ਆਸਾ ਮਹਲਾ ੫ ਅਸਟਪਦੀਆ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਪੰਚ ਮਨਾਏ ਪੰਚ ਰੁਸਾਏ ॥
ਪੰਚ ਵਸਾਏ ਪੰਚ ਗਵਾਏ ॥੧॥

ਇਨ੍ਹ ਬਿਧਿ ਨਗਰੁ ਵੁਠਾ ਮੇਰੇ ਭਾਈ ॥
ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥

ਸਾਚ ਧਰਮ ਕੀ ਕਰਿ ਦੀਨੀ ਵਾਰਿ ॥
ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥

ਨਾਮੁ ਖੇਤੀ ਬੀਜਹੁ ਭਾਈ ਮੀਤ ॥
ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥

ਸਾਂਤਿ ਸਹਜ ਸੁਖ ਕੇ ਸਭਿ ਹਾਟ ॥
ਸਾਹ ਵਾਪਾਰੀ ਏਕੈ ਥਾਟ ॥੪॥

ਜੇਜੀਆ ਡੰਨੁ ਕੋ ਲਏ ਨ ਜਗਾਤਿ ॥
ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥

ਵਖਰੁ ਨਾਮੁ ਲਦਿ ਖੇਪ ਚਲਾਵਹੁ ॥
ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥

ਸਤਿਗੁਰੁ ਸਾਹੁ ਸਿਖ ਵਣਜਾਰੇ ॥
ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥

ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥
ਅਬਿਚਲ ਨਗਰੀ ਨਾਨਕ ਦੇਵ ॥੮॥੧॥

Sahib Singh
ਪੰਚ = ਸਤ, ਸੰਤੋਖ, ਦਇਆ, ਧਰਮ, ਧੀਰਜ ।
ਪੰਚ = ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ।੧ ।
ਇਨ@ ਬਿਧਿ = ਇਸ ਵਿਓਂਤ ਨਾਲ ।
ਨਗਰੁ = ਸਰੀਰ = ਸ਼ਹਰ !
ਵੁਠਾ = ਵੱਸ ਪਿਆ ।
ਦੁਰਤੁ = ਪਾਪ ।
ਗੁਰਿ = ਗੁਰੂ ਨੇ ।
ਗਿਆਨੁ = ਆਤਮਕ ਜੀਵਨ ਦੀ ਸੂਝ ।
ਦਿ੍ਰੜਾਈ = ਪੱਕੀ ਕਰ ਦਿੱਤੀ ।੧।ਰਹਾਉ ।
ਸਾਚ ਧਰਮ = ਸਦਾ = ਥਿਰ ਪ੍ਰਭੂ ਦੇ ਸਿਮਰਨ ਦੀ ਨਿੱਤ ਕਾਰ ।
ਵਾਰਿ = ਵਾੜ ।
ਫਰਹੇ = ਖਿੜਕ, ਗਿਆਨ = ਇੰਦ੍ਰੇ ।
ਮੁਹਕਮ = ਮਜ਼ਬੂਤ ।
ਬੀਚਾਰਿ = ਵਿਚਾਰ ਕੇ, ਸੋਚ-ਮੰਡਲ ਵਿਚ ਟਿਕਾ ਕੇ ।੨ ।
ਖੇਤੀ = ਸਰੀਰ ਪੈਲੀ ਵਿਚ ।
ਨੀਤ = ਨਿੱਤ, ਸਦਾ ।੩ ।
ਸਹਜ = ਆਤਮਕ ਅਡੋਲਤਾ ।
ਸਭਿ ਹਾਟ = ਸਾਰੇ ਹੱਟ, ਸਾਰੇ ਗਿਆਨ-ਇੰਦ੍ਰੇ ।
ਥਾਟ = ਬਨਾਵਟ ।
ਏਕੈ ਥਾਟ = ਇਕੋ ਰੂਪ ਵਿਚ ।੪ ।
ਜੇਜੀਆ = ਉਹ ਟੈਕਸ ਜੋ ਮੁਸਲਿਮ ਹਕੂਮਤ ਸਮੇ ਗ਼ੈਰ-ਮੁਸਲਿਮ ਭਰਦੇ ਸਨ ।
ਜਗਾਤਿ = ਮਸੂਲ, ਚੁੰਗੀ ।
ਸਤਿਗੁਰਿ = ਗੁਰੂ ਨੇ ।
ਛਾਪ = ਮਾਫ਼ੀ ਦੀ ਮੋਹਰ ।
ਧੁਰ ਕੀ = ਧੁਰ ਦਰਗਾਹ ਦੀ, ਪ੍ਰਭੂ-ਦਰ ਤੋਂ ਪਰਵਾਨ ਹੋਈ ।੫ ।
ਵਖਰੁ = ਸੌਦਾ ।
ਲਦਿ = ਲੱਦ ਕੇ ।
ਖੇਪ = ਕਾਫ਼ਲਾ ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ ।
ਘਰਿ = ਪ੍ਰਭੂ ਦੇ ਮਹਲ ਵਿਚ ।੬ ।
ਸਾਹੁ = ਸਾਹੂਕਾਰ ।
ਪੂੰਜੀ = ਰਾਸ, ਸਰਮਾਇਆ ।
ਸਾਚੁ = ਸਦਾ = ਥਿਰ ਪ੍ਰਭੂ ।
ਸਮ੍ਹਾਰੇ = ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ।੭ ।
ਇਤੁ = ਇਸ ਵਿਚ ।
ਘਰਿ = ਘਰ ਵਿਚ ।
ਇਤੁ ਘਰਿ = ਇਸ ਘਰ ਵਿਚ ।
ਜਿਸੁ = ਜਿਸ ਨੂੰ ।
ਅਬਿਚਲ = ਅਟੱਲ, ਕਦੇ ਨਾਹ ਡੋਲਣ ਵਾਲੀ ।
ਦੇਵ = ਦੇਵ ਦੀ, ਪਰਮਾਤਮਾ ਦੀ ।੮ ।
    
Sahib Singh
ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੀ ਸੂਝ ਪੱਕੀ ਤ੍ਰਹਾਂ ਦੇ ਦਿੱਤੀ (ਉਸ ਦੇ ਅੰਦਰੋਂ) ਵਿਕਾਰ-ਪਾਪ ਦੂਰ ਹੋ ਗਿਆ, ਤੇ, ਹੇ ਮੇਰੇ ਵੀਰ! ਇਸ ਤਰੀਕੇ ਨਾਲ ਉਸ ਮਨੁੱਖ ਦਾ ਸਰੀਰ-ਨਗਰ ਵੱਸ ਪਿਆ ।੧।ਰਹਾਉ ।
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦੀ ਦਾਤਿ ਦਿੱਤੀ ਉਸ ਮਨੁੱਖ ਨੇ ਆਪਣੇ ਸਰੀਰ-ਨਗਰ ਵਿਚ ਸਤ ਸੰਤੋਖ ਦਇਆ ਧਰਮ ਧੀਰਜ—ਇਹ) ਪੰਜੇ ਪ੍ਰਫੁਲਤ ਕਰ ਲਏ, ਤੇ, ਕਾਮਾਦਿਕ ਪੰਜੇ ਨਾਰਾਜ਼ ਕਰ ਲਏ, (ਸਤ ਸੰਤੋਖ ਆਦਿਕ) ਪੰਜ (ਆਪਣੇ ਸਰੀਰ ਨਗਰ ਵਿਚ) ਵਸਾ ਲਏ, ਤੇ, ਕਾਮਾਦਿਕ ਪੰਜੇ (ਨਗਰ ਵਿਚੋਂ) ਕੱਢ ਦਿੱਤੇ ।੧ ।
(ਹੇ ਭਾਈ! ਜਿਸ ਗੁਰੂ ਨੇ ਗਿਆਨ ਬਖ਼ਸ਼ਿਆ, ਉਸ ਨੇ ਆਪਣੇ ਸਰੀਰ-ਨਗਰ ਦੀ ਰਾਖੀ ਵਾਸਤੇ) ਸਦਾ-ਥਿਰ ਪ੍ਰਭੂ ਦੇ ਨਿੱਤ ਦੇ ਸਿਮਰਨ ਦੀ ਵਾੜ ਦੇ ਲਈ, ਗੁਰੂ ਦੇ ਦਿੱਤੇ ਗਿਆਨ ਨੂੰ ਸੋਚ-ਮੰਡਲ ਵਿਚ ਟਿਕਾ ਕੇ ਉਸ ਨੇ ਆਪਣੇ ਖਿੜਕ (ਗਿਆਨ-ਇੰਦ੍ਰੇ) ਪੱਕੇ ਕਰ ਲਏ ।੨ ।
ਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਤੁਸੀ ਵੀ ਸਦਾ ਗੁਰੂ ਦੀ ਸਰਨ ਲਵੋ, ਸਰੀਰ-ਪੈਲੀ ਵਿਚ ਪਰਮਾਤਮਾ ਦਾ ਨਾਮ ਬੀਜਿਆ ਕਰੋ, ਸਰੀਰ-ਨਗਰ ਵਿਚ ਨਾਮ ਸਿਮਰਨ ਦਾ ਸੌਦਾ ਕਰਦੇ ਰਹੋ ।੩ ।
ਹੇ ਭਾਈ! ਜੇਹੜੇ (ਸਿੱਖ-) ਵਣਜਾਰੇ (ਗੁਰੂ-) ਸ਼ਾਹ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ ਉਹਨਾਂ ਦੇ ਸਾਰੇ ਹੱਟ(ਸਾਰੇ ਗਿਆਨ-ਇੰਦ੍ਰੇ) ਸ਼ਾਂਤੀ, ਆਤਮਕ ਅਡੋਲਤਾ, ਤੇ ਆਤਮਕ ਆਨੰਦ ਦੇ ਹੱਟ ਬਣ ਜਾਂਦੇ ਹਨ ।੪ ।
(ਹੇ ਭਾਈ! ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੀ ਦਾਤਿ ਦਿੱਤੀ ਉਹਨਾਂ ਦੇ ਸਰੀਰ-ਨਗਰ ਵਾਸਤੇ) ਗੁਰੂ ਨੇ ਪ੍ਰਭੂ-ਦਰ ਤੋਂ ਪਰਵਾਨ ਹੋਈ ਹੋਈ ਮਾਫ਼ੀ ਦੀ ਮੋਹਰ ਬਖ਼ਸ਼ ਦਿੱਤੀ, ਕੋਈ (ਪਾਪ ਵਿਕਾਰ ਉਹਨਾਂ ਦੇ ਹਰਿ-ਨਾਮ ਸੌਦੇ ਉਤੇ) ਜਜ਼ੀਆ ਡੰਨ ਮਸੂਲ ਨਹੀਂ ਲਾ ਸਕਦਾ (ਕੋਈ ਵਿਕਾਰ ਉਹਨਾਂ ਦੇ ਆਤਮਕ ਜੀਵਨ ਵਿਚ ਕੋਈ ਖ਼ਰਾਬੀ ਪੈਦਾ ਨਹੀਂ ਕਰ ਸਕਦਾ) ।੫ ।
ਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਗੁਰੂ ਦੀ ਸਰਨ ਪੈ ਕੇ ਤੁਸੀ ਭੀ ਹਰਿ-ਨਾਮ ਸਿਮਰਨ ਦਾ ਸੌਦਾ ਲੱਦ ਕੇ (ਆਤਮਕ ਜੀਵਨ ਦਾ) ਵਪਾਰ ਕਰੋ, (ਉੱਚੇ ਆਤਮਕ ਜੀਵਨ ਦਾ) ਲਾਭ ਖੱਟੋ ਤੇ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰੋ ।੬ ।
(ਹੇ ਭਾਈ! ਨਾਮ ਦਾ ਸਰਮਾਇਆ ਗੁਰੂ ਦੇ ਪਾਸ ਹੈ) ਗੁਰੂ (ਹੀ ਇਸ ਸਰਮਾਏ ਦਾ) ਸਾਹੂਕਾਰ ਹੈ (ਜਿਸ ਪਾਸੋਂ ਆਤਮਕ ਜੀਵਨ ਦਾ) ਵਣਜ ਕਰਨ ਵਾਲੇ ਸਿੱਖ ਹਰਿ-ਨਾਮ ਦਾ ਸਰਮਾਇਆ ਹਾਸਲ ਕਰਦੇ ਹਨ (ਜਿਸ ਸਿੱਖ ਨੂੰ ਗੁਰੂ ਨੇ ਗਿਆਨ ਦੀ ਦਾਤਿ ਦੇ ਦਿੱਤੀ ਹੈ ਉਹ) ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ (ਇਹੀ ਹੈ) ਲੇਖਾ-ਹਿਸਾਬ (ਜੋ ਉਹ ਨਾਮ-ਵਣਜ ਵਿਚ ਕਰਦਾ ਰਹਿੰਦਾ ਹੈ) ।੭ ।
ਹੇ ਨਾਨਕ! (ਆਖ—ਹੇ ਭਾਈ!) ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ਦਾ ਹੈ ਉਹ ਇਸ (ਐਸੇ ਹਿਰਦੇ-) ਘਰ ਵਿਚ ਵੱਸਦਾ ਰਹਿੰਦਾ ਹੈ ਜੋ ਪਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾਹ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ ।੮।੧ ।
Follow us on Twitter Facebook Tumblr Reddit Instagram Youtube