ੴ ਸਤਿਗੁਰ ਪ੍ਰਸਾਦਿ ॥
ਆਸਾ ਮਹਲਾ ੩ ਛੰਤ ਘਰੁ ੧ ॥
ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥
ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥
ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥
ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥
ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥
ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥

ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥
ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥
ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥
ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥
ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥
ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥

ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥
ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥
ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥
ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥
ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥
ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥

ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥
ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥
ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥
ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥
ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥
ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥

Sahib Singh
ਨੋਟ: = ਇਸੇ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਛੰਤ ਦਾ ਚੌਥਾ ਬੰਦ ਧਿਆਨ ਨਾਲ ਪੜ੍ਹੋ ।
    ਹਰੇਕ ਲਫ਼ਜ਼ ਨੂੰ ਗਹੁ ਨਾਲ ਵੇਖੋ ।
    ਮ: ੩ ਦੇ ਇਸ ਛੰਤ ਦਾ ਭੀ ਪਹਿਲਾ ਬੰਦ ਪੜ੍ਹੋ ।
    ਲਫ਼ਜ਼ਾਂ ਦੀ ਸਾਂਝ ਤੁਕਾਂ ਦੀ ਸਾਂਝ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ ।
ਹਮ ਘਰੇ = ਮੇਰੇ (ਹਿਰਦੇ = ) ਘਰ ਵਿਚ ।
ਸਾਚਾ ਸੋਹਿਲਾ = ਸਦਾ = ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ।
ਸਾਚੈ ਸਬਦਿ = ਸਦਾ = ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ (ਦੀ ਬਰਕਤਿ) ਨਾਲ ।
ਸੁਹਾਇਆ = (ਹਿਰਦਾ = ਘਰ) ਸੋਹਣਾ ਬਣ ਗਿਆ ਹੈ ।
ਧਨ = ਜੀਵ = ਇਸਤ੍ਰੀ ।
ਪਿਰ = ਪ੍ਰਭੂ = ਪਤੀ ।
ਪ੍ਰਭਿ = ਪ੍ਰਭੂ ਨੇ ।
ਸਚੁ = ਸਦਾ = ਥਿਰ ਹਰਿ-ਨਾਮ ।
ਮੰਨਿ = ਮਨਿ, ਮਨ ਵਿਚ ।
ਕਾਮਣਿ = ਜੀਵ = ਇਸਤ੍ਰੀ ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।
ਮਾਤੀ = ਮਸਤ ।
ਸਬਦਿ = ਸ਼ਬਦ ਨੇ ।
ਸਚਿ = ਸਦਾ = ਥਿਰ ਹਰਿ-ਨਾਮ ਨੇ ।
ਰਾਵੈ = ਮਾਣਦੀ ਹੈ ।
ਰੰਗਿ = ਪ੍ਰੇਮ = ਰੰਗ ਵਿਚ ।
ਰਾਤੀ = ਰੰਗੀ ਹੋਈ ।
ਆਪੁ = ਆਪਾ = ਭਾਵ ।
ਵਰੁ = ਖਸਮ ।
ਸਬਾਇਆ = ਸਾਰਾ ।੧ ।
ਦੂਜੜੈ = (ਪ੍ਰਭੂ ਤੋਂ ਬਿਨਾ) ਕਿਸੇ ਹੋਰ (ਕੋਝੇ ਪਿਆਰ) ਵਿਚ ।
ਭਰਮਿ = ਭਟਕਣਾ ਵਿਚ (ਪੈ ਕੇ) ।
ਭੁਲੀ = ਕੁਰਾਹੇ ਪੈ ਜਾਂਦੀ ਹੈ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ।
ਝੂਰੇ = ਅੰਦਰੇ ਅੰਦਰ ਦੁੱਖੀ ਹੁੰਦੀ ਹੈ ।
ਸੇਵਿ = ਸੇਵਾ ਕਰ ਕੇ ।
ਹਦੂਰੇ = ਅੰਗ = ਸੰਗ ਵੱਸਣ ਵਾਲਾ ।
ਦੇਖਿ = ਵੇਖ ਕੇ ।
ਵਿਗਸੀ = ਖਿੜ ਪਈ ।
ਸਰਸੀ = ਰਸ ਸਹਿਤ ਹੋ ਗਈ, ਆਨੰਦਿਤ ਹੋ ਗਈ ।
ਸਬਦਿ = ਸ਼ਬਦ ਵਿਚ ।
ਸੁਭਾਏ = ਸੁਭਾਇ, ਪ੍ਰੇਮ ਵਿਚ (ਮਗਨ ਹੋ ਗਈ) ।
ਮਿਲਿ = ਮਿਲ ਕੇ ।੨ ।
ਸੰਗਿ = ਨਾਲ ।
ਗੁਰਿ = ਗੁਰੂ ਨੇ ।
ਮੇਲਿ = ਪ੍ਰਭੂ = ਮਿਲਾਪ ਵਿਚ ।
ਅੰਤਰਿ = ਹਿਰਦੇ ਵਿਚ ।
ਸਬਦਿ = ਸ਼ਬਦ ਦੀ ਰਾਹੀਂ ।
ਸਹਜੇ = ਆਤਮਕ ਅਡੋਲਤਾ ਵਿਚ ।
ਤਪਤਿ = ਤਪਸ਼, ਸੜਨ ।
ਸੁਭਾਖਿਆ = ਮਿੱਠੀ ਬੋਲੀ ।
ਪੜਿ = ਪੜ੍ਹ ਕੇ ।
ਮੋਨੀ = ਸਦਾ ਚੁੱਪ ਰਹਿਣ ਵਾਲੇ ਸਾਧੂ ।
ਭੇਖੀ = ਵਖ ਵਖ ਭੇਖਾਂ ਵਾਲੇ ਸਾਧੂ (ਜੋਗੀ ਜੰਗਮ ਆਦਿਕ) ।
ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ ।
ਬਉਰਾਨਾ = ਝੱਲਾ ।੩ ।
ਸਾ ਧਨ ਮਨਿ = ਜੀਵ = ਇਸਤ੍ਰੀ ਦੇ ਮਨ ਵਿਚ ।
ਮੇਲਿ = ਮਿਲਾਪ ਵਿਚ ।
ਹਰਿ ਕੈ ਰਸਿ = ਪ੍ਰਭੂ ਦੇ ਪ੍ਰੇਮ-ਰਸ ਵਿਚ ।
ਰਸੀ = ਭਿੱਜ ਗਈ ।
ਸਬਦਿ = ਸ਼ਬਦ ਦੀ ਰਾਹੀਂ ।
ਸਾਰੇ = ਸੰਭਾਲਦੀ ਹੈ (ਹਿਰਦੇ ਵਿਚ) ।
ਮਨਿ = ਮਨ ਵਿਚ ।
ਸੇਜ = ਹਿਰਦਾ = ਸੇਜ ।
ਸੁਹਾਵੀ = ਸੋਹਣੀ ।
ਪਿਰਿ = ਪਿਰ ਨੇ ।
ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ।
ਜਿਤੁ ਘਰਿ = ਜਿਸ (ਹਿਰਦੇ = ) ਘਰ ਵਿਚ ।
ਸੋਹਿਲੜਾ = ਖ਼ੁਸ਼ੀ ਦਾ ਗੀਤ ।
ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ ।
ਨਾਮਿ = ਨਾਮ ਵਿਚ ।
ਕਾਰਜ ਸਾਰੇ = ਕੰਮ ਸਫਲ ਹੁੰਦੇ ਹਨ ।੪ ।
    
Sahib Singh
(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਹਰਿ-ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਲਿਆ ਉਸ ਦੇ ਮਨ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ, ਉਹ ਜੀਵ-ਇਸਤ੍ਰੀ ਅਪਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜੀ ਰਹਿੰਦੀ ਹੈ ।
ਅਪਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ, ਸਦਾ ਉਸ ਦੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਦੀ ਹੈ, ਪ੍ਰਭੂ ਦੇ ਗੁਣ ਉਸ ਦੇ ਮਨ ਵਿਚ ਟਿਕੇ ਰਹਿੰਦੇ ਹਨ, ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਉਸ (ਦੇ ਹਿਰਦੇ) ਦੀ ਸੇਜ ਸੋਹਣੀ ਬਣ ਗਈ ।
ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰੋਂ ਸਾਰੇ ਅੌਗੁਣ ਦੂਰ ਹੋ ਗਏ ।(ਹੇ ਸਖੀ!) ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਹੈ ਉਥੇ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ ।
ਹੇ ਨਾਨਕ! ਜੇਹੜੇ ਜੀਵ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪ੍ਰਭੂ-ਚਰਨਾਂ ਵਿਚ ਮਿਲ ਕੇ ਉਹ ਆਪਣੇ ਸਾਰੇ ਕੰਮ ਸੰਵਾਰ ਲੈਂਦੇ ਹਨ ।੪।੧।੬ ।
Follow us on Twitter Facebook Tumblr Reddit Instagram Youtube