ਰਾਗੁ ਆਸਾ ਮਹਲਾ ੧ ਛੰਤ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥
ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥
ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥
ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥
ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥੧॥

ਜਿਨ੍ਹ ਇਕ ਮਨਿ ਧਿਆਇਆ ਤਿਨ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥
ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵਹਿ ਹਾਰਿ ਜੀਉ ॥
ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ੍ਹ ਜਮੁ ਨੇੜਿ ਨ ਆਵੈ ॥
ਜੰਮਣੁ ਮਰਣੁ ਤਿਨ੍ਹਾ ਕਾ ਚੂਕਾ ਜੋ ਹਰਿ ਲਾਗੇ ਪਾਵੈ ॥
ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥
ਜਿਨ੍ਹ ਇਕ ਮਨਿ ਧਿਆਇਆ ਤਿਨ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥੨॥

ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥
ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥
ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ ॥
ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥
ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥੩॥

ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥
ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥
ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥
ਤਿਨ੍ਹ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥
ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥
ਨਾਮੁ ਲੈਨ੍ਹਿ ਸਿ ਸੋਹਹਿ ਤਿਨ੍ਹ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥

Sahib Singh
ਹਉ ਜਾਈ = ਮੈਂ ਜਾਂਦਾ ਹਾਂ ।
ਸਾਚਾ = ਸਦਾ = ਥਿਰ ਰਹਿਣ ਵਾਲਾ ।
ਕਰਮ ਬਿਧਾਤਾ = ਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ।
ਬਿਸਾਰਣਹਾਰੁ = ਨਾਸ ਕਰਨ ਦੇ ਸਮਰੱਥ ।
ਜਾ ਕਾ = ਜਿਸ ਪ੍ਰਭੂ ਕਾ ।
ਕੋਟ = ਕਿਲ੍ਹੇ ।
ਕੋਟ..ਕੇਰੇ = ਪਾਪਾਂ ਦੇ ਕਿਲਿ੍ਹਆਂ ਦੇ ਕਿਲ੍ਹੇ, ਪਾਪਾਂ ਦੇ ਢੇਰਾਂ ਦੇ ਢੇਰ ।
ਖੋਵੈ = ਨਾਸ ਕਰਦਾ ਹੈ ।
ਹੰਸ ਸਿ ਹੰਸਾ = ਸ੍ਰੇਸ਼ਟ ਤੋਂ ਸ੍ਰੇਸ਼ਟ ।
ਬਗ ਸਿ ਬਗਾ = ਨਿਖਿੱਧ ਤੋਂ ਨਿਖਿੱਧ ।
ਘਟ ਘਟ = ਹਰੇਕ ਸਰੀਰ ਦਾ ।੧ ।
ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ ।
ਸੰਸਾਰਿ = ਸੰਸਾਰ ਵਿਚ ।
ਹਾਰਿ = ਹਾਰ ਕੇ ।
ਸਾਰਹਿ = ਸੰਭਾਲਦੇ ਹਨ ।
ਚੂਕਾ = ਮੁੱਕ ਜਾਂਦਾ ਹੈ ।
ਪਾਵੈ = ਚਰਨੀਂ ।
ਉਰਧਾਰਿ = ਹਿਰਦੇ ਵਿਚ ਟਿਕਾ ਕੇ ।੨ ।
ਜਿਨਿ = ਜਿਸ (ਪ੍ਰਭੂ) ਨੇ ।
{‘ਜਿਨਿ’ ਇਕ = ਵਚਨ; ‘ਜਿਨ’ ਬਹੁ-ਵਚਨ} ।
ਵਿਟਹੁ = ਤੋਂ ।
ਤਾ ਕੀ = ਉਸ ਦੀ ।
ਲਾਹਾ = ਲਾਭ ।
ਮਾਣੁ = ਆਦਰ ।
ਨਵ ਨਿਧਿ = ਨੌ ਖ਼ਜ਼ਾਨੇ ।
ਆਖਿ = ਆਖ ਕੇ ।
ਅਹਿ = ਦਿਨ ।
ਨਿਸਿ = ਰਾਤ ।
ਲੈਨਿ = ਲੈਂਦੇ ਹਨ ।
ਸਿ = ਉਹ ਬੰਦੇ ।
ਮਾਨਹਿ = ਉਹ ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ ।
ਜਿਣਿ = ਜਿੱਤ ਕੇ {ਨੋਟ: = ਲਫ਼ਜ਼ ‘ਜਿਨਿ’ ਅਤੇ ‘ਜਿਣਿ’ ਦਾ ਫ਼ਰਕ ਚੇਤੇ ਰੱਖੋ} ।
ਕੇਤੇ = ਅਨੇਕਾਂ ਹੀ ।
ਜਾਹਿ = ਗੁਜ਼ਰ ਜਾਣ ।
ਜਰਾ = ਬੁਢੇਪਾ ।
ਮਰਣਾ = ਮੌਤ, ਆਤਮਕ ਮੌਤ ।
ਸੂਕਹਿ = ਸੁੱਕਦੇ ।੪ ।
    
Sahib Singh
ਹੇ ਪ੍ਰਭੂ! ਮੈਂ ਜਿੱਥੇ ਭੀ ਜਾਂਦਾ ਹਾਂ ਤੂੰ ਸਭ ਥਾਂਈਂ ਮੌਜੂਦ ਹੈਂ, ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈਂ ।
ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ ਤੇ ਸਭ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ ।
ਜਿਸ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਉਹ ਸਭ ਦਾ ਮਾਲਕ ਹੈ ਉਹ ਸਭ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ ।
ਜੀਵਾਂ ਦੇ ਪਾਪਾਂ ਦੇ ਢੇਰਾਂ ਦੇ ਢੇਰ ਇਕ ਪਲਕ ਵਿਚ ਨਾਸ ਕਰ ਦੇਂਦਾ ਹੈ ।
ਜੀਵ ਭਾਵੇਂ ਸ੍ਰੇਸ਼ਟ ਤੋਂ ਸ੍ਰੇਸ਼ਟ ਹੋਣ ਭਾਵੇਂ ਨਿਖਿੱਧ ਤੋਂ ਨਿਖਿੱਧ ਹੋਣ, ਪ੍ਰਭੂ ਹਰੇਕ ਦੀ ਸੰਭਾਲ ਕਰਦਾ ਹੈ ।
ਹੇ ਪ੍ਰਭੂ! ਮੈਂ ਜਿਥੇ ਭੀ ਜਾਂਦਾ ਹਾਂ, ਤੂੰ ਹਰ ਥਾਂ ਮੌਜੂਦ ਹੈਂ ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ।੧ ।
ਜਿਨ੍ਹਾਂ ਮਨੁੱਖਾਂ ਨੇ ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ, ਪਰ ਅਜੇਹੇ ਬੰਦੇ ਸੰਸਾਰ ਵਿਚ ਵਿਰਲੇ ਵਿਰਲੇ ਹਨ ।
ਜੇਹੜਾ ਜੇਹੜਾ ਬੰਦਾ ਗੁਰੂ ਦਾ ਸ਼ਬਦ ਕਮਾਂਦਾ ਹੈ (ਭਾਵ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾਂਦਾ ਹੈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਉਹਨਾਂ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ) ਉਹ ਕਦੇ ਭੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦੇ ।
ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਹਿਰਦੇ ਵਿਚ ਵਸਾਂਦੇ ਹਨ, ਉਹ (ਵਿਕਾਰਾਂ ਦੇ ਟਾਕਰੇ ਤੇ) ਕਦੇ ਹਾਰਦੇ ਨਹੀਂ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ ।
ਜੇਹੜੇ ਬੰਦੇ ਪਰਮਾਤਮਾ ਦੀ ਚਰਨੀਂ ਲੱਗਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
ਗੁਰੂ ਦੀ ਮਤਿ ਲੈ ਕੇ ਜਿਨ੍ਹਾਂ ਨੇ ਪ੍ਰਭੂ-ਨਾਮ ਦਾ ਰਸ ਚੱਖਿਆ ਹੈ, ਨਾਮ-ਫਲ ਪ੍ਰਾਪਤ ਕੀਤਾ ਹੈ, ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ, ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ ।
ਪਰ ਅਜੇਹੇ ਬੰਦੇ ਜਗਤ ਵਿਚ ਵਿਰਲੇ ਵਿਰਲੇ ਹੀ ਹਨ ।੨ ।
ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿਤਾ ਹੈ ।
(ਹੇ ਭਾਈ!) ਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਇਹੀ ਲਾਭ ਜਗਤ ਵਿਚੋਂ ਖੱਟਣਾ ਚਾਹੀਦਾ ਹੈ, (ਇਸ ਤ੍ਰਹਾਂ) ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ ।
ਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ਜੇਹੜਾ ਇਕ ਪਰਮਾਤਮਾ ਨੂੰ (ਆਪਣੇ ਅੰਗ-ਸੰਗ) ਪਛਾਣਦਾ ਹੈ ।
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ (ਮਾਨੋ) ਜਗਤ ਦੇ ਨੌ ਹੀ ਖ਼ਜ਼ਾਨੇ ਹਾਸਲ ਕਰਦਾ ਹੈ ।
(ਹੇ ਭਾਈ!) ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਤੋਂ ਵੱਡਾ ਹੈ ।
ਮੈਂ ਉਸ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਰੱਖਿਆ ਹੈ ।੩ ।
ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ (ਲੋਕ ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ ।
ਉਹਨਾਂ ਨੂੰ (ਆਤਮਕ ਸੁਖ ਦਾ) ਫਲ ਇਤਨਾ ਮਿਲਦਾ ਹੈ ਕਿ ਪਰਮਾਤਮਾ ਦੀ ਰਜ਼ਾ ਅਨੁਸਾਰ ਉਹ ਕਦੇ ਭੀ ਘਟਦਾ ਨਹੀਂ ਚਾਹੇ ਅਨੇਕਾਂ ਜੁਗ ਬੀਤ ਜਾਣ ।
ਹੇ ਪ੍ਰਭੂ-ਸੁਆਮੀ! ਚਾਹੇ ਅਨੇਕਾਂ ਹੀ ਜੁਗ ਬੀਤ ਜਾਣ ਸਿਮਰਨ ਕਰਨ ਵਾਲਿਆਂ ਨੂੰ ਆਤਮਕ ਆਨੰਦ ਦਾ ਮਿਲਿਆ ਫਲ ਕਦੇ ਭੀ ਘਟਦਾ ਨਹੀਂ ।
ਜੇਹੜਾ ਜੇਹੜਾ ਬੰਦਾ ਹਰੀ ਦਾ ਨਾਮ ਸਿਮਰਦਾ ਹੈ ਉਹਨਾਂ ਨੂੰ ਪ੍ਰਾਪਤ ਹੋਈ ਉੱਚੀ ਆਤਮਕ ਅਵਸਥਾ ਨੂੰ ਨਾਹ ਬੁਢੇਪਾ ਆਉਂਦਾ ਹੈ ਨਾਹ ਮੌਤ ਆਉਂਦੀ ਹੈ, ਉਹ ਕਦੇ ਨਰਕ ਵਿਚ ਨਹੀਂ ਪੈਂਦੇ ।
ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਕਦੇ ਸੁੱਕਦੇ ਨਹੀਂ ਹਨ (ਭਾਵ, ਉਹਨਾਂ ਦਾ ਅੰਦਰਲਾ ਆਤਮਕ ਖੇੜਾ ਕਦੇ ਸੁੱਕਦਾ ਨਹੀਂ) ਉਹ ਕਦੇ ਦੁੱਖੀ ਨਹੀਂ ਹੁੰਦੇ ।
ਜੇਹੜੇ ਮਨੁੱਖ ਨਾਮ ਸਿਮਰਦੇ ਹਨ ਉਹ (ਲੋਕ- ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, ਉਹ (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ ।੪।੧।੪ ।

ਨੋਟ: ਇਹ ਛੰਤ ‘ਘਰੁ ੨’ ਦਾ ਹੈ ।
ਕੁੱਲ ਜੋੜ ੪ ਹੈ ।
Follow us on Twitter Facebook Tumblr Reddit Instagram Youtube