ੴ ਸਤਿਗੁਰ ਪ੍ਰਸਾਦਿ ॥
ਆਸਾ ਮਹਲਾ ੩ ਛੰਤ ਘਰੁ ੩ ॥
ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ ॥
ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ ॥
ਭਗਤਿ ਕਰਹੁ ਤੁਮ ਸਹੈ ਕੇਰੀ ਜੋ ਸਹ ਪਿਆਰੇ ਭਾਵਏ ॥
ਆਪਣਾ ਭਾਣਾ ਤੁਮ ਕਰਹੁ ਤਾ ਫਿਰਿ ਸਹ ਖੁਸੀ ਨ ਆਵਏ ॥
ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ ॥
ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ ॥੧॥

ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥
ਹਰਿ ਸੋਹਿਲਾ ਤਿਨ੍ਹ ਸਦ ਸਦਾ ਜੋ ਹਰਿ ਗੁਣ ਗਾਵਹਿ ॥
ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ॥
ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ ॥
ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ॥
ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥੨॥

ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ ॥
ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥
ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ ॥
ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ ॥
ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥
ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥

ਸਤਿਗੁਰ ਮਿਲਿਐ ਧਾਵਤੁ ਥੰਮ੍ਹਿਆ ਨਿਜ ਘਰਿ ਵਸਿਆ ਆਏ ॥
ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥
ਧਾਵਤੁ ਥੰਮ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥
ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹਿ ਰਹਾਇਆ ॥
ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥
ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹਿਆ ਨਿਜ ਘਰਿ ਵਸਿਆ ਆਏ ॥੪॥

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥
ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥
ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥

ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥
ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥
ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥
ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥
ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥
ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥

ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥
ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥
ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥
ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥
ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ ॥
ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥

ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥
ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ ॥
ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ ॥
ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ ॥
ਸੇ ਜਨ ਪਰਵਾਣੁ ਹੋਏ ਜਿਨ੍ਹੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ ॥
ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥੮॥

ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥
ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥
ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥
ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥
ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥
ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥

ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥
ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥
ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥
ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥
ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥
ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥

Sahib Singh
ਸਾਜਨ ਮੇਰੇ = ਹੇ ਮੇਰੇ ਸੱਜਣੋ !
ਪ੍ਰੀਤਮਹੁ = ਹੇ ਮੇਰੇ ਪਿਆਰਿਓ !
ਸਹ ਕੀ = ਖਸਮ = ਪ੍ਰਭੂ ਦੀ ।
ਕਰੇਹੋ = ਕਰਦੇ ਰਹੋ ।
ਲੇਹੋ = ਪ੍ਰਾਪਤ ਕਰੋ ।
ਸਹੈ ਕੇਰੀ = ਖਸਮ = ਪ੍ਰਭੂ ਦੀ ।
ਸਹ ਭਾਵਏ = ਸਹ ਭਾਵੈ, ਖਸਮ-ਪ੍ਰਭੂ ਨੂੰ ਪਸੰਦ ਆਉਂਦੀ ਹੈ ।
ਜੋ = ਜੇਹੜੀ, ਉਹ ਭਗਤੀ ।
ਭਾਣਾ = ਮਰਜ਼ੀ ।
ਸਹ ਖੁਸੀ = ਪ੍ਰਭੂ = ਪਤੀ ਦੀ ਪ੍ਰਸੰਨਤਾ ।
ਨ ਆਵਏ = ਨ ਆਵੈ, ਨਹੀਂ ਆਉਂਦੀ, ਨਹੀਂ ਮਿਲਦੀ ।
ਭਾਵ ਮਾਰਗੁ = ਪਿਆਰ ਦਾ ਰਸਤਾ ।
ਬਿਖੜਾ = ਅੌਖਾ, ਅੌਖਿਆਈਆਂ ਨਾਲ ਭਰਿਆ ।
ਦੁਆਰੈ = ਦਰ ਤੇ ।
ਕੋ = ਕੋਈ (ਵਿਰਲਾ) ।
ਲਾਵਏ = ਲਾਵੈ, ਲਾਂਦਾ ਹੈ ।੧ ।
ਬੈਰਾਗੀਆ = ਵੈਰਾਗ ਵਿਚ ਆਇਆ ਹੋਇਆ ।
ਕਰਿ = ਕਰ ਕੇ ।
ਕਿਸੁ = ਕਿਸ ਨੂੰ ?
ਸੋਹਿਲਾ = ਖੁਸ਼ੀ ਦਾ ਗੀਤ ।
ਸਦ = ਸਦਾ ।
ਜੋ = ਜੇਹੜੇ ਮਨੁੱਖ ।
ਛੋਡਿ = ਛੱਡ ਦੇ ।
ਜਾਣਏ = ਜਾਣੈ, ਜਾਣਦਾ ਹੈ ।
ਜਲਿ = ਜਲ ਵਿਚ ।
ਥਲਿ = ਧਰਤੀ ਵਿਚ ।
ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ਵਿਚ ।
ਸੋਈ = ਉਹ ਹੀ ।
ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ।
ਪਛਾਣਏ = ਪਛਾਣੈ, ਪਛਾਣਦਾ ਹੈ ।
ਜਿਨਿ = ਜਿਸ (ਮਨੁੱਖ) ਨੇ ।
ਕੇਰਾ = ਦਾ ।
ਪਾਵਏ = ਪਾਵੈ, ਪਾਂਦਾ ਹੈ ।
ਇਵ = ਇਉਂ ।
ਅਨਦਿਨੁ = ਹਰ ਰੋਜ਼ ।੨ ।
ਜਹ = ਜਿੱਥੇ ।
ਮਨ = ਹੇ ਮਨ !
ਧਾਵਦਾ = ਦੌੜਦਾ ।
ਤਹ = ਉਥੇ ।
ਨਾਲੇ = ਨਾਲ ਹੀ ।
ਸਿਆਣਪ = ਚਤੁਰਾਈ ।
ਸਮਾਲੇ = ਸਮਾਲਿ, ਆਪਣੇ ਅੰਦਰ ਸਾਂਭ ਕੇ ਰੱਖ ।
ਸਮਾਲਹੇ = ਸਮਾਲਹਿ, ਜੇ ਤੂੰ ਯਾਦ ਕਰੇਂ ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ।
ਪਾਵਹੇ = ਪਾਵਹਿ, ਤੂੰ ਪ੍ਰਾਪਤ ਕਰ ਲਏਂ ।
ਗੰਢੁ = ਜੋੜ, ਪੱਕਾ ਸੰਬੰਧ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਸਮਾਲੇ = ਸਮਾਲਿ ।੩ ।
ਧਾਵਤੁ = ਭਟਕਦਾ (ਮਨ) ।
ਥੰਮਿ@ਆ = (ਭਟਕਣ ਵਲੋਂ) ਰੋਕ ਲਿਆ ਜਾਂਦਾ ਹੈ ।
ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ।
ਆਏ = ਆਇ, ਆ ਕੇ ।
ਵਿਹਾਝੇ = ਖ਼ਰੀਦਦਾ ਹੈ ।
ਲਏ = ਲੈਂਦਾ ਹੈ, ਸਿਮਰਦਾ ਹੈ ।
ਨਾਮਿ = ਨਾਮ ਵਿਚ ।
ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ ।
ਦਸਵਾ ਦੁਆਰੁ = ਨੌ ਗੋਲਕਾਂ ਦੇ ਪ੍ਰਭਾਵ ਵਿਚੋਂ ਨਿਕਲ ਕੇ ਉਹ ਦਸਵਾਂ ਦਰਵਾਜ਼ਾ ਜਿਥੇ ਭਟਕਣਾ ਮੁੱਕ ਜਾਂਦੀ ਹੈ ।
ਤਿਥੈ = ਉਸ ਆਤਮਕ ਅਵਸਥਾ ਵਿਚ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ਨਾਮ ।
ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ ।
ਜਿਤੁ = ਜਿਸ ਆਤਮਕ ਅਵਸਥਾ ਵਿਚ ।
ਸਬਦਿ = ਸ਼ਬਦ ਵਿਚ (ਜੁੜ ਕੇ) ।
ਜਗਤੁ = ਜਗਤ ਦਾ ਮੋਹ ।
ਥੰਮਿ@ = ਰੋਕ ਕੇ ।
ਸਚੇ = ਸਦਾ = ਥਿਰ ਪ੍ਰਭੂ ਵਿਚ ਹੀ ।੪ ।
ਮਨ = ਹੇ ਮਨ !
ਜੋਤਿ = ਨੂਰ, ਚਾਨਣ ।
ਮੂਲੁ = ਅਸਲਾ ।
ਪਛਾਣੁ = ਸਾਂਝ ਬਣਾਈ ਰੱਖ ।
ਗੁਰਮਤੀ = ਗੁਰੂ ਦੀ ਮਤਿ ਲੈ ਕੇ ।
ਰੰਗੁ = ਆਤਮਕ ਆਨੰਦ ।
ਸਹੁ = ਖ਼ਸਮ = ਪ੍ਰਭੂ ।
ਸੋਝੀ = ਸਮਝ ।ਪਰਸਾਦੀ—ਪਰਸਾਦਿ, ਕਿਰਪਾ ਨਾਲ ।
ਜਾਣਹਿ = ਜੇ ਤੂੰ ਸਾਂਝ ਪਾ ਲਏਂ ।
ਦੂਜਾ ਭਾਉ = (ਪ੍ਰਭੂ ਤੋਂ ਬਿਨਾ ਮਾਇਆ ਆਦਿਕ ਦਾ) ਹੋਰ ਪਿਆਰ ।
ਮਨਿ = ਮਨ ਵਿਚ ।
ਵਜੀ ਵਧਾਈ = ਚੜ੍ਹਦੀ ਕਲਾ ਪ੍ਰਬਲ ਹੋ ਜਾਏ (ਜਿਵੇਂ ਵਾਜਾ ਵੱਜਿਆਂ ਹੋਰ ਸਭ ਨਿੱਕਾ-ਮੋਟਾ ਰੌਲਾ ਸੁਣਾਈ ਨਹੀਂ ਦੇਂਦਾ) ।
ਤਾ = ਤਦੋਂ, ਤਾਂ ।੫ ।
ਮਨ = ਹੇ ਮਨ !
ਗਾਰਬਿ = ਅਹੰਕਾਰ ਨਾਲ ।
ਅਟਿਆ = ਲਿਬੜਿਆ ਹੋਇਆ ।
ਜਾਹਿ = ਜਾਏਂਗਾ ।
ਭਵਾਹਿ = ਭਵਾਇਆ ਜਾਹਿˆਗਾ ।
ਮੁਗਧ = ਮੂਰਖ ।
ਪਛੁਤਾਵਹੇ = ਪਛੁਤਾਵਹਿ, ਪਛੁਤਾਹਿˆਗਾ ।
ਤਿਸਨਾ = ਲਾਲਚ ।
ਗਵਾਵਹੇ = ਗਵਾਵਹਿ ।
ਮਨਮੁਖ = ਹੇ ਆਪ = ਹੁਦਰੇ (ਮਨ) !
ਚੇਤਹਿ ਨਾਹੀ = ਤੂੰ ਚੇਤਦਾ ਨਹੀਂ ।
ਜਾਵਹੇ = ਜਾਵਹਿ, ਜਾਏਂਗਾ ।੬ ।
ਜਿ = ਕਿ ।
ਹਉ = ਮੈਂ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਨਿਮਾਣਾ = ਆਜਿਜ਼, ਮਾਣ = ਰਹਿਤ ।
ਅੰਤਰਿ = (ਤੇਰੇ) ਅੰਦਰ ।
ਹਉ ਬੁਧਿ = ‘ਮੈਂ ਮੈਂ’ ਕਰਨ ਵਾਲੀ ਅਕਲ ।
ਸਚਿ = ਸਦਾ = ਥਿਰ ਹਰੀ ਵਿਚ ।
ਸਬਦਿ = ਸ਼ਬਦ ਵਿਚ ।
ਆਪੁ = ਆਪਣਾ ਆਪ ।
ਲਖਾਵਹੇ = ਜਣਾਏਂ, ਵਿਖਾਏਂ ।
ਅਹੰਕਾਰਿ = ਅਹੰਕਾਰ ਵਿਚ ।
ਭਾਣੈ = ਰਜ਼ਾ ਵਿਚ ।
ਛਡਿ = ਛੱਡ ਕੇ ।
ਮਨ = ਰੇ ਮਨ !
    ।੭ ।
ਧੰਨੁ = ਭਾਗਾਂ ਵਾਲਾ ।
ਜਿਤੁ = ਜਿਸ ਵਿਚ, ਜਦੋਂ ।
ਮੈਂ = ਤੈਨੂੰ ।
ਸਹੁ = ਖਸਮ ।
ਚਿਤਿ = ਚਿੱਤ ਵਿਚ ।
ਸਹਜੁ = ਆਤਮਕ ਅਡੋਲਤਾ ।
ਮਨਿ = ਮਨ ਨੇ ।
ਤਨਿ = ਤਨ ਨੇ, ਹਿਰਦੇ ਨੇ ।
ਮੰਨਿ = ਮਨਿ, ਮਨ ਵਿਚ ।
ਸਭਿ = ਸਾਰੇ ।
ਤਿਸੁ = ਉਸ (ਪ੍ਰਭੂ) ਨੂੰ ।
ਸਵਾਰੇ = (ਜੀਵਨ) ਸੋਹਣਾ ਬਣਾ ਦੇਂਦਾ ਹੈ ।
ਦਿੜਿਆ = ਹਿਰਦੇ ਵਿਚ ਪੱਕਾ ਕੀਤਾ ।
ਦੁਤੀਆ = ਦੂਜਾ ।
ਭਾਉ = ਪਿਆਰ ।੮ ।
ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ} ।
ਭਰਮਿ = ਭਟਕਣਾ ਵਿਚ ।
ਭੁਲੇ = ਕੁਰਾਹੇ ਪਏ ਹੋਏ ।
ਤਿਨਿ = ਉਸ ਨੇ ।
ਸਹਿ = ਸ਼ਹੁ ਨੇ ।
ਤਿਨਿ ਸਹਿ = ਉਸ ਖਸਮ ਪ੍ਰਭੂ ਨੇ ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ ।
ਕਮਾਏ = ਕਮਾਇ, ਕਮਾ ਕੇ, ਕਰ ਕਰ ਕੇ ।
ਕੁਮਾਰਗਿ = ਭੈੜੇ ਰਾਹ ਤੇ ।
ਵਸਾਈ = ਵੱਸ, ਜੋਰ ।
ਅਵਿਗਤਿ = ਮੰਦੀ ਹਾਲਤ ।
ਜਿਨਿ = ਜਿਸ (ਤੈਂ) ਨੇ ।
ਖਰਾ = ਬਹੁਤ ।
ਗੁਰਮੁਖਿ = ਗੁਰੂ ਦੀ ਸਰਨ ਪਾ ਕੇ ।
ਬੁਝਾਏ = ਸਮਝਾਂਦਾ ਹੈ ।
ਤੁਧੁ = ਤੂੰ ਹੀ ।੯ ।
ਸਚੇ = ਹੇ ਸਦਾ = ਥਿਰ ਰਹਿਣ ਵਾਲੇ !
ਵਡਿਆਈ = ਬਜ਼ੁਰਗੀ, ਵਡੱਪਣ ।
ਕੁਦਰਤਿ = ਤਾਕਤ ।
ਜਾ ਕਉ ਮੰਨਿ = ਜਿਨ੍ਹਾਂ ਦੇ ਮਨ ਵਿਚ ।
ਗਾਵਹੇ = ਗਾਵਹਿ ।
ਤੁਧੁ ਭਾਵਹਿ = ਤੈਨੂੰ ਚੰਗੇ ਲੱਗਦੇ ਹਨ ।
ਸਿਉ = ਨਾਲ ।
ਲਾਵਹੇ = ਲਾਵਹਿ ।
ਜਿਸ ਨੋ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ} ।
ਗੁਰਮੁਖਿ = ਗੁਰੂ ਦੀ ਰਾਹੀਂ ।੧੦ ।
    
Sahib Singh
ਹੇ ਮੇਰੇ (ਸਤਸੰਗੀ) ਸੱਜਣੋ ਪਿਆਰਿਓ! ਤੁਸੀ ਪ੍ਰਭੂ-ਪਤੀ ਦੀ ਭਗਤੀ ਸਦਾ ਕਰਦੇ ਰਿਹਾ ਕਰੋ, ਸਦਾ ਆਪਣੇ ਗੁਰੂ ਦੀ ਸਰਨ ਪਏ ਰਹੋ (ਤੇ ਗੁਰੂ ਪਾਸੋਂ) ਸਭ ਤੋਂ ਕੀਮਤੀ ਚੀਜ਼ ਹਰਿ-ਨਾਮ ਹਾਸਲ ਕਰੋ ।
(ਹੇ ਸੱਜਣੋ!) ਤੁਸੀ ਪ੍ਰਭੂ-ਪਤੀ ਦੀ ਹੀ ਭਗਤੀ ਕਰਦੇ ਰਹੋ, ਇਹ ਭਗਤੀ ਪਿਆਰੇ ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ ।
ਜੇ (ਇਸ ਜੀਵਨ-ਸਫ਼ਰ ਵਿਚ) ਤੁਸੀ ਆਪਣੀ ਹੀ ਮਰਜ਼ੀ ਕਰਦੇ ਰਹੋਗੇ ਤਾਂ ਪ੍ਰਭੂ-ਪਤੀ ਦੀ ਪ੍ਰਸੰਨਤਾ ਤੁਹਾਨੂੰ ਨਹੀਂ ਮਿਲੇਗੀ ।
(ਪਰ, ਹੇ ਪਿਆਰਿਓ!) ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਅੌਕੜਾਂ-ਭਰਿਆ ਹੈ, ਕੋਈ ਵਿਰਲਾ ਮਨੁੱਖ ਇਹ ਰਸਤਾ ਲੱਭਦਾ ਹੈ ਜੋ ਗੁਰੂ ਦੇ ਦਰ ਤੇ ਆ ਡਿੱਗਦਾ ਹੈ ।
ਨਾਨਕ ਆਖਦਾ ਹੈ—ਜਿਸ ਮਨੁੱਖ ਉਤੇ ਪ੍ਰਭੂ (ਆਪ) ਕਿਰਪਾ ਕਰਦਾ ਹੈ ਉਹ ਮਨੁੱਖ ਆਪਣਾ ਮਨ ਪ੍ਰਭੂ ਦੀ ਭਗਤੀ ਵਿਚ ਜੋੜਦਾ ਹੈ ।੧ ।
ਹੇ ਵੈਰਾਗ ਵਿਚ ਆਏ ਹੋਏ ਮੇਰੇ ਮਨ! ਤੂੰ ਵੈਰਾਗ ਕਰ ਕੇ ਕਿਸ ਨੂੰ ਵਿਖਾਂਦਾ ਹੈਂ ?
(ਇਸ ਉਪਰੋਂ ਉਪਰੋਂ ਵਿਖਾਏ ਹੋਏ ਵੈਰਾਗ ਨਾਲ ਤੇਰੇ ਅੰਦਰ ਆਤਮਕ ਆਨੰਦ ਨਹੀਂ ਬਣ ਸਕੇਗਾ) ।
ਹੇ ਮਨ! ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਹੀ ਖਿੜਾਉ ਤੇ ਚਾਉ ਬਣਿਆ ਰਹਿੰਦਾ ਹੈ ।
ਹੇ ਮੇਰੇ ਮਨ! (ਬਾਹਰਲੇ ਵਿਖਾਵੇ ਵਾਲੇ ਵੈਰਾਗ ਦਾ) ਪਖੰਡ ਛੱਡ ਦੇ (ਤੇ, ਆਪਣੇ ਅੰਦਰ) ਮਿਲਣ ਦੀ ਤਾਂਘ ਪੈਦਾ ਕਰ (ਕਿਉਂਕਿ) ਉਹ ਖਸਮ-ਪ੍ਰਭੂ (ਅੰਦਰ ਦੀ) ਹਰੇਕ ਗੱਲ ਜਾਣਦਾ ਹੈ, ਉਹ ਪ੍ਰਭੂ ਆਪ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ ਸਮਾਇਆ ਹੋਇਆ ਹੈ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ ।
ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਸਮਝ ਲਈ ਉਹੀ ਸਾਰੇ ਆਨੰਦ ਪ੍ਰਾਪਤ ਕਰਦਾ ਹੈ, ਨਾਨਕ (ਤੈਨੂੰ) ਇਉਂ ਦੱਸਦਾ ਹੈ ਕਿ ਇਹੋ ਜਿਹਾ ਮਿਲਾਪ ਦੀ ਤਾਂਘ ਰੱਖਣ ਵਾਲਾ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ।੨ ।
ਹੇ ਮੇਰੇ ਮਨ! ਜਿੱਥੇ ਜਿੱਥੇ ਤੂੰ ਦੌੜਦਾ ਫਿਰਦਾ ਹੈਂ ਉਥੇ ਉਥੇ ਹੀ ਪਰਮਾਤਮਾ ਤੇਰੇ ਨਾਲ ਹੀ ਰਹਿੰਦਾ ਹੈ (ਜੇ ਤੂੰ ਉਸ ਨੂੰ ਆਪਣੇ ਨਾਲ ਵੱਸਦਾ ਵੇਖਣਾ ਚਾਹੁੰਦਾ ਹੈਂ ਤਾਂ) ਹੇ ਮਨ! ਆਪਣੀ ਚਤੁਰਾਈ (ਦਾ ਆਸਰਾ) ਛੱਡ ਦੇਣਾ ਚਾਹੀਦਾ ਹੈ ।
ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਸੰਭਾਲ ਕੇ ਰੱਖ (ਫਿਰ ਤੈਨੂੰ ਦਿੱਸ ਪਏਗਾ ਕਿ) ਉਹ ਖਸਮ-ਪ੍ਰਭੂ ਸਦਾ ਤੇਰੇ ਨਾਲ ਰਹਿੰਦਾ ਹੈ ।
(ਹੇ ਮਨ!) ਜੇ ਤੂੰ ਇਕ ਖਿਨ ਵਾਸਤੇ ਭੀ ਪਰਮਾਤਮਾ ਦਾ ਨਾਮ ਆਪਣੇ ਅੰਦਰ ਵਸਾਏਂ, ਤਾਂ ਤੇਰੇ ਅਨੇਕਾਂ ਜਨਮਾਂ ਦੇ ਪਾਪ ਕੱਟੇ ਜਾਣ, ਤੇ, ਆਖ਼ਰ ਤੂੰ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਏਂ ।
(ਹੇ ਮਨ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ ਪਰਮਾਤਮਾ ਨੂੰ ਆਪਣੇ ਅੰਦਰ ਵਸਾਈ ਰੱਖ, (ਇਸ ਤ੍ਰਹਾਂ ਉਸ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਤੇਰਾ ਪੱਕਾ ਪਿਆਰ ਬਣ ਜਾਏਗਾ ।
ਨਾਨਕ ਤੈਨੂੰ ਇਉਂ ਦੱਸਦਾ ਹੈ ਕਿ ਹੇ ਮਨ! ਜਿੱਥੇ ਜਿੱਥੇ ਤੂੰ ਭਟਕਦਾ ਫਿਰਦਾ ਹੈਂ ਉੱਥੇ ਉੱਥੇ ਪਰਮਾਤਮਾ ਸਦਾ ਤੇਰੇ ਨਾਲ ਹੀ ਰਹਿੰਦਾ ਹੈ ।੩ ।
(ਹੇ ਭਾਈ!) ਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣਾ ਵਲੋਂ) ਰੁਕ ਜਾਂਦਾ ਹੈ, ਇਹ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ ।
(ਫਿਰ ਇਹ) ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਹੈ (ਭਾਵ,) ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ ।
(ਹੇ ਭਾਈ! ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ (ਇਹੀ ਆਤਮਕ ਅਵਸਥਾ ਹੈ ਉਹ) ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ (ਜੋ ਗਿਆਨ-ਇੰਦਿ੍ਰਆਂ ਤੇ ਕਰਮ-ਇੰਦਿ੍ਰਆਂ ਤੋਂ ਉੱਚਾ ਰਹਿੰਦਾ ਹੈ) ।
ਉਸ ਆਤਮਕ ਅਵਸਥਾ ਵਿਚ (ਪਹੁੰਚ ਕੇ ਇਹ ਮਨ) ਆਤਮਕ ਜੀਵਨ ਦੇਣ ਵਾਲੇ ਨਾਮ ਦੀ ਖ਼ੁਰਾਕ ਖਾਂਦਾ ਹੈ; (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਸ ਆਤਮਕ ਅਵਸਥਾ ਵਿਚ (ਇਹ ਮਨ) ਗੁਰ-ਸ਼ਬਦ ਦੀ ਬਰਕਤਿ ਨਾਲ ਦੁਨੀਆ ਦੇ ਮੋਹ ਨੂੰ ਰੋਕ ਰੱਖਦਾ ਹੈ ।
(ਜਿਵੇਂ ਅਨੇਕਾਂ ਕਿਸਮਾਂ ਦੇ ਸਾਜ ਵੱਜਣ ਨਾਲ ਬੜਾ ਸੁੰਦਰ ਰਾਗ ਪੈਦਾ ਹੁੰਦਾ ਹੈ, ਤਿਵੇਂ) ਉਸ ਆਤਮਕ ਅਵਸਥਾ ਵਿਚ (ਮਨ ਦੇ ਅੰਦਰ, ਮਾਨੋ) ਅਨੇਕਾਂ ਸੰਗੀਤਕ ਸਾਜ ਵੱਜਣ ਲੱਗ ਪੈਂਦੇ ਹਨ, ਇਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।
(ਹੇ ਭਾਈ! ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ, ਤੇ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ ।੪ ।
ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ ।
ਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ ।
ਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ ।
ਹੇ ਮਨ! ਜੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ ।
ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ।
ਨਾਨਕ ਇਉਂ ਦੱਸਦਾ ਹੈ—ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ (ਹੇ ਮਨ! ਆਪਣੇ ਉਸ ਅਸਲੇ ਨਾਲ ਸਾਂਝ ਬਣਾ ।੫ ।
ਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲੱਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ, (ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿਚ ਪਾਇਆ ਜਾਇਗਾ ।
ਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿਚ ਫਸਿਆ ਹੋਇਆ ਹੀ (ਇਥੋਂ) ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ, ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ ।
ਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਜਾ ਕੇ ਅਫਸੋਸ ਕਰੇਂਗਾ ।
(ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ ।੬ ।
ਹੇ ਮਨ! ਵੇਖੀਂ, ਕਿਤੇ ਇਹ ਮਾਣ ਨਾਹ ਕਰ ਬੈਠੀਂ ਕਿ ਮੈਂ ਸਿਆਣਾ ਹਾਂ, ਗੁਰੂ ਦੀ ਸਰਨ ਪੈ ਕੇ ਮਾਣ ਤਿਆਗੀ ਰੱਖ ।
(ਹੇ ਮਨ!) ਤੇਰੇ ਅੰਦਰ ਪਰਮਾਤਮਾ ਤੋਂ ਵਿੱਥ ਹੈ, ਤੇਰੇ ਅੰਦਰ ‘ਮੈਂ, ਮੈਂ’ ਕਰਨ ਵਾਲੀ ਅਕਲ ਹੈ, ਇਸ ਮੈਲ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੁੜ ਕੇ ਗੁਰੂ ਦੇ ਸ਼ਬਦ ਵਿਚ ਟਿਕ ਕੇ ਦੂਰ ਕਰ ।
ਹੇ ਮਨ! ਨਿਰਮਾਣ ਹੋ ਕੇ ਗੁਰੂ ਦੇ ਚਰਨਾਂ ਵਿਚ ਢਹਿ ਪਉ ।
ਵੇਖੀਂ, ਕਿਤੇ ਆਪਣਾ ਆਪ ਜਤਾਣ ਨਾਹ ਲੱਗ ਪਈਂ ।
ਜਗਤ ਆਪਣੇ ਹੀ ਅਹੰਕਾਰ ਵਿਚ ਸੜ ਰਿਹਾ ਹੈ, ਵੇਖੀਂ ਕਿਤੇ ਤੂੰ ਭੀ (ਅਹੰਕਾਰ ਵਿਚ ਪੈ ਕੇ) ਆਪਣੇ ਆਪ ਦਾ ਨਾਸ ਨਾ ਕਰ ਲਈਂ ।
(ਇਸ ਖ਼ਤਰੇ ਤੋਂ ਤਾਂ ਹੀ ਬਚੇਂਗਾ, ਜੇ) ਤੂੰ ਗੁਰੂ ਦੇ ਹੁਕਮ ਵਿਚ ਤੁਰ ਕੇ ਕੰਮ ਕਰੇਂਗਾ ।
(ਸੋ, ਹੇ ਮਨ!) ਗੁਰੂ ਦੇ ਹੁਕਮ ਵਿਚ ਟਿਕਿਆ ਰਹੁ ।
(ਹੇ ਮਨ! ਤੈਨੂੰ) ਨਾਨਕ ਇਉਂ ਸਮਝਾਂਦਾ ਹੈ—ਹੇ ਮਨ! ਅਹੰਕਾਰ ਛੱਡ ਦੇ, ਅਹੰਕਾਰ ਛੱਡ ਕੇ ਸੁਖ ਪਾਵੇਂਗਾ ।੭ ।
ਉਹ ਵੇਲਾ ਭਾਗਾਂ ਵਾਲਾ ਸੀ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ (ਤੇ, ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ; ਮੇਰੇ ਅੰਦਰ ਬੜਾ ਆਨੰਦ ਪੈਦਾ ਹੋਇਆ, ਮੇਰੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਗਈ, ਮੇਰੇ ਮਨ ਨੇ ਮੇਰੇ ਹਿਰਦੇ ਨੇ ਸੁਖ ਅਨੁਭਵ ਕੀਤਾ ।
(ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ, (ਗੁਰੂ ਨੇ ਪ੍ਰਭੂ ਨੂੰ) ਮੇਰੇ ਮਨ ਵਿਚ ਵਸਾ ਦਿੱਤਾ, ਤੇ ਮੇਰੇ ਸਾਰੇ ਹੀ ਅੌਗੁਣ ਭੁਲਾ ਦਿੱਤੇ ।
(ਹੇ ਭਾਈ!) ਜਦੋਂ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਉਸ ਦੇ ਗੁਣ ਮਨੁੱਖ ਦੇ ਅੰਦਰ ਰੌਸ਼ਨ ਹੋ ਜਾਂਦੇ ਹਨ, ਗੁਰੂ ਆਪ ਉਸ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ ।ਜੇਹੜੇ ਮਨੁੱਖ ਸਿਰਫ਼ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਕਰ ਲੈਂਦੇ ਹਨ, ਤੇ ਮਾਇਆ ਦਾ ਮੋਹ ਅੰਦਰੋਂ ਦੂਰ ਕਰ ਲੈਂਦੇ ਹਨ ਉਹ ਪਰਮਾਤਮਾ ਦੀ ਦਰਗਹ ਵਿਚ ਕਬੂਲ ਹੋ ਜਾਂਦੇ ਹਨ ।
ਨਾਨਕ ਇਉਂ ਆਖਦਾ ਹੈ—ਭਾਗਾਂ ਵਾਲਾ ਸੀ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ ਸੀ ।੮ ।
(ਹੇ ਭਾਈ!) ਅਨੇਕਾਂ ਜੀਵ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ, (ਉਸ ਪੈਦਾ ਕਰਨ ਵਾਲੇ) ਖਸਮ-ਪ੍ਰਭੂ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ, ਅਜੇਹੇ ਜੀਵ ਹਉਮੈ ਦੇ ਆਸਰੇ ਕੰਮ ਕਰ ਕਰ ਕੇ ਮਾਇਆ ਦੇ ਮੋਹ ਵਿਚ ਭਟਕਦੇ ਹਨ ।
ਉਸ ਖਸਮ ਪ੍ਰਭੂ ਨੇ ਆਪ (ਉਹਨਾਂ ਨੂੰ) ਸਹੀ ਰਸਤੇ ਤੋਂ ਖੁੰਝਾਇਆ ਹੋਇਆ ਹੈ ਤੇ ਕੁਰਾਹੇ ਪਾਇਆ ਹੋਇਆ ਹੈ, ਉਹਨਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲਦਾ (ਕਿ ਆਪਣੇ ਉੱਦਮ ਨਾਲ ਕੁਮਾਰਗ ਛੱਡ ਦੇਣ) ।
ਹੇ ਪ੍ਰਭੂ! ਜਿਸ ਤੈਂ ਨੇ ਇਹ ਜਗਤ-ਰਚਨਾ ਰਚੀ ਹੋਈ ਹੈ ਤੂੰ ਆਪ ਹੀ (ਕੁਰਾਹੇ ਪਏ ਹੋਏ) ਉਹਨਾਂ ਜੀਵਾਂ ਦੀ ਚੰਗੀ ਮੰਦੀ ਆਤਮਕ ਹਾਲਤ ਜਾਣਦਾ ਹੈਂ (ਜਿਸ ਅਨੁਸਾਰ ਤੂੰ ਉਹਨਾਂ ਨੂੰ ਕੁਰਾਹੇ ਪਾਇਆ ਹੈ) ।
ਤੇਰਾ ਹੁਕਮ ਬੜਾ ਡਾਢਾ ਹੈ (ਜਿਸ ਕਰ ਕੇ ਜੀਵ ਕੁਰਾਹੇ ਪਏ ਹੋਏ ਹਨ) ।
(ਹੇ ਭਾਈ!) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਖਸਮ-ਪ੍ਰਭੂ ਗੁਰੂ ਦੀ ਸਰਨ ਪਾ ਕੇ ਆਪਣਾ ਹੁਕਮ ਸਮਝਾਂਦਾ ਹੈ ।
ਨਾਨਕ ਇਉਂ ਆਖਦਾ ਹੈ—ਹੇ ਪ੍ਰਭੂ! ਜੇ ਤੂੰ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਜ਼ਿੰਦਗੀ ਦੇ ਮੰਦੇ ਰਸਤੇ ਪਾਇਆ ਹੋਇਆ ਹੈ, ਤਾਂ ਇਹ ਵਿਚਾਰੇ ਜੀਵ ਕੀਹ ਕਰ ਸਕਦੇ ਹਨ ?
।੯ ।
ਹੇ ਮੇਰੇ ਸਦਾ-ਥਿਰ ਮਾਲਕ! ਤੇਰਾ ਵਡੱਪਣ ਭੀ ਸਦਾ ਕਾਇਮ ਰਹਿਣ ਵਾਲਾ ਹੈ ।
ਤੂੰ ਬੇਅੰਤ ਮਾਲਕ ਹੈਂ, ਤੂੰ ਪਾਰਬ੍ਰਹਮ ਹੈਂ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ ।
ਹੇ ਪ੍ਰਭੂ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ, ਉਹ ਸਦਾ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ।
ਪਰ ਤਦੋਂ ਹੀ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ, ਫਿਰ ਉਹ ਤੇਰੇ ਸਦਾ-ਥਿਰ ਸਰੂਪ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈਂ ਉਹ ਗੁਰੂ ਦੀ ਸਰਨ ਪੈ ਕੇ ਤੇਰੀ ਯਾਦ ਵਿਚ ਲੀਨ ਰਹਿੰਦਾ ਹੈ ।
(ਤੇਰਾ ਦਾਸ) ਨਾਨਕ ਇਉਂ ਆਖਦਾ ਹੈ—ਹੇ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ ।੧੦।੨।੭।੫।੨।੭ ।

ਨੋਟ: ਇਸ ਛੰਤ ਦੇ ੧੦ ਬੰਦ ਹਨ, ਗੁਰੂ ਅਮਰਦਾਸ ਜੀ ਦੇ ੨ ਛੰਤ ਹਨ, ਗੁਰੂ ਨਾਨਕ ਦੇਵ ਜੀ ਦੇ ੫ ।
ਜੋੜ ੭ ਬਣਿਆ ।
ਦੂਜੀ ਵਾਰੀ ਉਹੀ ਜੋੜ ਫਿਰ ਦਿੱਤਾ ਹੈ ।
Follow us on Twitter Facebook Tumblr Reddit Instagram Youtube