ਰਾਗੁ ਆਸਾ ਮਹਲਾ ੩ ਪਟੀ
ੴ ਸਤਿਗੁਰ ਪ੍ਰਸਾਦਿ ॥
ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥
ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥

ਮਨ ਐਸਾ ਲੇਖਾ ਤੂੰ ਕੀ ਪੜਿਆ ॥
ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥

ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥
ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥

ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥
ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥

ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥
ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥

ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥
ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥

ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥੬॥

ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ ॥
ਅੰਤਰ ਆਤਮੈ ਬ੍ਰਹਮੁ ਨ ਚੀਨ੍ਹਿਆ ਮਾਇਆ ਕਾ ਮੁਹਤਾਜੁ ਭਇਆ ॥੭॥

ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥
ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ॥੮॥

ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ ॥
ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨੁ ਨ ਤੁਧੁ ਲਇਆ ॥੯॥

ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥
ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥

ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ ॥
ਗੁਰ ਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ ॥੧੧॥

ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥
ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥

ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥
ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥

ਧਧੈ ਧਾਵਤ ਵਰਜਿ ਰਖੁ ਮੂੜੇ ਅੰਤਰਿ ਤੇਰੈ ਨਿਧਾਨੁ ਪਇਆ ॥
ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ ॥੧੪॥

ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥

ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥

ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨ੍ਹ ਕੈ ਰਵਿ ਰਹਿਆ ॥
ਗੁਰ ਪਰਸਾਦੀ ਜਿਨ੍ਹੀ ਰਾਮੁ ਪਛਾਤਾ ਨਿਰਗੁਣ ਰਾਮੁ ਤਿਨ੍ਹੀ ਬੂਝਿ ਲਹਿਆ ॥੧੭॥

ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥
ਨਾਨਕ ਜਿਨ੍ਹ ਕਉ ਸਤਿਗੁਰੁ ਮਿਲਿਆ ਤਿਨ੍ਹ ਕਾ ਲੇਖਾ ਨਿਬੜਿਆ ॥੧੮॥੧॥੨॥

Sahib Singh
ਅਯੋ = ਅ, ੲ, ੳ {ਯੁ=ੲ+ੳ} ਅੰ|ੈ—ਅੰ, ਅ: ।
ਕਾਖੈ ਘੰ|ੈ = ਕ, ਖ, ਗ, ਘ, | ।ਨੋਟ:- ਅਯੋ ਅੰ|ੈ ਕਾਖੈ ਘੰ|ੈ—ਇਹ ਸਿਰਫ਼ ਅ, ੲ, ੳ, ਕ, ਖ, ਗ, ਘ, | ਅੱਖਰ ਹੀ ਹਨ ?
ਰੀ ਰੀ ਲ ਲੀ = ਇਹ ਭੀ ਹਿੰਦੀ ਦੇ ਹੇਠ ਲਿਖੇ ਅੱਖਰ ਹਨ—¢, ¢, ਲã, ਲ੍ਵ, (ਰਿ, ਰੀ, ਲਿ੍ਰ, ਲੀ) ।
ਪੜਿ = ਪੜ੍ਹ ਕੇ ।
ਅਵਗਣ = ਅੌਗੁਣ ਪੈਦਾ ਕਰਨ ਵਾਲੀਆਂ ਗੱਲਾਂ ।
ਮਨ = ਹੇ ਮਨ !
ਕੀ ਪੜਿਆ = ਪੜ੍ਹਨ ਦਾ ਕੀਹ ਲਾਭ ?
    ਪੜ੍ਹਨ ਦਾ ਕੋਈ ਲਾਭ ਨਹੀਂ ।
ਸਿਰਿ = ਸਿਰ ਉਤੇ ।ਨੋਟ: = ‘ਰਹਾਉ’ ਦੀਆਂ ਇਹਨਾਂ ਤੁਕਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ‘ਪਟੀ’ ਦੀ ਰਹਾਉ ਦੀ ਤੁਕ ਰਲਾ ਕੇ ਪੜ੍ਹੋ: ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥ਰਹਾਉ॥ ਲਫ਼ਜ਼ਾਂ ਦੀ ਤੇ ਖਿ਼ਆਲਾਂ ਦੀ ਸਾਂਝ ਸਾਫ਼ ਦੱਸ ਰਹੀ ਹੈ ਕਿ ਗੁਰੂ ਅਮਰ ਦਾਸ ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੌਜੂਦ ਸੀ ।
ਸਿਧੰ|ਾਇਐ = ਨੋਟ: = ਪਾਂਧਾ ਪੱਟੀ ਉਤੇ ਪਹਿਲਾਂ ਇਹ ਅਸੀਸ ਦੇ ਅੱਖਰ ਲਿਖਦਾ ਹੈ, ਤੇ ਫਿਰ ਉਹ ਅੱਖਰ ਲਿਖਦਾ ਹੈ ਜੋ ਬਾਲਕ ਨੇ ਲਿਖਣੇ ਸਿੱਖਣੇ ਹੁੰਦੇ ਹਨ ।
ਇਸ ਦਾ ਭਾਵ ਹੈ = ਤੈਨੂੰ ਇਸ ਵਿਚ ਸਿੱਧੀ ਪ੍ਰਾਪਤ ਹੋਵੇ ।
ਛੀਜਹਿ = ਤੂੰ ਛਿੱਜ ਰਿਹਾ ਹੈਂ ।
ਅਹਿਨਿਸਿ = ਦਿਨ ਰਾਤ ।
ਅਹਿ = ਦਿਨ ।
ਨਿਸਿ = ਰਾਤ ।
ਜਮਿ = ਜਮ ਨੇ ।
ਭਰਮਿ = (ਨਿਰੇ ਦੁਨੀਆਵੀ ਲੇਖੇ ਸਿਖਾਵਣ ਦੇ) ਭੁਲੇਖੇ ਵਿਚ ।
ਭੁਲੇ = ਕੁਰਾਹੇ ਪੈ ਕੇ ।
ਅਣਹੋਦਾ = (ਪਾਂਧੇ ਵਾਲੇ ਗੁਣ) ਨਾਹ ਹੁੰਦਿਆਂ ਭੀ ।
ਅਵਰਾ ਕਾ ਭਾਰੁ = ਹੋਰਨਾਂ (ਭਾਵ, ਛਾਟੜਿਆ ਦੀ ਜ਼ਿੰਮੇਵਾਰੀ) ਦਾ ਭਾਰ ।
ਜੋਤਿ = ਉੱਚੀ ਸੁਰਤਿ, ਮਤਿ {ਵੇਖੋ ਬੰਦ ਨੰ: ੭} ।
ਅੰਤਿ = ਅਖ਼ੀਰ ਵੇਲੇ ।
ਏਕੁ ਸਬਦੁ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ।
ਚੀਨ@ਹਿ ਨਾਹੀ = ਪਛਾਣਦਾ ਨਹੀਂ ।
ਤੁਧੁ ਸਿਰਿ = ਤੇਰੇ ਸਿਰ ਉਤੇ ।
ਸੋ = ਉਹ ਲੇਖ ।
ਪੰਡਿਤ = ਹੇ ਪੰਡਿਤ !
ਬਿਖਿਆ = ਮਾਇਆ ।
ਗਲਿ = ਗਲ ਵਿਚ ।
ਸੰਜਮੁ = ਇੰਦ੍ਰੀਆਂ ਨੂੰ ਗ਼ਲਤ ਪਾਸੇ ਜਾਣ ਤੋਂ ਰੋਕ ਰੱਖਣਾ, ਬੰਧੇਜ, ਜੀਵਨ-ਜੁਗਤੀ ।
ਕੁਥਾਇ = ਗ਼ਲਤ ਥਾਂ ਤੋਂ ।
ਜਜਮਾਨ = ਯਜਮਾਨ, ਪਰੋਹਤ ਪਾਸੋਂ ਜੱਗ ਕਰਾਣ ਵਾਲਾ ।
ਪੁਤ੍ਰੀ = ਧੀ ।
ਏਤੁ = ਇਸ ਦੀ ਰਾਹੀਂ ।
ਧਾਨੁ = ਅੰਨ ।
ਧਾਨਿ = ਧਾਨ ਦੀ ਰਾਹੀਂ ।
ਏਤੁ ਧਾਨਿ = ਇਸ ਅੰਨ ਦੀ ਰਾਹੀਂ ।
ਏਤੁ ਧਾਨਿ ਖਾਧੈ = ਇਸ ਖਾਧੇ ਅੰਨ ਦੀ ਰਾਹੀਂ ।
ਕਾਮਿ = ਕਾਮ = ਵਾਸਨਾ ਵਿਚ ।
ਕ੍ਰੋਧਿ = ਕ੍ਰੋਧ ਵਿਚ ।
ਭਰਮਿਓਹੁ = ਤੂੰ ਭਟਕ ਰਿਹਾ ਹੈਂ, ਤੂੰ ਕੁਰਾਹੇ ਪਿਆ ਹੋਇਆ ਹੈਂ ।
ਮਮਤਾ = (ਇਹ ਚੀਜ਼) ਮੇਰੀ (ਬਣ ਜਾਏ), (ਇਹ ਚੀਜ਼) ਮੇਰੀ (ਬਣ ਜਾਏ) ਇਹ ਪ੍ਰਬਲ ਵਾਸਨਾ, ਲਾਲਚ ।
ਪੜਹਿ = ਤੂੰ ਪੜ੍ਹਦਾ ਹੈਂ ।
ਗੁਣਹਿ = ਤੂੰ ਵਿਚਾਰਦਾ ਹੈਂ ।
ਪੁਕਾਰਹਿ = ਤੂੰ ਉੱਚੀ ਉੱਚੀ (ਹੋਰਨਾਂ ਨੂੰ) ਸੁਣਾਂਦਾ ਹੈਂ ।
ਡੂਬਿ = ਲਾਲਚ ਦੇ ਹੜ੍ਹ ਵਿਚ ਡੁੱਬ ਕੇ ।
ਮੁਆ = ਆਤਮਕ ਮੌਤ ਸਹੇੜ ਚੁਕਾ ਹੈਂ ।
ਤਾਮਸਿ = ਕ੍ਰੋਧ ਨਾਲ ।
ਜਲਿਓਹੁ = ਤੂੰ ਸੜਿਆ ਹੋਇਆ ਹੈਂ ।
ਥਾਨੁ = ਹਿਰਦਾ = ਥਾਂ ।
ਭਰਿਸਟੁ = ਗੰਦਾ ।
ਘਰਿ ਘਰਿ = ਹਰੇਕ (ਜਜਮਾਨ ਦੇ) ਘਰ ਵਿਚ ।
ਪਰਪੰਚਿ = ਪਰਪੰਚ ਵਿਚ, ਮਾਇਆ ਦੇ ਪਸਾਰੇ ਵਿਚ ।
ਪਲਚਿ ਰਹਿਆ = ਤੂੰ ਫਸ ਰਿਹਾ ਹੈਂ, ਉਲਝ ਰਿਹਾ ਹੈਂ ।
ਸਚੈ = ਸੱਚੇ ਪ੍ਰਭੂ ਨੇ ।
ਖੁਆਇਓਹੁ = ਤੈਨੂੰ ਖੁੰਝਾਇਆ ਹੈ, ਤੈਨੂੰ ਕੁਰਾਹੇ ਪਾ ਦਿੱਤਾ ਹੈ ।
ਸਿਰਿ ਤੇਰੈ = ਤੇਰੇ ਸਿਰ ਉਤੇ, ਤੇਰੇ ਮੱਥੇ ਉਤੇ ।
ਭਵਜਲਿ = ਸੰਸਾਰ = ਸਮੁੰਦਰ ਵਿਚ ।
ਗਲਤਾਨੁ = ਇਤਨਾ ਮਸਤ ਕਿ ਹੋਰ ਕੁਝ ਸੁੱਝਦਾ ਹੀ ਨਹੀਂ ।
ਪਰਸਾਦੀ = ਕਿਰਪਾ ਨਾਲ ।
ਏਕੋ = ਇਕ ਪਰਮਾਤਮਾ ਨੂੰ ਹੀ ।
ਜਾਣੈ = ਜੋ ਮਨੁੱਖ ਜਾਣਦਾ ਹੈ ।
ਵਾਰੀ = ਮਨੁੱਖਾ ਜਨਮ ਦੀ ਵਾਰੀ ਜਿਸ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਸੀ ।
ਵਾਸਦੇਉ = ਪਰਮਾਤਮਾ ।
ਨ ਲਹਸਹਿ = ਤੂੰ ਲੱਭ ਨਹੀਂ ਸਕੇਂਗਾ ।
ਵਸਿ = ਕਾਬੂ ਵਿਚ ।
ਨ ਝੂਰਹਿ = ਨਹੀਂ ਝੁਰੇਂਗਾ, ਹਾਹੁਕੇ ਨਹੀਂ ਲਏਂਗਾ ।
ਵਿਖਾ = ਵੇਖ ਖਾਂ, ਵੇਖ ਲੈ ।
ਨਿਗੁਰਾ = ਜਿਸ ਨੇ ਗੁਰੂ ਦਾ ਆਸਰਾ ਨਹੀਂ ਲਿਆ ।
ਵਰਜਿ ਰਖੁ = ਰੋਕ ਰੱਖ ।
ਧਾਵਤ = ਭਟਕਦੇ ਨੂੰ ।
ਤੇਰੈ ਅੰਤਰਿ = ਤੇਰੇ ਅੰਦਰ ।
ਨਿਧਾਨੁ = ਖ਼ਜ਼ਾਨਾ (ਸੁਖਾਂ ਦਾ) ।
ਗੁਰਮਖਿ ਹੋਵਹਿ = ਜੇ ਤੂੰ ਗੁਰੂ ਦੇ ਸਨਮੁਖ ਰਹੇਂ ।
ਜੁਗਾ ਜੁਗੰਤਰਿ = ਜੁਗਾ ਜੁਗ ਅੰਤਰਿ, ਅਨੇਕਾਂ ਜੁਗਾਂ ਤਕ, ਸਦਾ ਲਈ ।
ਖਾਹਿ ਪਇਆ = ਪਿਆ ਖਾਹਿˆਗਾ, ਖਾਂਦਾ ਰਹੇਂਗਾ ।
ਗੁਨਹ = ਪਾਪ ।
ਬੂਝੁ = ਸਮਝ, ਜਾਚ ਸਿੱਖ ।
ਕਥਾ = ਸਿਫ਼ਤਿ = ਸਾਲਾਹ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ।
ਤੇਤਾ = ਉਤਨਾ ਹੀ ।
ਮੁਕਤਿ = ਖ਼ਲਾਸੀ ।
ਅਕਥੁ = ਜੋ ਬਿਆਨ ਤੋਂ ਬਾਹਰ ਹੈ ।
ਲੇਖਾ = ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਦਾ ਹਿਸਾਬ {ਨੋਟ:- ਕਿਸੇ ਸ਼ਾਹੂਕਾਰ ਤੋਂ ਕਰਜ਼ਾ ਚੁੱਕ ਲਈਏ, ਜਿਉਂ ਜਿਉਂ ਸਮਾ ਗੁਜ਼ਰਦਾ ਹੈ, ਉਸ ਕਰਜ਼ੇ ਦਾ ਸੂਦ ਪੈ ਪੈ ਕੇ ਸ਼ਾਹ ਦੀ ਰਕਮ ਦਾ ਲੇਖਾ ਵਧਦਾ ਜਾਂਦਾ ਹੈ ।
    ਕਿਸੇ ਕੀਤੇ ਵਿਕਾਰ ਦੇ ਕਾਰਨ ਮਨ ਵਿਚ ਟਿਕੇ ਹੋਏ ਮੰਦੇ ਸੰਸਕਾਰ ਵਿਕਾਰਾਂ ਵਲ ਹੋਰ ਹੋਰ ਪ੍ਰੇਰਦੇ ਹਨ ।
    ਉਸ ਪ੍ਰੇਰਨਾ ਨਾਲ ਹੋਰ ਹੋਰ ਵਿਕਾਰ ਕਰੀ ਜਾਂਦੇ ਹਾਂ ।
    ਇਸ ਤ੍ਰਹਾਂ ਵਿਕਾਰਾਂ ਦਾ ਇਹ ਸਿਲਸਿਲਾ ਜਾਰੀ ਰਹਿੰਦਾ ਹੈ, ਤੇ ਵਿਕਾਰਾਂ ਦਾ ਲੇਖਾ ਵਧਦਾ ਚਲਿਆ ਜਾਂਦਾ ਹੈ) ।
ਨਿਬੜਿਆ = ਮੁੱਕ ਜਾਂਦਾ ਹੈ ।
    
Sahib Singh
(ਇਹ) ਸਾਰਾ ਜਗਤ (ਜੋ) ਹੋਂਦ ਵਿਚ ਆਇਆ ਹੋਇਆ ਹੈ, (ਇਸ ਦੇ ਸਿਰ ਉਤੇ) ਮੌਤ (ਭੀ) ਮੌਜੂਦ ਹੈ (ਪਰ ਜੀਵ ਮੌਤ ਨੂੰ ਭੁਲਾ ਕੇ) ਅੌਗੁਣ ਪੈਦਾ ਕਰਨ ਵਾਲੀਆਂ ਗੱਲਾਂ ਪੜ੍ਹ ਕੇ ਗੁਣ ਵਿਸਾਰ ਦੇਂਦੇ ਹਨ, ਤੇ ਪਾਪ ਕਮਾਂਦੇ ਰਹਿੰਦੇ ਹਨ ।੧ ।
ਹੇ ਮਨ! (ਸਿਰਫ਼) ਅਜੇਹਾ ਲੇਖਾ ਪੜ੍ਹਨ ਦਾ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ (ਜਿਸ ਵਿਚ ਰੁੱਝ ਕੇਤੂੰ ਜੀਵਨ ਦਾ ਸਹੀ ਰਸਤਾ ਨਾਹ ਸਿੱਖਿਆ, ਕੁਰਾਹੇ ਹੀ ਪਿਆ ਰਿਹਾ) ਤੇ ਆਪਣੇ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉਤੇ ਟਿਕਿਆ ਹੀ ਰਿਹਾ ।ਰਹਾਉ ।
(ਹੇ ਮਨ! ਨਿਰੇ ਦੁਨੀਆਵੀ ਲੇਖੇ ਸਿੱਖਣ ਦੇ ਆਹਰੇ ਲੱਗ ਕੇ) ਤੂੰ (ਪਰਮਾਤਮਾ ਨੂੰ) ਚੇਤੇ ਨਹੀਂ ਕਰਦਾ, ਤੂੰ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ ।
ਹੇ ਮੂਰਖ! (ਪ੍ਰਭੂ ਨੂੰ ਭੁਲਾ ਕੇ) ਦਿਨ ਰਾਤ ਤੂੰ (ਆਤਮਕ ਜੀਵਨ ਵਿਚ) ਕਮਜ਼ੋਰ ਹੋ ਰਿਹਾ ਹੈਂ, ਜਦੋਂ ਜਮ ਨੇ (ਇਸ ਖੁਨਾਮੀ ਦੇ ਕਾਰਨ) ਫੜ ਲਿਆ, ਤਾਂ ਉਸ ਤੋਂ ਖ਼ਲਾਸੀ ਕਿਵੇਂ ਹੋਵੇਗੀ ?
।੨ ।
ਹੇ ਮੂਰਖ! (ਨਿਰੇ ਦੁਨੀਆਵੀ ਲੇਖੇ ਪੜ੍ਹਨ ਪੜ੍ਹਾਨ ਵਿਚ ਰੁੱਝ ਕੇ) ਤੂੰ (ਜੀਵਨ ਦਾ ਸਹੀ ਰਸਤਾ) ਨਹੀਂ ਸਮਝਦਾ, ਇਸੇ ਭੁਲੇਖੇ ਵਿਚ ਕੁਰਾਹੇ ਪੈ ਕੇ ਤੂੰ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਰਿਹਾ ਹੈਂ ।
(ਆਤਮਕ ਜੀਵਨ ਦਾ ਰਸਤਾ ਦੱਸਣ ਵਾਲੇ ਪਾਂਧੇ ਦੇ) ਗੁਣ ਤੇਰੇ ਵਿਚ ਨਹੀਂ ਹਨ, (ਫਿਰ ਭੀ) ਤੂੰ ਆਪਣਾ ਨਾਮ ਪਾਂਧਾ ਰਖਾਇਆ ਹੋਇਆ ਹੈ ।
ਤੂੰ ਆਪਣੇ ਚਾਟੜਿਆਂ ਨੂੰ ਜੀਵਨ-ਰਾਹ ਸਿਖਾਣ ਦੀ ਜ਼ਿੰਮੇਵਾਰੀ ਦਾ ਭਾਰ ਆਪਣੇ ਉਤੇ ਚੁੱਕਿਆ ਹੋਇਆ ਹੈ ।੩ ।
ਹੇ ਮੂਰਖ! (ਨਿਰੇ ਮਾਇਕ ਲੇਖੇ ਪਤ੍ਰੇ ਨੇ ਆਤਮਕ ਜੀਵਨ ਸਿਖਲਾਣ ਵਾਲੀ) ਤੇਰੀ ਅਕਲ ਖੋਹ ਲਈ ਹੈ, ਅਖ਼ੀਰ ਵੇਲੇ ਜਦੋਂ ਇਥੋਂ ਤੁਰਨ ਲਗੋਂ, ਤਾਂ ਅਫ਼ਸੋਸ ਕਰੇਂਗਾ ।
(ਹੁਣ ਇਸ ਵੇਲੇ) ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝ ਨਹੀਂ ਪਾਂਦਾ, (ਸਿੱਟਾ ਇਹ ਨਿਕਲੇਗਾ ਕਿ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ।੪ ।
ਹੇ ਪੰਡਿਤ! ਤੇਰੇ ਆਪਣੇ ਮੱਥੇ ਉਤੇ ਜੋ (ਮਾਇਆ ਵਾਲਾ) ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਜੋ ਸੰਸਕਾਰ ਤੇਰੇ ਅੰਦਰ ਇਕੱਠੇ ਹੋਏ ਪਏ ਹਨ, ਉਹਨਾਂ ਦੇ ਅਧੀਨ ਤੂੰ ਨਿਰੀ ਮਾਇਆ ਦੀ ਖ਼ਾਤਰ ਉਮਰ ਗੁਜ਼ਾਰ ਰਿਹਾ ਹੈਂ, ਪਰ ਆਪਣੇ ਆਪ ਨੂੰ ਪੰਡਿਤ ਸਮਝਦਾ ਤੇ ਪੰਡਿਤ ਅਖਵਾਂਦਾ ਹੈਂ ।
ਪੰਡਿਤ ਦਾ ਇਹ ਕਰਤੱਬ ਨਹੀਂ ਕਿ ਉਸ ਨੂੰ ਆਪਣੇ ਆਤਮਕ ਜੀਵਨ ਦੀ ਰਤਾ ਭੀ ਸੂਝ ਨ ਹੋਵੇ ।
ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਛੱਡ, ਤੇ) ਹੋਰਨਾਂ (ਚਾਟੜਿਆਂ) ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ ।
(ਨਿਰੀ ਮਾਇਆ ਦਾ ਲੇਖਾ ਪੜ੍ਹਾਨ ਵਾਲੇ) ਪਾਂਧੇ ਨੇ ਪਹਿਲਾਂ ਆਪਣੇ ਗਲ ਵਿਚ (ਮਾਇਆ ਦੀ) ਫਾਹੀ ਪਾਈ ਹੋਈ ਹੈ, ਫਿਰ ਉਹੀ ਫਾਹੀ ਆਪਣੇ ਵਿਦਿਆਰਥੀਆਂ ਦੇ ਗਲ ਵਿਚ ਪਾ ਦੇਂਦਾ ਹੈ ।੫ ।
(ਆਪਣੇ ਆਪ ਨੂੰ ਪੰਡਿਤ ਸਮਝਣ ਵਾਲੇ) ਹੇ ਮੂਰਖ! (ਨਿਰੀ ਮਾਇਆ ਦੀ ਖ਼ਾਤਰ ਪੜ੍ਹਣ ਪੜ੍ਹਾਨ ਦੇ ਕਾਰਨ ਲਾਲਚ-ਵੱਸ ਹੋ ਕੇ) ਤੂੰ ਜੀਵਨ-ਜੁਗਤਿ ਭੀ ਗਵਾ ਬੈਠਾ ਹੈਂ ।
ਪਰੋਹਤ ਹੋਣ ਕਰਕੇ ਤੂੰ ਆਪਣੇ ਜਜਮਾਨ ਪਾਸੋਂ ਹਰ ਦਿਨ-ਦਿਹਾਰ ਤੇ ਦਾਨ ਲੈਂਦਾ ਹੈਂ, (ਪਰ) ਇਕ ਦਾਨ ਤੂੰ ਆਪਣੇ ਜਜਮਾਨ ਤੋਂ ਗ਼ਲਤ ਥਾਂ ਲੈਂਦਾ ਹੈਂ ।
ਜਜਮਾਨ ਦੀ ਧੀ ਤੇਰੀ ਹੀ ਧੀ ਹੈ (ਧੀ ਦੇ ਵਿਆਹ ਤੇ ਜਜਮਾਨ ਪਾਸੋਂ ਦਾਨ ਲੈਣਾ ਧੀ ਦਾ ਪੈਸਾ ਖਾਣਾ ਹੈ) ।
ਇਹ ਅੰਨ ਖਾਣ ਨਾਲ (ਇਹ ਪੈਸਾ ਖਾਣ ਨਾਲ) ਤੂੰ ਆਪਣਾ ਆਤਮਕ ਜੀਵਨ ਗਵਾ ਲੈਂਦਾ ਹੈਂ ।੬ ।
ਹੇ ਮੂਰਖ! (ਹੋਰਨਾਂ ਨੂੰ ਮੱਤਾਂ ਦੇਂਦਾ) ਤੂੰ ਆਪ ਕਾਮ ਵਾਸਨਾ ਵਿਚ ਕ੍ਰੋਧ ਵਿਚ (ਫਸ ਕੇ) ਕੁਰਾਹੇ ਪਿਆ ਹੋਇਆ ਹੈਂ ।
ਤੂੰ (ਧਰਮ ਪੁਸਤਕ) ਪੜ੍ਹਦਾ ਹੈਂ, ਅਰਥ ਵਿਚਾਰਦਾ ਹੈਂ, ਤੇ ਹੋਰਨਾਂ ਨੂੰ ਸੁਣਾਂਦਾ ਭੀ ਹੈਂ, ਪਰ (ਸਹੀ ਜੀਵਨ-ਰਾਹ) ਸਮਝਣ ਤੋਂ ਬਿਨਾ ਤੂੰ (ਲਾਲਚ ਦੇ ਹੜ੍ਹ ਵਿਚ) ਡੁੱਬ ਕੇ ਆਤਮਕ ਮੌਤੇ ਮਰ ਚੁਕਾ ਹੈਂ ।੮ ।
ਹੇ ਮੂਰਖ (ਪੰਡਿਤ!) ਤੂੰ (ਅੰਦਰੋਂ) ਕ੍ਰੋਧ ਨਾਲ ਸੜਿਆ ਹੋਇਆ ਹੈਂ, ਤੇਰਾ ਹਿਰਦਾ-ਥਾਂ (ਲਾਲਚ ਨਾਲ) ਗੰਦਾ ਹੋਇਆ ਪਿਆ ਹੈ ।
ਹੇ ਮੂਰਖ! ਤੂੰ ਹਰੇਕ (ਜਜਮਾਨ ਦੇ) ਘਰ ਵਿਚ (ਮਾਇਕ ਦੱਛਣਾ ਵਾਸਤੇ ਤਾਂ) ਤੁਰਿਆ ਫਿਰਦਾ ਹੈਂ, ਪਰ ਪ੍ਰਭੂ ਦੇ ਨਾਮ ਦੀ ਦੱਛਣਾ ਤੂੰ ਅਜੇ ਤਕ ਕਿਸੇ ਪਾਸੋਂ ਨਹੀਂ ਲਈ ।੯ ।
ਹੇ ਮੂਰਖ! ਤੂੰ ਸੰਸਾਰ (ਦੇ ਮੋਹ-ਜਾਲ) ਵਿਚ (ਇਤਨਾ) ਉਲਝ ਰਿਹਾ ਹੈਂ ਕਿ ਇਸ ਵਿਚੋਂ ਪਾਰਲੇ ਪਾਸੇ ਨਹੀਂ ਲੰਘ ਸਕਦਾ ।
ਹੇ ਮੂਰਖ! (ਤੇਰੇ ਆਪਣੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਤੈਨੂੰ (ਉਸੇ) ਕੁਰਾਹੇ ਪਾ ਦਿੱਤਾ ਹੈ (ਜਿਧਰ ਤੇਰੀ ਰੁਚੀ ਬਣੀ ਹੋਈ ਹੈ, ਤੇ) ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਲੇਖ ਤੇਰੇ ਮੱਥੇ ਉਤੇ (ਇਤਨਾ) ਉਕਰਿਆ ਪਿਆ ਹੈ (ਕਿ ਤੈਨੂੰ ਸਹੀ ਰਸਤੇ ਦੀ ਸੂਝ ਨਹੀਂ ਪੈਂਦੀ, ਪਰ ਤੂੰ ਹੋਰਨਾਂ ਨੂੰ ਮੱਤਾਂ ਦੇਂਦਾ ਫਿਰਦਾ ਹੈਂ) ।੧੦ ।
ਹੇ ਮੂਰਖ! ਤੂੰ ਮਾਇਆ (ਦੇ ਮੋਹ) ਵਿਚ ਇਤਨਾ ਮਸਤ ਹੈਂ ਕਿ ਤੈਨੂੰ ਹੋਰ ਕੁਝ ਸੁੱਝਦਾ ਹੀ ਨਹੀਂ, ਤੂੰ ਸੰਸਾਰ-ਸਮੁੰਦਰ (ਦੀਆਂ ਮੋਹ ਦੀਆਂ ਲਹਰਾਂ) ਵਿਚ ਗੋਤੇ ਖਾ ਰਿਹਾ ਹੈਂ (ਆਪਣੇ ਬਚਾਉ ਵਾਸਤੇ ਤੂੰ ਕੋਈ ਉੱਦਮ ਨਹੀਂ ਕਰਦਾ) ।
(ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਕਿਰਪਾ ਨਾਲ ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਇਸ ਸੰਸਾਰ-ਸਮੁੰਦਰ ਤੋਂ ਇਕ ਪਲ ਵਿਚ ਪਾਰ ਲੰਘ ਜਾਂਦਾ ਹੈ ।੧੧ ।
ਹੇ ਮੂਰਖ (ਭਾਗਾਂ ਨਾਲ) ਮਨੁੱਖਾਂ ਜਨਮ (ਮਿਲਣ) ਦੀ ਵਾਰੀ ਆਈ ਸੀ, ਪਰ (ਇਸ ਅਮੋਲਕ ਜਨਮ ਵਿਚ ਭੀ) ਤੈਨੂੰ ਪਰਮਾਤਮਾ ਭੁੱਲਿਆ ਹੀ ਰਿਹਾ ।
ਹੇ ਮੂਰਖ! (ਜੇ ਖੁੰਝਿਆ ਹੀ ਰਿਹੋਂ ਤਾਂ) ਇਹ ਸਮਾਂ ਮੁੜ ਨਹੀਂ ਲੱਭ ਸਕੇਂਗਾ (ਤੇ ਮਾਇਆ ਦੇ ਮੋਹ ਵਿਚ ਫਸਿਆ ਰਹਿ ਕੇ) ਤੂੰ ਜਮ ਦੇ ਵੱਸ ਪੈ ਜਾਹਿˆਗਾ (ਜਨਮ ਮਰਨ ਦੇ ਗੇੜ ਵਿਚ ਜਾ ਪਏਂਗਾ) ।੧੨ ।
ਹੇ ਮੂਰਖ! ਤੂੰ ਪੂਰੇ ਗੁਰੂ ਦਾ ਉਪਦੇਸ਼ ਧਾਰਨ ਕਰ ਕੇ ਵੇਖ ਲੈ, (ਮਾਇਆ ਆਦਿਕ ਦੀ ਖ਼ਾਤਰ) ਤੈਨੂੰ ਕਦੇ ਹਾਹੁਕੇ ਨਹੀਂ ਲੈਣੇ ਪੈਣਗੇ (ਕਿਉਂਕਿ ਮਾਇਆ-ਮੋਹ ਦਾ ਜਾਲ ਹੀ ਟੁੱਟ ਜਾਇਗਾ) ਪਰ ਜੇ ਪੂਰੇ ਗੁਰੂ ਦੀ ਸਰਨ ਨਹੀਂ ਪਏਂਗਾ ਤਾਂ ਕੋਈ (ਰਸਮੀ) ਗੁਰੂ (ਇਹਨਾਂ ਹਾਹੁਕਿਆਂ ਤੋਂ ਬਚਾ) ਨਹੀਂ (ਸਕਦਾ) ।
ਜੇਹੜਾ ਮਨੁੱਖ ਪੂਰੇ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, (ਕੁਰਾਹੇ ਪੈਣ ਕਰ ਕੇ) ਉਹ ਬਦਨਾਮੀ ਹੀ ਖੱਟਦਾ ਹੈ ।੧੩ ।
ਹੇ ਮੂਰਖ! ਆਤਮਕ ਸੁਖ ਦਾ ਖ਼ਜ਼ਾਨਾ ਪਰਮਾਤਮਾ ਤੇਰੇ ਅੰਦਰ ਵੱਸ ਰਿਹਾ ਹੈ (ਪਰ ਤੂੰ ਸੁਖ ਲੱਭਣ ਵਾਸਤੇ ਬਾਹਰ ਭਟਕਦਾ ਫਿਰਦਾ ਹੈਂ) ਬਾਹਰ ਭਟਕਦੇ ਮਨ ਨੂੰ ਰੋਕ ਕੇ ਰੱਖ ।
ਜੇ ਤੂੰ ਗੁਰੂ ਦੇ ਦੱਸੇ ਰਸਤੇ ਉਤੇ ਤੁਰੇਂ ਤਾਂ (ਅੰਦਰ ਵੱਸਦੇ) ਪਰਮਾਤਮਾ ਦੇ ਨਾਮ ਦਾ ਰਸ ਪੀਵੇਂਗਾ, ਸਦਾ ਲਈ ਇਹ ਨਾਮ-ਰਸ ਵਰਤਦਾ ਰਹੇਂਗਾ (ਕਦੇ ਮੁੱਕੇਗਾ ਨਹੀਂ) ।੧੪ ।
ਹੇ ਮੂਰਖ! ਪਰਮਾਤਮਾ (ਦੇ ਨਾਮ) ਨੂੰ ਆਪਣੇ ਚਿੱਤ ਵਿਚ ਵਸਾ ਲੈ (ਤਦੋਂ ਹੀ ਉਸ ਨਾਲ ਮਿਲਾਪ ਹੋਵੇਗਾ), ਨਿਰੀਆਂ ਗੱਲਾਂ ਨਾਲ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ ।
ਹੇ ਮੂਰਖ! ਗੁਰੂ ਦੇ ਚਰਨ ਹਿਰਦੇ ਵਿਚ ਟਿਕਾਈ ਰੱਖ, ਪਿਛਲੇ ਕੀਤੇ ਹੋਏ ਸਾਰੇ ਪਾਪ ਬਖ਼ਸ਼ੇ ਜਾਣਗੇ ।੧੫ ।
ਹੇ ਮੂਰਖ! ਜੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸਿੱਖ ਲਏਂ ਤਾਂ ਤੈਨੂੰ ਸਦਾ ਆਤਮਕ ਅਨੰਦ ਮਿਲਿਆ ਰਹੇ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਿਤਨਾ ਹੀ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਖੁੰਝ ਕੇ ਮਾਇਆ ਸੰਬੰਧੀ ਹੋਰ ਹੋਰ ਲੇਖੇ) ਪੜ੍ਹਦੇ ਹਨ, ਉਤਨੀ ਹੀ ਵਧੀਕ ਅਸ਼ਾਂਤੀ ਖੱਟਦੇ ਹਨ, ਤੇ ਗੁਰੂ ਦੀ ਸਰਨ ਤੋਂ ਬਿਨਾ (ਇਸ ਅਸ਼ਾਂਤੀ ਤੋਂ) ਖ਼ਲਾਸੀ ਨਹੀਂ ਹੁੰਦੀ ।੧੬ ।
ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ।
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ ।
ਹੇ ਨਾਨਕ! ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ (ਉਹ ਨਿਰੀ ਮਾਇਆ ਦੇ ਲੇਖੇ ਲਿਖਣ ਪੜ੍ਹਨ ਦੇ ਥਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੇ ਹਨ, ਇਸ ਤ੍ਰਹਾਂ) ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰਾਂ ਦਾ ਹਿਸਾਬ ਮੁੱਕ ਜਾਂਦਾ ਹੈ ।੧੮ ।

ਨੋਟ: ਅੰਕ ੧ ਦਾ ਭਾਵ ਇਹ ਹੈ ਕਿ ਇਹ ੧੮ ਬੰਦਾਂ ਵਾਲੀ ਸਾਰੀ ਇਕੋ ਹੀ ਬਾਣੀ ਹੈ ਜਿਸ ਦਾ ਸਿਰਲੇਖ ਹੈ ‘ਪਟੀ’ ।
ਅੰਕ ੨ ਦਾ ਭਾਵ ਇਹ ਹੈ ਕਿ ‘ਪਟੀ’ ਨਾਮ ਦੀਆਂ ਇਹ ਦੋ ਬਾਣੀਆਂ ਹਨ ।
ਪਹਿਲੀ ਪਟੀ ਮਹਲੇ ਪਹਿਲੇ ਦੀ, ਦੂਜੀ ਪਟੀ ਮਹਲੇ ਤੀਜੇ ਦੀ ।
Follow us on Twitter Facebook Tumblr Reddit Instagram Youtube