ਕੇ) ।
ਰਲੀਆਂ = ਮੌਜਾਂ ।
ਤੁਠਾ = ਦਇਆਵਾਨ, ਪ੍ਰਸੰਨ ।੧ ।
ਭਾਉ ਕਰੇ = ਭਾਉ ਕਰਿ, ਪਿਆਰ ਕਰ ਕੇ ।
ਮਨਿ = ਮਨ ਵਿਚ (ਵੱਸ ਰਹੀ) ।
ਆਸ = (ਮਾਇਆ ਦੀਆਂ) ਆਸਾਂ ।
ਜੋਬਨੁ = ਜਵਾਨੀ ।
ਜਾਵੈ = ਬੀਤਦਾ ਜਾ ਰਿਹਾ ਹੈ ।
ਹਿਰੇ = ਹੇਰੇ, ਤੱਕ ਰਿਹਾ ਹੈ ।
ਭਾਗਮਣੀ = ਭਾਗਾਂ ਦੀ ਮਣੀ ।
ਉਰਿ = ਹਿਰਦੇ ਵਿਚ ।੨ ।
ਰਤਿਅੜੇ = ਰੱਤੇ ਹੋਏ, ਪ੍ਰੇਮ-ਰੰਗ ਨਾਲ ਰੰਗੇ ਹੋਏ ।
ਮੈਡੇ = ਮੇਰੇ ।
ਲੋਇਣ = ਨੇਤਰ, ਅੱਖਾਂ ।
ਚਾਤਿ੍ਰਕ = ਪਪੀਹਾ ।
ਸੀਤਲੁ = ਠੰਡਾ ।
ਪੀਵੈ = ਪੀਂਦਾ ਹੈ ।
ਤਨਿ = ਸਰੀਰ ਵਿਚ (ਉਪਜਿਆ ਹੋਇਆ) ।
ਬਿਰਹੁ = ਵਿਛੋੜੇ ਦਾ ਦਰਦ ।
ਕਿਵੈ = ਕਿਸੇ ਤ੍ਰਹਾਂ ਭੀ ।
ਲਿਵ = ਸੁਰਤਿ ।੩ ।
ਚੜਿ = ਚੜ੍ਹੈ, ਚੜ੍ਹਦਾ ਹੈ ।
ਭਲੀਅ = ਸੋਹਣੀ ।
ਰੁਤੇ = ਰੁਤਿ ।
ਬਾਝੜਿਅਹੁ = ਬਿਨਾ ।
ਆਂਗਣਿ = (ਹਿਰਦੇ ਦੇ) ਵੇਹੜੇ ਵਿਚ ।
ਧੂੜਿ = ਘੱਟਾ ।
ਲੁਤੇ = ਉੱਡ ਰਹੀ ਹੈ ।
ਮਨਿ = ਮਨ ਵਿਚ ।
ਉਡੀਣੀ = ਉਦਾਸ ।
ਨੈਨ = ਅੱਖਾਂ ।
ਜੁਤੇ = ਜੁੜੇ ਹੋਏ, ਟੱਕ ਨੀਝ ਲਾ ਰਹੇ ।
ਦੇਖਿ = ਵੇਖ ਕੇ ।
ਵਿਗਸੀ = ਖਿੜ ਪਈ ।
ਸੁਤੇ = ਸੁਤ, ਪੁੱਤਰ ਨੂੰ ।੪ ।
ਵਿਟੜਿਅਹੁ = ਤੋਂ ।
ਹਉ = ਮੈਂ ।
ਘੋਲੀ = ਸਦਕੇ ।
ਜਿਨਿ = ਜਿਸ (ਗੁਰੂ) ਨੇ ।
ਸਭਿ = ਸਾਰੀਆਂ ।
ਮਨਿ ਚਿੰਦਿਅੜਾ = ਮਨ ਵਿਚ ਚਿਤਵਿਆ ਹੋਇਆ ।
ਤੁਠੜਾ = ਪ੍ਰਸੰਨ ।
ਨਾਮਿ = ਨਾਮ ਵਿਚ ।
ਨਾਨਕੁ = (ਆਖਦਾ ਹੈ) ।੫ ।
ਪਿਆਰੇ = ਹੇ ਪਿਆਰੇ !
ਖੇਲਸਾ = ਖੇਲਸਾਂ; ਮੈਂ ਖੇਡਾਂਗੀ ।
ਕਿਉ = ਕਿਵੇਂ ?
ਪਾਈ = ਪਾਈਂ, ਮੈਂ ਲੱਭਾਂ ।
ਜਿਤੁ = ਜਿਸ ਦੀ ਰਾਹੀਂ ।
ਲਗਿ = (ਜਿਸ ਦੀ ਚਰਨੀਂ) ਲੱਗ ਕੇ ।
ਦੇਖਸਾ = ਦੇਖਸਾਂ, ਮੈਂ ਵੇਖਾਂ ।
ਦਾਤੜੇ = ਹੇ ਪਿਆਰੇ ਦਾਤਾਰ !
ਗੁਰਮੁਖਿ = ਗੁਰੂ ਦੀ ਰਾਹੀਂ ।
ਮੁਖਿ ਮੇਲਸਾ = ਮੁਖਿ ਮੇਲਸਾਂ, ਮੈਂ ਮੂੰਹ ਨਾਲ ਮਿਲਾਵਾਂਗੀ, ਮੈਂ ਤੇਰਾ ਦਰਸਨ ਕਰਾਂਗੀ ।
ਧੁਰਿ = ਦਰਗਾਹ ਤੋਂ ।
ਮਸਤਕਿ = ਮੱਥੇ ਉਤੇ ।
ਸਾ = ਸੀ ।੬ ।
    
Sahib Singh
ਹੇ ਥਾਂ ਥਾਂ ਭਟਕ ਰਹੇ ਮਨ! ਹੇ ਪਿਆਰੇ ਮਨ! ਕਦੇ ਤਾਂ ਪ੍ਰਭੂ-ਚਰਨਾਂ ਵਿਚ ਜੁੜ ।
ਹੇ ਮੇਰੇ ਪਿਆਰੇ ਮਨ! ਹਰਿ-ਰੂਪ ਗੁਰੂ ਨੂੰ ਮਿਲ (ਤੈਨੂੰ ਸਮਝ ਪੈ ਜਾਇਗੀ ਕਿ ਸਭ ਸੁਖਾਂ ਦਾ ਦਾਤਾ) ਪਰਮਾਤਮਾ ਤੇਰੇ ਅੰਦਰ ਹੀ ਵੱਸ ਰਿਹਾ ਹੈ ।
ਹੇ ਮੇਰੇ ਪਿਆਰੇ ਮਨ! ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਆਤਮਕ ਆਨੰਦ ਮਾਣ (ਅਰਦਾਸ ਕਰਦਾ ਰਹੁ ਕਿ ਤੇਰੇ ਉਤੇ) ਪ੍ਰਭੂ ਇਹ ਮੇਹਰ (ਦੀ ਦਾਤਿ) ਕਰੇ ।
ਨਾਨਕ (ਆਖਦਾ ਹੈ—) ਹੇ ਮੇਰੇ ਪਿਆਰੇ ਮਨ! ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਨੂੰ ਪਰਮਾਤਮਾ ਨਾਲ ਮਿਲਾ ਦੇਂਦਾ ਹੈ ।੧ ।
ਹੇ ਮੇਰੇ ਪਿਆਰੇ! ਮੈਂ (ਪ੍ਰਭੂ-ਚਰਨਾਂ ਵਿਚ) ਪ੍ਰੇਮ ਜੋੜ ਕੇ ਉਸ ਦੇ ਪਿਆਰ ਦਾ ਸੁਆਦ (ਕਦੇ ਭੀ) ਨਹੀਂ ਚੱਖਿਆ, (ਕਿਉਂਕਿ) ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਵੱਸ ਰਹੀ ਮਾਇਆ ਦੀ) ਤ੍ਰਿਸ਼ਨਾ ਕਦੇ ਮੁੱਕੀ ਹੀ ਨਹੀਂ, (ਮੇਰਾ ਮਨ) ਸਦਾ (ਮਾਇਆ ਦੀਆਂ ਹੀ) ਆਸਾਂ ਬਣਾਂਦਾ ਰਹਿੰਦਾ ਹੈ ।
ਹੇ ਮੇਰੇ ਪਿਆਰੇ! ਸਦਾ (ਇਸੇ ਹਾਲਤ ਵਿਚ ਹੀ) ਮੇਰੀ ਜਵਾਨੀ ਲੰਘਦੀ ਜਾ ਰਹੀ ਹੈ ਤੇ ਮੌਤ ਦਾ ਦੇਵਤਾ ਮੇਰੇ ਸੁਆਸਾਂ ਨੂੰ (ਗਹੁ ਨਾਲ) ਤੱਕ ਰਿਹਾ ਹੈ (ਕਿ ਸੁਆਸ ਪੂਰੇ ਹੋਣ ਤੇ ਇਸ ਨੂੰ ਆ ਫੜਾਂ) ।
ਹੇ ਨਾਨਕ! (ਆਖ—) ਹੇ ਮੇਰੇ ਪਿਆਰੇ! ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਬਣਦੀ ਹੈ ਉਸ ਦੇ ਮੱਥੇ ਉਤੇ ਭਾਗਾਂ ਦੀ ਮਣੀ ਚਮਕਦੀ ਹੈ ਜੇਹੜੀ ਪਰਮਾਤਮਾ (ਦੀ ਯਾਦ) ਆਪਣੇ ਹਿਰਦੇ ਵਿਚ ਟਿਕਾਈ ਰੱਖਦੀ ਹੈ ।੨ ।
ਹੇ ਮੇਰੇ ਪਿਆਰੇ! ਮੇਰੀਆਂ ਅੱਖਾਂ ਪ੍ਰਭੂ-ਪਤੀ ਦੇ ਦਰਸ਼ਨ ਵਿਚ ਮਸਤ ਹਨ ਜਿਵੇਂ ਪਪੀਹਾ (ਸ੍ਵਾਂਤੀ ਵਰਖਾ ਦੀ) ਬੂੰਦ (ਲਈ ਤਾਂਘਦਾ ਹੈ) ।
ਹੇ ਮੇਰੇ ਪਿਆਰੇ! ਜਦੋਂ ਮੇਰਾ ਮਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਪੀਂਦਾ ਹੈ ਤਾਂ ਠੰਢਾ-ਠਾਰ ਹੋ ਜਾਂਦਾ ਹੈ ।
ਹੇ ਮੇਰੇ ਪਿਆਰੇ! ਮੇਰੇ ਸਰੀਰ ਵਿਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ, ਕਿਸੇ ਤ੍ਰਹਾਂ ਭੀ ਮੈਨੂੰ ਨੀਂਦ ਨਹੀਂ ਪੈਂਦੀ ।
ਹੇ ਨਾਨਕ! (ਆਖ—) ਹੇ ਮੇਰੇਪਿਆਰੇ! ਗੁਰੂ ਦੀ ਬਖ਼ਸ਼ੀ ਲਗਨ ਦੀ ਬਰਕਤਿ ਨਾਲ ਮੈਂ ਸੱਜਣ ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ ।੩ ।
ਹੇ ਮੇਰੇ ਪਿਆਰੇ! ਚੇਤ (ਦਾ ਮਹੀਨਾ) ਚੜ੍ਹਦਾ ਹੈ, ਬਸੰਤ (ਦਾ ਮੌਸਮ) ਆਉਂਦਾ ਹੈ, (ਸਾਰਾ ਸੰਸਾਰ ਆਖਦਾ ਹੈ ਕਿ ਇਹ) ਸੋਹਣੀ ਰੁੱਤ (ਆ ਗਈ ਹੈ, ਪਰ) ਹੇ ਮੇਰੇ ਪਿਆਰੇ! ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ (ਮੇਰੇ ਹਿਰਦੇ ਦੇ) ਵੇਹੜੇ ਵਿਚ ਧੂੜ ਉੱਡ ਰਹੀ ਹੈ ।
ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਉੱਠ ਰਹੀ ਹੈ, (ਮੈਂ ਦੁਨੀਆ ਦੇ ਭਾ ਦੀ ਸੋਹਣੀ ਬਸੰਤ ਰੁੱਤ ਵਲੋਂ) ਉਦਾਸ ਹਾਂ, ਮੇਰੀਆਂ ਦੋਵੇਂ ਅੱਖਾਂ (ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ-ਪਤੀ ਦੇ ਦਰਸਨ ਦੀ ਉਡੀਕ ਵਿਚ) ਜੁੜੀਆਂ ਪਈਆਂ ਹਨ ।
ਨਾਨਕ (ਆਖਦਾ ਹੈ—ਹੁਣ) ਹੇ ਮੇਰੇ ਪਿਆਰੇ! ਗੁਰੂ ਨਾਨਕ ਨੂੰ ਵੇਖ ਕੇ (ਮੇਰੀ ਜਿੰਦ ਇਉਂ) ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ ।੪ ।
ਹੇ ਮੇਰੇ ਪਿਆਰੇ! ਮੈਨੂੰ ਗੁਰੂ ਨੇ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ, ਮੈਂ ਉਸ ਗੁਰੂ ਤੋਂ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ ।
ਹੇ ਮੇਰੇ ਪਿਆਰੇ! ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ, ਪ੍ਰਭੂ ਪਾਸੇ ਮੈਂ ਮਨ-ਚਿਤਵਿਆ ਫਲ ਪਾ ਲਿਆ ਹੈ ।
ਨਾਨਕ (ਆਖਦਾ ਹੈ—) ਹੇ ਮੇਰੇ ਪਿਆਰੇ! ਜਿਸ (ਵਡ-ਭਾਗੀ ਮਨੁੱਖ ਉਤੇ) ਪਰਮਾਤਮਾ ਦਇਆਵਾਨ ਹੁੰਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ।੫ ।
ਹੇ ਪਿਆਰੇ! ਪਰਮਾਤਮਾ ਤੋਂ ਬਿਨਾ (ਕਿਸੇ ਹੋਰ ਨਾਲ) ਮੈਂ ਪ੍ਰੇਮ (ਦੀ ਖੇਡ) ਨਹੀਂ ਖੇਡਾਂਗੀ ।
(ਹੇ ਪਿਆਰੇ! ਦੱਸ) ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀਂ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ ।
ਹੇ ਪਿਆਰੇ ਦਾਤਾਰ ਹਰੀ! ਮੈਨੂੰ ਗੁਰੂ ਮਿਲਾ, ਗੁਰੂ ਦੀ ਰਾਹੀਂ ਹੀ ਮੈਂ ਤੇਰਾ ਦਰਸਨ ਕਰ ਸਕਾਂਗੀ ।
ਨਾਨਕ (ਆਖਦਾ ਹੈ—) ਹੇ ਮੇਰੇ ਪਿਆਰੇ! (ਜਿਸ ਵਡ-ਭਾਗੀ ਦੇ) ਮੱਥੇ ਉਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ।੬।੧੪।੨੧ ।
Follow us on Twitter Facebook Tumblr Reddit Instagram Youtube