ਆਸਾ ਮਹਲਾ ੪ ॥
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥
ਜੋ ਜਨ ਮਰਿ ਜੀਵੇ ਤਿਨ੍ਹ ਅੰਮ੍ਰਿਤੁ ਪੀਵੇ ਮਨਿ ਲਾਗਾ ਗੁਰਮਤਿ ਭਾਉ ਜੀਉ ॥
ਮਨਿ ਹਰਿ ਹਰਿ ਭਾਉ ਗੁਰੁ ਕਰੇ ਪਸਾਉ ਜੀਵਨ ਮੁਕਤੁ ਸੁਖੁ ਹੋਈ ॥
ਜੀਵਣਿ ਮਰਣਿ ਹਰਿ ਨਾਮਿ ਸੁਹੇਲੇ ਮਨਿ ਹਰਿ ਹਰਿ ਹਿਰਦੈ ਸੋਈ ॥
ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ ਜੀਉ ॥
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥

ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥
ਹਰਿ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਇਹੁ ਜੀਅੜਾ ਰਖਿਆ ਨ ਜਾਇ ਜੀਉ ॥
ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ ॥
ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥
ਜਿਸ ਕੀ ਵਸਤੁ ਪ੍ਰਭੁ ਲਏ ਸੁਆਮੀ ਜਨ ਉਬਰੇ ਸਬਦੁ ਕਮਾਇ ਜੀਉ ॥
ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥੨॥

ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥
ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ ਹਰਿ ਦਰਗਹ ਪੈਧੇ ਜਾਨਿ ਜੀਉ ॥
ਹਰਿ ਦਰਗਹ ਪੈਧੇ ਹਰਿ ਨਾਮੈ ਸੀਧੇ ਹਰਿ ਨਾਮੈ ਤੇ ਸੁਖੁ ਪਾਇਆ ॥
ਜਨਮ ਮਰਣ ਦੋਵੈ ਦੁਖ ਮੇਟੇ ਹਰਿ ਰਾਮੈ ਨਾਮਿ ਸਮਾਇਆ ॥
ਹਰਿ ਜਨ ਪ੍ਰਭੁ ਰਲਿ ਏਕੋ ਹੋਏ ਹਰਿ ਜਨ ਪ੍ਰਭੁ ਏਕ ਸਮਾਨਿ ਜੀਉ ॥
ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥

ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥
ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥
ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥
ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ ॥
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥
ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥

Sahib Singh
ਮਨਿ = ਮਨ ਵਿਚ ।
ਭਾਨਾ = ਪਿਆਰਾ ਲੱਗਦਾ ਹੈ ।
ਚਾਉ = ਉਤਸ਼ਾਹ ।
ਮਰਿ = ਮਰ ਕੇ, ਆਪਾ = ਭਾਵ ਵਲੋਂ ਮਰ ਕੇ, ਆਪਾ-ਭਾਵ ਮਿਟਾ ਕੇ ।
ਜੀਵੇ = ਆਤਮਕ ਜੀਵਨ ਜੀਊਂਦੇ ਹਨ ।
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਭਾਉ = ਪ੍ਰੇਮ ।
ਪਸਾਉ = ਪ੍ਰਸਾਦੁ, ਕਿਰਪਾ ।
ਮੁਕਤੁ = ਮਾਇਆ ਦੇ ਬੰਧਨਾਂ ਵਲੋਂ ਆਜ਼ਾਦ ।
ਜੀਵਣਿ = ਆਤਮਕ ਜੀਵਨ ਜੀਊਣ ਦੇ ਕਾਰਨ ।
ਮਰਣਿ = ਆਪਾ = ਭਾਵ ਵਲੋਂ ਮਰਨ ਦੇ ਕਾਰਨ ।
ਨਾਮਿ = ਨਾਮ ਵਿਚ ।
ਸੁਹੇਲੇ = ਸੌਖੇ ।
ਰਸਿਆ = ਰਚ ਜਾਂਦਾ ਹੈ ।
ਗਟਾਕ = ਗਟ ਗਟ ਕੇ, ਵੱਡੇ ਵੱਡੇ ਘੁੱਟ ਭਰ ਕੇ ।੧ ।
ਜਗਿ = ਜਗਤ ਵਿਚ ।
ਮਰਣੁ = ਮੌਤ ।
ਭਾਇਆ = ਪਸੰਦ ਆਇਆ ।
ਆਪੁ = ਆਪਣੇ ਆਪ ਨੂੰ, ਜਿੰਦ ਨੂੰ ।
ਮਤ ਲੈ ਜਾਇ = ਕਿਤੇ ਲੈ ਨ ਜਾਏ ।
ਜੀਅੜਾ = ਜਿੰਦ ।
ਜੀਉ = ਜਿੰਦ ।
ਲੋੜੀਜੈ = ਲੱਭ ਲੈਂਦਾ ਹੈ ।
ਜਿਸ ਕੀ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹੈ} ।
ਕਰਣ ਪਲਾਵ = {ਕ{ਣਾ ਪ੍ਰਲਾਪ} ਕੀਰਨੇ, ਤਰਲੇ, ਵਾ ਵੇਲਾ ।
ਉਬਰੇ = ਬਚ ਗਏ ।੨ ।
ਧੁਰਿ = ਧੁਰ ਦਰਗਾਹ ਤੋਂ ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ।
ਸੋਹਾਇਆ = ਸੋਹਣਾ ਲੱਗਦਾ ਹੈ ।
ਜਨ = ਭਗਤ = ਜਨ ।
ਉਬਰੇ = ਮੌਤ ਦੇ ਸਹਮ ਤੋਂ ਬਚੇ ਰਹਿੰਦੇ ਹਨ ।
ਧਿਆਨਿ = ਧਿਆਨ ਵਿਚ (ਜੁੜ ਕੇ) ।
ਨਾਮਿ = ਨਾਮ ਦੀ ਰਾਹੀਂ ।
ਪੈਧੇ = ਸਰੋਪਾ ਲੈ ਕੇ, ਆਦਰ-ਮਾਣ ਪ੍ਰਾਪਤ ਕਰ ਕੇ ।
ਜਾਨਿ = ਜਾਂਦੇ ਹਨ ।
ਸੀਧੇ = ਕਾਮਯਾਬ ਹੁੰਦੇ ਹਨ ।
ਰਲਿ = ਰਲ ਕੇ ।
ਏਕ ਸਮਾਨਿ = ਇਕੋ ਜਿਹੇ ।੩ ।
ਉਪਜੈ = ਜੰਮਦਾ ਹੈ ।
ਬਿਨਸੈ = ਮਰਦਾ ਹੈ ।
ਬਿਨਸਿ ਬਿਨਾਸੈ = ਆਤਮਕ ਮੌਤ ਸਹੇੜਦਾ ਰਹਿੰਦਾ ਹੈ ।
ਲਗਿ = ਲੱਗ ਕੇ ।
ਗੁਰਮੁਖਿ = ਗੁਰੂ ਦੀ ਰਾਹੀਂ ।
ਅਸਥਿਰੁ = ਅਡੋਲ = ਚਿੱਤ ।
ਦਿ੍ਰੜਾਏ = ਹਿਰਦੇ ਵਿਚ ਪੱਕਾ ਕਰਦਾ ਹੈ ।
ਰਸਕਿ = ਸੁਆਦ ਨਾਲ ।
ਮੁਖਿ = ਮੂੰਹ ਵਿਚ ।
ਚੋਇ = ਚੋਂਦਾ ਹੈ ।
ਮੁਆ = ਆਤਮਕ ਮੌਤੇ ਮਰਿਆ ਹੋਇਆ ।
ਬਾਹੁੜਿ = ਮੁੜ ।
ਅਮਰ ਪਦੁ = ਉਹ ਆਤਮਕ ਅਵਸਥਾ ਜਿੱਥੇ ਆਤਮਕ ਮੌਤ ਪੋਹ ਨਹੀਂ ਸਕਦੀ ।
ਨਾਮਿ = ਨਾਮ ਵਿਚ ।
ਅਧਾਰੁ = ਆਸਰਾ ।
ਟੇਕ = ਸਹਾਰਾ ।੪ ।
    
Sahib Singh
ਹੇ ਭਾਈ! ਭਗਤ ਜਨ ਆਪਣੇ ਮਨ ਵਿਚ ਸਦਾ ਹਰਿ-ਨਾਮਿ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ ।
ਜੇਹੜੇ ਮਨੁੱਖ ਆਪਾ-ਭਾਵ ਮਿਟਾ ਕੇ ਆਤਮਕ ਜੀਵਨ ਜੀਊਂਦੇ ਹਨ ਉਹ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚ ਪ੍ਰਭੂ ਵਾਸਤੇ ਪਿਆਰ ਬਣਿਆ ਰਹਿੰਦਾ ਹੈ ।
ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਕਿਰਪਾ ਕਰਦਾ ਹੈ ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਲਈ ਪਿਆਰ ਪੈਦਾ ਹੋ ਜਾਂਦਾ ਹੈ ਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਛੁਟ ਜਾਂਦਾ ਹੈ,ਉਹ ਆਤਮਕ ਆਨੰਦ ਮਾਣਦਾ ਹੈ ।
ਹੇ ਭਾਈ! ਆਤਮਕ ਜੀਵਨ ਜੀਊਣ ਦੇ ਕਾਰਨ ਤੇ ਆਪਾ-ਭਾਵ ਵਲੋਂ ਮਰਨ ਦੇ ਕਾਰਨ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿਣ ਵਾਲੇ ਮਨੁੱਖ ਸਦਾ ਸੌਖੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ ਸਦਾ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ ।
ਗੁਰੂ ਦੀ ਮਤਿ ਦਾ ਸਦਕਾ ਉਹਨਾਂ ਦੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ ਵੱਸਿਆ ਰਹਿੰਦਾ ਹੈ, ਹਰਿ-ਨਾਮ ਉਹਨਾਂ ਦੇ ਅੰਦਰ ਰਚ ਜਾਂਦਾ ਹੈ, ਉਹ ਹਰਿ-ਨਾਮ-ਜਲ, ਮਾਨੋ, ਗਟ ਗਟ ਗਟ ਕਰ ਕੇ ਪੀਂਦੇ ਰਹਿੰਦੇ ਹਨ ।
ਹੇ ਭਾਈ! ਭਗਤ ਜਨ ਆਪਣੇ ਮਨ ਵਿਚ ਸਦਾ ਹਰਿ-ਨਾਮ ਜਪਦੇ ਹਨ, ਹਰਿ-ਨਾਮ ਉਹਨਾਂ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਜਪਣ ਦਾ ਉਹਨਾਂ ਦੇ ਮਨ ਵਿਚ ਚਾਉ ਬਣਿਆ ਰਹਿੰਦਾ ਹੈ ।੧ ।
ਜਗਤ ਵਿਚ (ਕਿਸੇ ਨੂੰ ਭੀ) ਮੌਤ ਪਸੰਦ ਨਹੀਂ ਆਉਂਦੀ, (ਹਰ ਕੋਈ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ ।
ਪਰ ਪਰਮਾਤਮਾ ਹਰੇਕ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਭੀ ਵੱਸਦਾ ਹੈ, ਉਸ ਪਾਸੋਂ ਲੁਕਾ ਕੇ ਇਹ ਜਿੰਦ (ਮੌਤ ਤੋਂ) ਬਚਾਈ ਨਹੀਂ ਜਾ ਸਕਦੀ ।
ਇਹ ਜਿੰਦ ਕਿਸੇ ਤ੍ਰਹਾਂ ਭੀ (ਮੌਤ ਤੋਂ) ਬਚਾ ਕੇ ਰੱਖੀ ਨਹੀਂ ਜਾ ਸਕਦੀ, ਹਰਿ-ਪ੍ਰਭੂ ਇਸ (ਜਿੰਦ-) ਵਸਤ ਨੂੰ ਲੱਭ ਹੀ ਲੈਂਦਾ ਹੈ ।
ਪਰਮਾਤਮਾ ਦੀ ਇਹ ਚੀਜ਼ ਹੈ ਉਹ ਇਸ ਨੂੰ ਲੈ ਹੀ ਜਾਂਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤਰਲੇ ਕਰ ਕਰ ਕੇ ਹਰੇਕ ਕਿਸਮ ਦਾ ਦਵਾ-ਦਾਰੂ ਵਰਤ ਕੇ ਭਟਕਦੇ ਫਿਰਦੇ ਹਨ, ਪਰ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਚੀਜ਼ ਹੈ ਉਹ ਮਾਲਕ-ਪ੍ਰਭੂ ਇਸ ਨੂੰ ਲੈ ਹੀ ਲੈਂਦਾ ਹੈ ।
ਪਰਮਾਤਮਾ ਦੇ ਸੇਵਕ ਗੁਰੂ ਦਾ ਸ਼ਬਦ ਕਮਾ ਕੇ (ਸ਼ਬਦ ਅਨੁਸਾਰ ਆਪਣਾ ਆਤਮਕ ਜੀਵਨ ਬਣਾ ਕੇ, ਮੌਤ ਦੇ ਸਹਮ ਤੋਂ) ਬਚ ਜਾਂਦੇ ਹਨ ।
(ਹੇ ਭਾਈ!) ਜਗਤ ਵਿਚ (ਕਿਸੇ ਨੂੰ ਭੀ) ਮੌਤ ਚੰਗੀ ਨਹੀਂ ਲੱਗਦੀ (ਹਰੇਕ ਜੀਵ) ਸਦਾ ਆਪਣੀ ਜਿੰਦ ਨੂੰ ਲੁਕਾਂਦਾ ਹੈ ਕਿ ਕਿਤੇ ਜਮ ਇਸ ਨੂੰ ਫੜ ਕੇ ਲੈ ਨ ਜਾਏ ।੨ ।
ਹੇ ਭਾਈ! ਗੁਰੂ ਦੀ ਸਰਨ ਪਏ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ-ਜਨ ਪਰਮਾਤਮਾ ਦੇ ਚਰਨਾਂ ਦੇ ਧਿਆਨ ਵਿਚ ਜੁੜ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ ।
ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਹ ਗੁਰਮੁਖਿ (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਖੱਟਦੇ ਹਨ, ਜਗਤ ਤੋਂ ਇੱਜ਼ਤ-ਵਡਿਆਈ ਲੈ ਕੇ ਉਹ ਪਰਮਾਤਮਾ ਦੀ ਦਰਗਾਹ ਵਿਚ ਜਾਂਦੇ ਹਨ ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਹਾਸਲ ਕਰਦੇ ਹਨ, ਹਰਿ-ਨਾਮ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਕਾਮਯਾਬ ਬਣਾ ਲੈਂਦੇ ਹਨ, ਪਰਮਾਤਮਾ ਦੇ ਨਾਮ ਤੋਂ ਉਹ ਆਤਮਕ ਆਨੰਦ ਪ੍ਰਾਪਤ ਕਰਦੇ ਹਨ ।
ਗੁਰੂ ਦੇ ਦਰ ਤੇ ਟਿਕੇ ਰਹਿਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਤੇ ਇਸ ਤ੍ਰਹਾਂ ਉਹ ਜੂਨਾਂ ਦਾ ਗੇੜ ਅਤੇ ਮੌਤ—ਇਹਨਾਂ ਦੋਹਾਂ ਦੁੱਖਾਂ ਨੂੰ ਮਿਟਾ ਲੈਂਦੇ ਹਨ ।
(ਹੇ ਭਾਈ!) ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਮਿਲ ਕੇ ਇੱਕ-ਰੂਪ ਹੋ ਜਾਂਦੇ ਹਨ, ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਇਕੋ ਜਿਹੇ ਹੋ ਜਾਂਦੇ ਹਨ ।
(ਹੇ ਭਾਈ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਮੌਤ ਭੀ ਸੋਹਣੀ ਲੱਗਦੀ ਹੈ, ਉਹ ਗੁਰਮੁਖਿ ਬੰਦੇ ਪਰਮਾਤਮਾ ਦੇ ਧਿਆਨ ਵਿਚ ਲੀਨ ਹੋ ਕੇ (ਮੌਤ ਦੇ ਸਹਮ ਵਲੋਂ) ਬਚੇ ਰਹਿੰਦੇ ਹਨ ।੩ ।
(ਹੇ ਭਾਈ! ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ।
ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਨਾਮ-ਮੰਤਰ ਪੱਕਾ ਕਰਦਾ ਹੈ ਜਿਸ ਮਨੁੱਖ ਦੇ ਮੂੰਹ ਵਿਚ ਆਤਮਕ ਜੀਵਨਦੇਣ ਵਾਲਾ ਨਾਮ-ਜਲ ਚੋਂਦਾ ਹੈ ਉਹ ਮਨੁੱਖ ਹਰਿ-ਨਾਮ-ਰਸ ਨੂੰ ਸੁਆਦ ਨਾਲ (ਆਪਣੇ ਅੰਦਰ) ਰਚਾਂਦਾ ਹੈ ।
ਜਦੋਂ ਉਹ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ (ਪਹਿਲਾਂ ਆਤਮਕ ਮੌਤੇ) ਮੋਇਆ ਹੋਇਆ ਉਹ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਮੁੜ ਉਸ ਨੂੰ ਇਹ ਮੌਤ ਨਹੀਂ ਵਿਆਪਦੀ ।
ਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਉਹ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।
ਹੇ ਦਾਸ ਨਾਨਕ! ਪਰਮਾਤਮਾ ਦਾ ਨਾਮ (ਉਸ ਮਨੁੱਖ ਦੀ ਜ਼ਿੰਦਗੀ ਦਾ) ਆਸਰਾ ਸਹਾਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਪਦਾਰਥ ਉਸ ਦੇ ਆਤਮਕ ਜੀਵਨ ਦਾ ਸਹਾਰਾ ਨਹੀਂ ਬਣ ਸਕਦਾ ।
(ਹੇ ਭਾਈ! ਮਾਇਆ-ਗ੍ਰਸਿਆ) ਜਗਤ (ਮੁੜ ਮੁੜ) ਜੰਮਦਾ ਹੈ ਮਰਦਾ ਹੈ ਆਤਮਕ ਮੌਤੇ ਮਰਦਾ ਰਹਿੰਦਾ ਹੈ, ਗੁਰੂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਲੱਗ ਕੇ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ।੪।੬।੧੩ ।
Follow us on Twitter Facebook Tumblr Reddit Instagram Youtube