ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥
ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ਹ ਗੁਰੂ ਮਿਲਿਆ ॥੧੦॥

Sahib Singh
ਛਾਇਆ = ਛਾਂ, ਅਵਿੱਦਿਆ ।
ਅੰਤਰਿ = ਵਿਚ ।
ਭਰਮੁ = ਭਟਕਣਾ, ਭੁਲੇਖਾ ।
ਭੁਲਾਈਅਨੁ = ਉਸ ਨੇ ਭੁਲਾਈ ਹੈ, ਉਸ ਨੇ ਕੁਰਾਹੇ ਪਾਈ ਹੈ ।
ਕਰਮੁ = ਬਖ਼ਸ਼ਸ਼ ।
    
Sahib Singh
(ਹੇ ਪ੍ਰਭੂ! ਜੀਵ ਭੀ ਕੀਹ ਕਰੇ ?
ਤੇਰੀ ਹੀ ਪੈਦਾ ਕੀਤੀ ਹੋਈ) ਅਵਿੱਦਿਆ ਸਭ ਜੀਵਾਂ ਦੇ ਅੰਦਰ ਪ੍ਰਬਲ ਹੋ ਰਹੀ ਹੈ, (ਜੀਵਾਂ ਦੇ ਮਨ ਦੀ) ਭਟਕਣਾ ਤੇਰੀ ਹੀ ਬਣਾਈ ਹੋਈ ਹੈ ।
(ਹੇ ਮਨ!) ਪ੍ਰਭੂ ਨੇ ਆਪ ਹੀ ਭਟਕਣਾ ਪੈਦਾ ਕਰ ਕੇ ਸਿ੍ਰਸ਼ਟੀ ਨੂੰ ਕੁਰਾਹੇ ਪਾਇਆ ਹੋਇਆ ਹੈ (ਜੇ ਤੂੰ ਬਚਣਾ ਹੈ ਤਾਂ ਆਪਣੀ ਵਿੱਦਿਆ ਦਾ ਮਾਣ ਛੱਡ ਤੇ ਆਖ—) ਹੇ ਪ੍ਰਭੂ! ਜਿਨ੍ਹਾਂ ਉਤੇ ਤੇਰੀ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ (ਮੇਰੇ ਉਤੇ ਭੀ ਮੇਹਰ ਕਰ ਕੇ ਗੁਰੂ ਮਿਲਾ) ।੧੦ ।
Follow us on Twitter Facebook Tumblr Reddit Instagram Youtube