ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥
ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥

Sahib Singh
ਟੰਚੁ = ਟੰਟਾ, ਖਲਜਗਨ, ਵਿਅਰਥ ਧੰਧਾ ।
ਕਿਆ = ਕਾਹਦੇ ਕਈ ?
ਮੁਹਤਿ = ਮੁਹਤ ਵਿਚ, ਥੋੜੇ ਹੀ ਸਮੇ ਵਿਚ ।
ਉਠਿ = ਉਠ ਕੇ ।
ਜੂਐ = ਜੂਏ ਦੀ ਬਾਜੀ ਵਿਚ ।
ਭਾਜਿ = ਦੌੜ ਕੇ, ਛੇਤੀ ।
    
Sahib Singh
(ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਦੁਨੀਆ ਦੇ ਕੰਮ ਹੀ ਕਰਨੇ ਵਿਅਰਥ ਧੰਧੇ ਹਨ, ਕਿਉਂਕਿ ਮੌਤ ਆਉਣ ਤੇ ਇਹਨਾਂ ਨਾਲੋਂ ਸਾਥ ਮੁੱਕ ਜਾਇਗਾ) ਹੇ ਪ੍ਰਾਣੀ! ਵਿਅਰਥ ਧੰਧੇ ਕਰਨ ਦਾ ਕੋਈ ਲਾਭ ਨਹੀਂ ਹੈ, (ਕਿਉਂਕਿ ਇਸ ਜਗਤ ਤੋਂ) ਥੋੜੇ ਹੀ ਸਮੇ ਵਿਚ ਉਠ ਕੇ ਚਲੇ ਜਾਣਾ ਹੈ ।
ਹੇ ਪ੍ਰਾਣੀ! (ਪ੍ਰਭੂ ਦੀ ਯਾਦ ਭੁਲਾ ਕੇ) ਆਪਣਾ ਮਨੁੱਖਾ ਜਨਮ ਜੂਏ ਵਿਚ ਕਿਉਂ ਹਾਰਦੇ ਹੋ ?
ਹੇ ਭਾਈ! ਤੂੰ ਛੇਤੀ ਪਰਮਾਤਮਾ ਦੀ ਸਰਨ ਪੈ ਜਾ ।੧੪ ।

ਨੋਟ: ਜੁਆਰੀਆ ਜੂਆ ਖੇਡਦਾ ਜਦੋਂ ਹਾਰ ਜਾਂਦਾ ਹੈ ਤਾਂ ਜੂਏ-ਖ਼ਾਨੇ ਵਿਚੋਂ ਬਿਲਕੁਲ ਖ਼ਾਲੀ-ਹੱਥ ਨਿਕਲਦਾ ਹੈ ।
ਜੋ ਮਨੁੱਖ ਨਿਰੇ ਜਗਤ ਦੇ ਧੰਧਿਆਂ ਵਿਚ ਹੀ ਰੁੱਝਾ ਰਹਿੰਦਾ ਹੈ, ਮੌਤ ਆਉਣ ਤੇ ਧੰਧੇ ਇਥੇ ਹੀ ਰਹਿ ਜਾਂਦੇ ਹਨ, ਤੇ ਮਨੁੱਖ ਇਥੋਂ ਜੁਆਰੀਏ ਵਾਂਗ ਬਿਲਕੁਲ ਖ਼ਾਲੀ-ਹੱਥ ਚੱਲ ਪੈਂਦਾ ਹੈ ।
Follow us on Twitter Facebook Tumblr Reddit Instagram Youtube