ਰਾਗੁ ਆਸਾ ਮਹਲਾ ੧ ਛੰਤ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥
ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥
ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥
ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥
ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ ॥
ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥੧॥

ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥
ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥
ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ ॥
ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥
ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ ॥
ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥੨॥

ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ ॥
ਹਰਿ ਨਾਮੋੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥
ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥
ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥
ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥
ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥੩॥

ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥
ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ ॥
ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ ॥
ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥
ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥
ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥

Sahib Singh
ਮੁੰਧ = ਮੁਗਧਾ, ਉਤਸ਼ਾਹ = ਭਰੀ ਮੁਟਿਆਰ ਜਿਸ ਨੂੰ ਅਜੇ ਆਪਣੇ ਜੋਬਨ ਦਾ ਗਿਆਨ ਨਾਹ ਹੋਵੇ ।
ਜੋਬਨਿ = ਜਵਾਨੀ ਵਿਚ ।
ਬਾਲੜੀ = ਅੰਞਾਣ = ਇਸਤ੍ਰੀ ।
ਰਲੀਅਲਾ = {ਰਲੀਆ = ਆਲਯ} ਅਨੰਦ ਦਾ ਸੋਮਾ ।
ਧਨ = ਜੀਵ = ਇਸਤ੍ਰੀ ।
ਰਸਿ = ਰਸ ਵਿਚ, ਚਾਉ ਨਾਲ ।
ਪਿਰਹਿ = ਪਿਰ ਦਾ ।
ਸੇਜਾ = ਹਿਰਦਾ = ਸੇਜ ।
ਸਾਤ ਸਰ = ਸੱਤ ਸਰੋਵਰ, (ਪੰਜ ਗਿਆਨ-ਇੰਦ੍ਰੇ, ਮਨ, ਬੁਧਿ) ।
ਮਇਆ = ਦਇਆ ।
ਸਬਦਿ = ਸ਼ਬਦ ਵਿਚ ।
ਮਿਲਿ = ਮਿਲ ਕੇ ।
ਗਾਵਉ = ਮੈਂ ਗਾਵਾਂ ।
ਵਰੁ = ਖ਼ਸਮ ।
ਮਨਿ = ਮਨ ਵਿਚ ।੧ ।
ਸਹਜਿ = ਆਤਮਕ ਅਡੋਲਤਾ ਵਿਚ ਟਿਕੀ ਹੋਈ ।
ਸਲੋਨੜੀ = ਸੋਹਣੇ ਨੈਣਾਂ (ਲੋਇਣਾਂ) ਵਾਲੀ ।
ਸੰਗਮਿ = ਸੰਗਮ ਵਿਚ, ਮੇਲ ਵਿਚ ।
ਪ੍ਰੇਮਿ = ਪ੍ਰੇਮ ਵਿਚ ।
ਸੁਖਿ = ਸੁਖ ਵਿਚ ।
ਤਉ = ਤੇਰੇ ।
ਧੀਜਏ = ਧੀਰਜ ਫੜਦਾ ।
ਪਿ੍ਰਉ = ਪਿਆਰਾ ।
ਰਸਨ = ਜੀਭ ।
ਭੀਜਏ = ਭੀਜੈ, ਭਿੱਜਦਾ ਹੈ ।੨ ।
    
Sahib Singh
ਹੇ ਜੋਬਨ ਵਿਚ ਮੱਤੀ ਅੰਞਾਣ ਇਸਤ੍ਰੀਏ! (ਆਪਣੇ ਪਤੀ-ਪ੍ਰਭੂ ਨੂੰ ਹਿਰਦੇ ਵਿਚ ਵਸਾ ਲੈ) ਪਿਆਰਾ ਪ੍ਰਭੂ ਹੀ ਆਨੰਦ ਦਾ ਸੋਮਾ ਹੈ ।
ਜਿਸ ਜੀਵ-ਇਸਤ੍ਰੀ ਨਾਲ ਪ੍ਰਭੂ-ਪਤੀ ਦਾ ਬਹੁਤਾ ਪ੍ਰੇਮ ਬਣਦਾ ਹੈ ਉਹ ਬੜੇ ਚਾਉ ਨਾਲ ਦਇਆਲ ਪ੍ਰਭੂ ਨੂੰ ਪਿਆਰ ਕਰਦੀ ਹੈ ।
ਪ੍ਰਭੂ ਸੁਆਮੀ ਆਪ ਕਿਰਪਾ ਕਰਦਾ ਹੈ ਤਦੋਂ ਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ ।
ਪਤੀ-ਪ੍ਰਭੂ ਦੀ ਸੰਗਤਿ ਵਿਚ ਉਸ ਦਾ ਹਿਰਦਾ-ਸੇਜ ਸੋਹਣਾ ਬਣ ਜਾਂਦਾ ਹੈ, ਉਸ ਦੇ ਪੰਜ ਗਿਆਨ-ਇੰਦ੍ਰੇ ਉਸ ਦਾ ਮਨ ਤੇ ਉਸ ਦੀ ਬੁੱਧੀ ਇਹ ਸਾਰੇ ਨਾਮ-ਅੰਮਿ੍ਰਤ ਨਾਲ ਭਰਪੂਰ ਹੋ ਜਾਂਦੇ ਹਨ ।
ਹੇ ਸਦਾ-ਥਿਰ ਰਹਿਣ ਵਾਲੇ ਦਇਆਲ ਪ੍ਰਭੂ! ਮੇਰੇ ਉਤੇ ਮੇਹਰ ਕਰ ਕਿਰਪਾ ਕਰ, ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੇ ਗੁਣ ਗਾਵਾਂ ।
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਪਤੀ ਦੇ ਮਿਲਾਪ ਦਾ ਚਾਉ ਪੈਦਾ ਹੁੰਦਾ ਹੈ ਉਹ ਹਰੀ-ਖਸਮ ਦਾ ਦੀਦਾਰ ਕਰ ਕੇ (ਅੰਤਰ ਆਤਮੇ) ਪ੍ਰਸੰਨ ਹੁੰਦੀ ਹੈ ।੧ ।
ਹੇ ਆਤਮਕ ਅਡੋਲਤਾ ਵਿਚ ਟਿਕੀ ਸੁੰਦਰ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਮੇਰੀ ਇਕ ਪਿਆਰ-ਭਰੀ ਬੇਨਤੀ ਸੁਣ ।
(ਮੈਨੂੰ ਭੀ ਰਾਹੇ ਪਾ ਕਿ) ਮੈਨੂੰ ਭਗਤੀ ਵਿਚ ਪ੍ਰਭੂ ਪਿਆਰਾ ਲੱਗੇ ਤੇ ਮੈਂ ਪ੍ਰਭੂ ਦੇ ਨਾਲ ਰੱਤੀ ਜਾਵਾਂ ।
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ ਤੇ ਉਸ ਦੇ ਦਰ ਤੇ ਬੇਨਤੀਆਂ ਕਰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜ ਕੇ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦੀ ਹੈ ।
ਹੇ ਪ੍ਰਭੂ! ਜੇਹੜੀਆਂ ਜੀਵ ਇਸਤ੍ਰੀਆਂ ਜਦੋਂ ਤੇਰੇ ਗੁਣ ਪਛਾਣਦੀਆਂ ਹਨ ਤਦੋਂ ਉਹ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੀਆਂ ਹਨ, ਉਹਨਾਂ ਦੇ ਹਿਰਦੇ ਵਿਚ ਗੁਣ ਆ ਟਿਕਦੇ ਹਨ ਤੇ ਅੌਗੁਣ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦੇ ਹਨ ।
ਹੇ ਪ੍ਰਭੂ! ਮੈਂ ਤੈਥੋਂ ਬਿਨਾ ਇਕ ਤਿਲ ਜਿਤਨਾ ਸਮਾ ਭੀ ਜੀਊ ਨਹੀਂ ਸਕਦੀ (ਮੇਰੀ ਜਿੰਦ ਵਿਆਕੁਲ ਹੋ ਪੈਂਦੀ ਹੈ) ।
(ਤੇਰੇ ਨਾਮ ਤੋਂ ਬਿਨਾ ਕੁਝ ਹੋਰ) ਆਖਣ ਨਾਲ ਜਾਂ ਸੁਣਨ ਨਾਲ ਮੇਰਾ ਮਨ ਧੀਰਜ ਨਹੀਂ ਫੜਦਾ ।
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪ੍ਰਭੂ ਨੂੰ ‘ਹੇ ਪਿਆਰੇ! ਹੇ ਪਿਆਰੇ!’ ਆਖ ਆਖ ਕੇ ਯਾਦ ਕਰਦੀ ਰਹਿੰਦੀ ਹੈ ਉਸ ਦੀ ਜੀਭ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਂਦਾ ਹੈ ।੨ ।
Follow us on Twitter Facebook Tumblr Reddit Instagram Youtube