ਆਸਾਵਰੀ ਮਹਲਾ ੫ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤਿ ॥
ਸਾਧਸੰਗਿ ਹਰਿ ਹਰਿ ਜਪਤ ਨਿਰਮਲ ਸਾਚੀ ਰੀਤਿ ॥੧॥ ਰਹਾਉ ॥

ਦਰਸਨ ਕੀ ਪਿਆਸ ਘਣੀ ਚਿਤਵਤ ਅਨਿਕ ਪ੍ਰਕਾਰ ॥
ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ ॥੧॥

ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥
ਜਿਸੁ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗਿ ॥੨॥

ਜੇਤੇ ਮਾਇਆ ਰੰਗ ਰਸ ਬਿਨਸਿ ਜਾਹਿ ਖਿਨ ਮਾਹਿ ॥
ਭਗਤ ਰਤੇ ਤੇਰੇ ਨਾਮ ਸਿਉ ਸੁਖੁ ਭੁੰਚਹਿ ਸਭ ਠਾਇ ॥੩॥

ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ ॥
ਕਰਿ ਮਿਤ੍ਰਾਈ ਸਾਧ ਸਿਉ ਨਿਹਚਲੁ ਪਾਵਹਿ ਠਾਉ ॥੪॥

ਮੀਤ ਸਾਜਨ ਸੁਤ ਬੰਧਪਾ ਕੋਊ ਹੋਤ ਨ ਸਾਥ ॥
ਏਕੁ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭੁ ਨਾਥ ॥੫॥

ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ ॥
ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ ॥੬॥

ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ ॥
ਜੋ ਤੁਧੁ ਭਾਵੈ ਸੋ ਭਲਾ ਤੇਰੈ ਭਾਣੈ ਕਾਰਜ ਰਾਸਿ ॥੭॥

ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਅਨੰਦ ॥
ਕਹੁ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੇ ਪਰਮਾਨੰਦ ॥੮॥੧॥੨॥

Sahib Singh
ਮਨ = ਹੇ ਮਨ !
ਸੰਗਿ = ਸੰਗਤਿ ਵਿਚ ।
ਜਪਤ = ਜਪਦਿਆਂ ।
ਰੀਤਿ = ਮਰਯਾਦਾ ।੧।ਰਹਾਉ ।
ਘਣੀ = ਬਹੁਤ ।
ਚਿਤਵਤ = ਚੇਤਾ ਕਰਦਿਆਂ ।
ਅਨੁਗ੍ਰਹੁ = ਕਿਰਪਾ ।
ਮੁਰਾਰਿ = {ਮੁਰ = ਅਰਿ} ਹੇ ਪ੍ਰਭੂ !
    ।੧ ।
ਪਰਦੇਸੀ = ਕਈ ਦੇਸਾਂ (ਜੂਨਾਂ) ਵਿਚ ਭਟਕਦਾ ।
ਸਾਧ = ਗੁਰੂ ।
ਚਾਹਤਾ = ਲੋੜਦਾ ।
ਨਾਮਹਿ ਰੰਗਿ = ਨਾਮ ਦੇਪਿਆਰ ਵਿਚ ।੨ ।
ਜੇਤੇ = ਜਿਤਨੇ ਭੀ ।
ਭੁੰਚਹਿ = ਮਾਣਦੇ ਹਨ ।
ਸਭ ਠਾਇ = ਹਰ ਥਾਂ ।
ਠਾਇ = ਥਾਂ ਵਿਚ ।
ਠਾਉ = ਥਾਂ ।੩ ।
ਚਲਤਉ = ਨਾਸਵੰਤ ।
ਨਾਉ = ਨਾਮ ।
ਕੋ = ਦਾ ।
ਪਾਵਹਿ = ਤੂੰ ਪਾ ਲਏਂਗਾ ।
    {ਲਫ਼ਜ਼ ‘ਠਾਇ’ ਅਤੇ ‘ਠਾਉ’ ਦਾ ਫ਼ਰਕ ਚੇਤੇ ਰਹੇ} ।੪ ।
ਬੰਧਪਾ = ਰਿਸ਼ਤੇਦਾਰ ।
ਨਿਵਾਹੂ = ਸਦਾ ਨਿਭਣ ਵਾਲਾ ।
ਦੀਨਾ ਕਾ = ਗਰੀਬਾਂ ਦਾ ।
ਨਾਥ = ਖਸਮ ।੫ ।
ਬੋਹਿਥ = ਜਹਾਜ਼ ।
ਤੇਹ ਲਗਿ = ਉਹਨਾਂ (ਚਰਨਾਂ) ਨਾਲ ਲੱਗ ਕੇ ।
ਨੇਹ = ਪਿਆਰ ।੬ ।
ਸਾਧ = ਸੇਵਕ ।
ਜਾਚਨਾ = ਮੰਗ ।
ਸਾਸਿ ਗਿਰਾਸਿ = ਹਰੇਕ ਸਾਹ ਨਾਲ ਤੇ ਗਿਰਾਹੀ ਨਾਲ ।
ਰਾਸਿ = ਠੀਕ (ਹੋ ਜਾਂਦਾ ਹੈ) ।੭ ।
ਸੁਖ ਸਾਗਰ = ਸੁਖਾਂ ਦਾ ਸਮੁੰਦਰ ।
ਭੇਟੇ = ਮਿਲੇ ।
ਪਰਮਾਨੰਦ = ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ।੮ ।
    
Sahib Singh
ਹੇ ਮੇਰੇ ਮਨ! ਜਿਸ ਮਨੁੱਖ ਦੀ ਪ੍ਰੀਤਿ ਪਰਮਾਤਮਾ ਨਾਲ ਬਣ ਜਾਂਦੀ ਹੈ, ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਜਪਦਿਆਂ ਉਸ ਦੀ ਇਹੋ ਰੋਜ਼ਾਨਾ ਪਵਿਤ੍ਰ ਕਾਰ ਬਣ ਜਾਂਦੀ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ।੧।ਰਹਾਉ ।
ਹੇ ਪ੍ਰਭੂ! ਤੇਰੇ ਅਨੇਕਾਂ ਕਿਸਮਾਂ ਦੇ ਗੁਣਾਂ ਨੂੰ ਯਾਦ ਕਰਦਿਆਂ (ਮੇਰੇ ਅੰਦਰ) ਤੇਰੇ ਦਰਸਨ ਦੀ ਤਾਂਘ ਬਹੁਤ ਬਣ ਗਈ ਹੈ, ਹੇ ਪਾਰਬ੍ਰਹਮ! ਹੇ ਮੁਰਾਰੀ! ਮੇਹਰ ਕਰ, ਕਿਰਪਾ ਕਰ (ਦੀਦਾਰ ਬਖ਼ਸ਼) ।੧ ।
ਅਨੇਕਾਂ ਜੂਨਾਂ ਵਿਚ ਭਟਕਦਾ ਜਦੋਂ ਕੋਈ ਮਨ ਗੁਰੂ ਦੀ ਸੰਗਤਿ ਵਿਚ ਆ ਮਿਲਦਾ ਹੈ ਜਿਸ (ਉੱਚੇ ਆਤਮਕ ਜੀਵਨ ਦੇ) ਸੌਦੇ ਨੂੰ ਉਹ ਸਦਾ ਤਰਸਦਾ ਆ ਰਿਹਾ ਸੀ ਉਹ ਉਸ ਨੂੰ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਜੁੜਿਆਂ ਮਿਲ ਜਾਂਦਾ ਹੈ ।੨ ।
ਮਾਇਆ ਦੇ ਜਿਤਨੇ ਭੀ ਕੌਤਕ ਤੇ ਸੁਆਦਲੇ ਪਦਾਰਥ ਦਿੱਸ ਰਹੇ ਹਨ ਇਕ ਖਿਨ ਵਿਚ ਨਾਸ ਹੋ ਜਾਂਦੇ ਹਨ (ਇਹਨਾਂ ਵਿਚ ਪ੍ਰਵਿਰਤ ਹੋਣ ਵਾਲੇ ਆਖ਼ਰ ਪਛੁਤਾਂਦੇ ਹਨ, ਪਰ, ਹੇ ਪ੍ਰਭੂ!) ਤੇਰੇ ਭਗਤ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਥਾਂ ਅਨੰਦ ਮਾਣਦੇ ਹਨ ।੩ ।
ਹੇ ਭਾਈ! ਸਾਰਾ ਸੰਸਾਰ ਨਾਸਵੰਤ ਦਿੱਸ ਰਿਹਾ ਹੈ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ ।
ਗੁਰੂ ਨਾਲ ਪਿਆਰ ਪਾ (ਉਸ ਪਾਸੋਂ ਇਹ ਹਰਿ-ਨਾਮ ਮਿਲੇਗਾ, ਤੇ) ਤੂੰ ਉਹ ਟਿਕਾਣਾ ਲੱਭ ਲਏਂਗਾ ਜੇਹੜਾ ਕਦੀ ਭੀ ਨਾਸ ਹੋਣ ਵਾਲਾ ਨਹੀਂ ।੪ ।
ਹੇ ਭਾਈ! ਮਿੱਤਰ, ਸੱਜਣ, ਪੁੱਤਰ, ਰਿਸ਼ਤੇਦਾਰ—ਕੋਈ ਭੀ ਸਦਾ ਦੇ ਸਾਥੀ ਨਹੀਂ ਬਣ ਸਕਦੇ ।
ਸਦਾ ਸਾਥ ਨਿਬਾਹੁਣ ਵਾਲਾ ਸਿਰਫ਼ ਉਸ ਪਰਮਾਤਮਾ ਦਾ ਨਾਮ ਹੀ ਹੈ ਜੇਹੜਾ ਗਰੀਬਾਂ ਦਾ ਰਾਖਾ ਹੈ ।੫ ।
ਹੇ ਭਾਈ! ਜਿਸ ਮਨੁੱਖ ਦੇ ਵਾਸਤੇ ਗੁਰੂ ਦੇ ਸੋਹਣੇ ਕੋਮਲ ਚਰਨ ਜਹਾਜ਼ ਬਣ ਗਏ ਉਹ ਇਹਨਾਂ ਚਰਨਾਂ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦਾ ਪਰਮਾਤਮਾ ਨਾਲ ਸਦਾ ਲਈ ਪੱਕਾ ਪਿਆਰ ਬਣ ਗਿਆ ।੬ ।
ਹੇ ਪ੍ਰਭੂ! ਤੇਰੇ ਸੇਵਕ ਦੀ (ਤੇਰੇ ਪਾਸੋਂ ਸਦਾ ਇਹੀ) ਮੰਗ ਹੈ ਕਿ ਸਾਹ ਲੈਂਦਿਆਂ ਰੋਟੀ ਖਾਂਦਿਆਂ ਕਦੇ ਭੀ ਨਾਹ ਵਿੱਸਰ ।
ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਤੇਰੀ ਰਜ਼ਾ ਵਿਚ ਤੁਰਿਆਂਤੇਰੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।੭ ।
ਹੇ ਨਾਨਕ! ਆਖ—ਸੁਖਾਂ ਦਾ ਸਮੁੰਦਰ ਪ੍ਰੀਤਮ-ਪ੍ਰਭੂ ਜੀ ਜਿਸ ਮਨੁੱਖ ਨੂੰ ਮਿਲ ਪੈਂਦੇ ਹਨ ਉਸ ਦੇ ਅੰਦਰ ਬੜਾ ਆਨੰਦ ਪੈਦਾ ਹੋ ਜਾਂਦਾ ਹੈ, ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਜੀ ਜਿਸ ਨੂੰ ਮਿਲਦੇ ਹਨ ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ।੮।੧।੨।੩੯ ।

ਨੋਟ: ਇਹ ਅਸਟਪਦੀ ਆਸਾਵਰੀ ਰਾਗਣੀ ਵਿਚ ਗਾਈ ਜਾਣ ਵਾਲੀ ਹੈ, ਘਰੁ ਤੀਜੇ ਵਿਚ ।
Follow us on Twitter Facebook Tumblr Reddit Instagram Youtube