ੴ ਸਤਿਗੁਰ ਪ੍ਰਸਾਦਿ ॥
ਆਸਾ ਛੰਤ ਮਹਲਾ ੪ ਘਰੁ ੨ ॥
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥
ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥
ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥
ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥
ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥

ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥
ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥
ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥
ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥

ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥
ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥
ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥
ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥
ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥

ਜਿਨ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥
ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰ ਸਬਦੀ ਹਰਿ ਰਸ ਭੋਗ ਜੀਉ ॥
ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥
ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥
ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥
ਜਿਨ੍ਹ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥੪॥੩॥੧੦॥

Sahib Singh
ਕਲਿਜੁਗਿ = ਕਲਜੁਗ ਵਿਚ, ਮਾਇਆ-ਗ੍ਰਸੇ ਸੰਸਾਰ ਵਿਚ ।
ਸਤਿਗੁਰ ਭਾਇ = ਗੁਰੂ ਦੇ ਪਿਆਰ ਵਿਚ (ਟਿਕ ਕੇ) ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਪੜੀਐ = ਪੜਿ੍ਹਆ ਜਾ ਸਕਦਾ ਹੈ ।
ਸੁਣੀਐ = ਸੁਣਿਆ ਜਾ ਸਕਦਾ ਹੈ ।
ਜਾਇ = ਦੂਰ ਹੋ ਜਾਂਦਾ ਹੈ ।
ਪਰਮ = ਸਭ ਤੋਂ ਉੱਚਾ ।
ਗਿਆਨੁ = ਆਤਮਕ ਜੀਵਨ ਦੀ ਉੱਚੀ ਸੂਝ ।
ਬਲਿਆ = ਪ੍ਰਬਲ ਹੋਇਆ, ਚਮਕਿਆ ।
ਘਟਿ = ਹਿਰਦੇ ਵਿਚ ।
ਅੰਧੇਰੁ = ਹਨੇਰਾ ।
ਜਿਨ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ ।
ਧੁਰਿ = ਧੁਰ ਦਰਗਾਹ ਤੋਂ ।
ਲਿਖਿ = ਲਿਖ ਕੇ ।
ਪਾਇ = ਰੱਖ ਦਿੱਤਾ ਹੈ ।੨ ।
ਮੀਠਾ = ਮਿੱਠਾ, ਪਿਆਰਾ ।
ਤੇ ਜਨ = ਉਹ ਬੰਦੇ !
ਪਰਧਾਨਾ = ਮੰਨੇ ਪ੍ਰਮੰਨੇ, ਇੱਜ਼ਤ-ਦਾਰ ।
ਹਰਿ ਲੋਗ = ਰੱਬ ਦੇ ਪਿਆਰੇ ਮਨੁੱਖ ।
ਵਡਾਈ = ਆਦਰ = ਮਾਣ ।
ਸਖਾਈ = ਸਾਥੀ, ਮਿੱਤਰ ।
ਸਬਦੀ = ਸ਼ਬਦ ਦੀ ਰਾਹੀਂ ।
ਭੋਗ = ਆਨੰਦ ।
ਨਿਰਜੋਗ = ਨਿਰਲੇਪ ।
ਸੇ = ਉਹ ਬੰਦੇ ।
ਧੰਨੁ = ਭਾਗਾਂ ਵਾਲੇ ।
ਸਤ ਪੁਰਖਾ = ਉੱਚੇ ਜੀਵਨ ਵਾਲੇ ਮਨੁੱਖ ।
ਰੇਣੁ = ਚਰਨ = ਧੂੜ ।
ਪਗ = ਪੈਰ ।
ਸਾਧੂ = ਗੁਰੂ ।
ਮਨਿ = ਮਨ ਵਿਚ (ਟਿਕਿਆ ਹੋਇਆ) ।
ਸੋਗੁ = ਗ਼ਮ ।
ਵਿਜੋਗ = ਵਿਛੋੜਾ ।੪ ।
    
Sahib Singh
(ਹੇ ਭਾਈ!) ਇਸ ਮਾਇਆ-ਗ੍ਰਸੇ ਜਗਤ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪ੍ਰੇਮ ਵਿਚ ਟਿਕ ਕੇ ਹੀ ਜਪਿਆ ਜਾ ਸਕਦਾ ਹੈ ।
ਗੁਰੁ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਪੜ੍ਹੀ ਜਾ ਸਕਦੀ ਹੈ ।
ਗੁਰੂ ਦੀ ਸਰਨ ਪੈ ਕੇ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀ ਜਾ ਸਕਦੀ ਹੈ ।
ਪਰਮਾਤਮਾ ਦਾ ਨਾਮ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ।
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਉਸ ਦਾ ਦੁੱਖ ਨਾਸ ਹੋ ਗਿਆ, ਜਿਸ ਨੇ ਹਰਿ-ਨਾਮ (ਧਨ ਪ੍ਰਾਪਤ ਕੀਤਾ) ਉਸ ਨੇ ਸਭ ਤੋਂ ਉੱਚਾ ਆਨੰਦ ਮਾਣਿਆ ।
ਗੁਰੂ ਦੀ ਦਿੱਤੀ ਆਤਮਕ ਜੀਵਨ ਦੀ ਸੂਝ ਜਿਸ ਮਨੁੱਖ ਦੇ ਅੰਦਰ ਚਮਕ ਪਈ ਉਸ ਦੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣਹੋ ਪਿਆ, ਉਸ ਨੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲਿਆ ।
ਹੇ ਭਾਈ! ਉਹਨਾਂ ਮਨੁੱਖਾਂ ਨੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ ।
(ਹੇ ਭਾਈ!) ਇਸ ਮਾਇਆ-ਗ੍ਰਸੇ ਸੰਸਾਰ ਵਿਚ (ਹੋਰ ਸਾਰੇ ਪਦਾਰਥਾਂ ਨਾਲੋਂ) ਪਰਮਾਤਮਾ ਦਾ ਨਾਮ ਸ੍ਰੇਸ਼ਟ ਪਦਾਰਥ ਹੈ, ਪਰ ਇਹ ਹਰਿ-ਨਾਮ ਗੁਰੂ ਦੇ ਪਿਆਰ ਵਿਚ ਜੁੜ ਕੇ ਹੀ ਜਪਿਆ ਜਾ ਸਕਦਾ ਹੈ ।੨ ।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ।
ਪਰਮਾਤਮਾ ਦਾ ਨਾਮ (ਉਹਨਾਂ ਵਾਸਤੇ) ਇੱਜ਼ਤ-ਮਾਣ ਹੈ, ਪਰਮਾਤਮਾ ਦਾ ਨਾਮ ਉਹਨਾਂ ਦਾ (ਸਦਾ ਲਈ) ਸਾਥੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦੇ ਹਨ ।
ਉਹ ਮਨੁੱਖ ਸਦਾ ਹਰਿ-ਨਾਮ-ਰਸ ਮਾਣਦੇ ਹਨ, ਜਿਸ ਦੀ ਬਰਕਤਿ ਨਾਲ ਉਹ ਬੜੇ ਨਿਰਲੇਪ ਰਹਿੰਦੇ ਹਨ, ਵੱਡੀ ਕਿਸਮਤ ਨਾਲ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਗਿਆ ਹੁੰਦਾ ਹੈ ।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਬਣ ਗਏ ਉਹ ਉੱਚੇ ਤੇ ਪੂਰੇ ਆਤਮਕ ਜੀਵਨ ਵਾਲੇ ਬਣ ਗਏ ।
ਦਾਸ ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ (ਜਿਨ੍ਹਾਂ ਨੂੰ ਇਹ ਚਰਨ-ਧੂੜ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ) ਮਨ ਵਿਚ ਵੱਸ ਰਿਹਾ ਚਿੰਤਾ ਫ਼ਿਕਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਵਿਚ ਵੱਸਦਾ ਪ੍ਰਭੂ-ਚਰਨਾਂ ਤੋਂ ਵਿਛੋੜਾ ਦੂਰ ਹੋ ਜਾਂਦਾ ਹੈ ।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ।੪।੩।੧੦ ।
Follow us on Twitter Facebook Tumblr Reddit Instagram Youtube