ਆਸਾ ਮਹਲਾ ੩ ॥
ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥
ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥੧॥

ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥
ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ ॥

ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥
ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥

ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥
ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥

ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥
ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥

ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥
ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥੫॥

ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥
ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥

ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥
ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥

ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥
ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥

Sahib Singh
ਅਨ = {ਅਂਯ} ਹੋਰ ਹੋਰ ।
ਭੋਲਾਇਆ = ਕੁਰਾਹੇ ਪਿਆ ਹੋਇਆ ।
ਭੇਟਿਓ = ਮਿਲਿਆ ।
ਜਿ = ਜੇਹੜਾ ।
ਸਚੀ = ਸਦਾ = ਥਿਰ ਹਰੀ ਦੀ ਭਗਤੀ ਦੀ ।
ਬੂਝ = ਸਮਝ, ਸੋਝੀ ।
ਬੁਝਾਇ = ਸਮਝਾਂਦਾ ਹੈ ।੧ ।
ਬਾਵਲੇ = ਕਮਲੇ !
ਸਾਦੁ = ਸੁਆਦ ।
ਰਸਿ = ਰਸ ਵਿਚ ।
ਗਵਾਇ = ਗਵਾ ਕੇ ।੧।ਰਹਾਉ ।
ਇਸੁ ਜੁਗ ਮਹਿ = ਮਨੁੱਖਾ ਜਨਮ ਵਿਚ ।
ਨਿਰਮਲ = ਪਵਿਤ੍ਰ ।
ਲਿਵ = ਸੁਰਤਿ ।
ਲਾਇ = ਲਾ ਕੇ ।
ਕਰਮ = ਬਖ਼ਸ਼ਸ਼ ।੨ ।
ਆਪੁ = ਆਤਮਕ ਜੀਵਨ ।
ਮਰਹਿ = ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ ।
ਮਨਹੁ = ਮਨ ਵਿਚੋਂ ।੩ ।
ਵਿਚਹੁ = ਅੰਦਰੋਂ ।
ਮੋਹਿ = ਮੋਹ ਵਿਚ ।
ਵਿਆਪਿਆ = ਫਸਿਆ ਹੋਇਆ ।
ਭਰਮਿ = ਭਟਕਣਾ ਵਿਚ ।
ਭੁਲਾਇ = ਕੁਰਾਹੇ ਪਿਆ ਰਹਿੰਦਾ ਹੈ ।੪ ।
ਦੋਹਾਗਣੀ = ਮੰਦ = ਭਾਗਣ ਜੀਵ-ਇਸਤ੍ਰੀਆਂ ।
ਸਾਰ = ਕਦਰ ।
ਜਾਣਹੀ = ਜਾਣਹਿ, ਜਾਣਦੀਆਂ ।
ਕਿਆ ਕਰਿ = ਕਾਹਦੇ ਵਾਸਤੇ ?
    ।੫ ।
ਮਹਲੁ = ਹਰਿ = ਚਰਨ ਨਿਵਾਸ ।
ਆਪੁ = ਆਪਾ = ਭਾਵ ।
ਸਹਿ = ਸਹ ਨੇ, ਖਸਮ = ਪ੍ਰਭੂ ਨੇ ।੬ ।
ਮਰਣਾ = ਮੌਤ ।
ਗੁਬਾਰੁ = ਘੁੱਪ ਹਨੇਰਾ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ।
ਦਰਿ = ਦਰ ਤੇ ।
ਹੋਹਿ = ਹੁੰਦੇ ਹਨ ।੭ ।
ਮਿਲਾਇਅਨੁ = ਮਿਲਾਏ ਹਨ ਉਸ ਨੇ ।
ਸਬਦਿ = ਸ਼ਬਦ ਦੀ ਰਾਹੀਂ ।
ਨਾਮਿ = ਨਾਮ ਵਿਚ ।
ਮੁਖ ਉਜਲੇ = ਉਜਲ ਮੂੰਹ ਵਾਲੇ ।
ਦਰਬਾਰਿ = ਦਰਬਾਰ ਵਿਚ ।
ਤਿਤੁ = ਉਸ (ਦਰਬਾਰ) ਵਿਚ ।
ਸਚੈ = ਸਦਾ = ਥਿਰ ਰਹਿਣ ਵਾਲੇ ।੮ ।
    
Sahib Singh
ਹੇ ਮੇਰੇ ਝੱਲੇ ਮਨ! ਪਰਮਾਤਮਾ ਦੇ ਨਾਮ ਦਾ ਰੱਸ ਚੱਖ, ਪਰਮਾਤਮਾ ਦੇ ਨਾਮ ਦਾ ਸੁਆਦ ਲੈ ।
ਤੂੰ ਆਪਣਾ ਜੀਵਨ ਵਿਅਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸੁਆਦ ਵਿਚ ਫਸਿਆ ਹੋਇਆ ਭਟਕ ਰਿਹਾ ਹੈਂ ।੧।ਰਹਾਉ ।
ਮਨੁੱਖ ਹੋਰ ਹੋਰ ਪਦਾਰਥਾਂ ਦੇ ਸੁਆਦਾਂ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਨਾਮ ਤੋਂ ਖੁੰਝ ਕੇ ਦੁੱਖ ਸਹਿੰਦਾ ਰਹਿੰਦਾ ਹੈ, ਉਸ ਨੂੰ ਮਹਾ ਪੁਰਖ ਗੁਰੂ ਨਹੀਂ ਮਿਲਦਾ ਜੇਹੜਾ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਅਕਲ ਦੇਂਦਾ ਹੈ ।੧ ।
(ਹੇ ਭਾਈ!) ਦੁਨੀਆ ਵਿਚ ਉਹੀ ਮਨੁੱਖ ਪਵਿਤ੍ਰ ਜੀਵਨ ਵਾਲੇ ਹੁੰਦੇ ਹਨ ਜੇਹੜੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਸ ਸਦਾ-ਥਿਰ ਹਰੀ ਵਿਚ ਸੁਰਤਿ ਜੋੜ ਕੇ ਉਸ ਦੇ ਨਾਮ ਵਿਚ ਲੀਨ ਰਹਿੰਦੇ ਹਨ ।
ਪਰ ਕੀਹ ਆਖਿਆ ਜਾਏ ?
ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਕੁਝ ਨਹੀਂ ਮਿਲਦਾ ।੨ ।
(ਜਿਨ੍ਹਾਂ ਉਤੇ ਬਖ਼ਸ਼ਸ਼ ਹੁੰਦੀ ਹੈ ਉਹ) ਆਪਣਾ ਜੀਵਨ ਪੜਤਾਲਦੇ ਹਨ, ਗੁਰ-ਸ਼ਬਦ ਦੀ ਰਾਹੀਂ ਮਨ ਵਿਚੋਂਵਿਕਾਰ ਦੂਰ ਕਰ ਕੇ ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ ।
ਉਹ ਗੁਰੂ ਦੀ ਸਰਨ ਹੀ ਪਏ ਰਹਿੰਦੇ ਹਨ, ਬਖ਼ਸ਼ਸ਼ਾਂ ਕਰਨ ਵਾਲਾ ਬਖ਼ਸ਼ਿੰਦ ਹਰੀ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ।੩ ।
(ਹੇ ਭਾਈ!) ਹਰਿ-ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ, ਅੰਦਰੋਂ ਦੁੱਖ-ਕਲੇਸ਼ ਦੂਰ ਨਹੀਂ ਹੁੰਦਾ ।
ਪਰ ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਨਾਮ ਭੁਲ ਕੇ) ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ।੪ ।
(ਨਾਮ-ਹੀਨ ਜੀਵ-ਇਸਤ੍ਰੀਆਂ ਇਵੇਂ ਹੀ ਹਨ ਜਿਵੇਂ) ਛੁੱਟੜਾਂ ਆਪਣੇ ਪਤੀ ਦੇ ਮਿਲਾਪ ਦੀ ਕਦਰ ਨਹੀਂ ਜਾਣਦੀਆਂ, ਵਿਅਰਥ ਹੀ ਸਰੀਰਕ ਸਿੰਗਾਰ ਕਰਦੀਆਂ ਹਨ, ਹਰ ਵੇਲੇ ਸਦਾ ਹੀ (ਅੰਦਰੇ ਅੰਦਰ) ਸੜਦੀਆਂ ਫਿਰਦੀਆਂ ਹਨ, ਖਸਮ ਕਦੇ ਸੇਜ ਉਤੇ ਆਉਂਦਾ ਹੀ ਨਹੀਂ ।੫ ।
ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਲੱਭ ਲੈਂਦੀਆਂ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਂਦੀਆਂ ਹਨ, ਖਸਮ-ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ ।੬ ।
ਹੇ ਭਾਈ! ਮਾਇਆ ਦਾ ਮੋਹ ਘੁੱਪ ਹਨੇਰਾ ਹੈ (ਇਸ ਵਿਚ ਫਸ ਕੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੌਤ ਨੂੰ ਮਨ ਤੋਂ ਭੁਲਾ ਦੇਂਦੇ ਹਨ, ਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਜਮ ਦੇ ਦਰ ਤੇ ਖ਼ੁਆਰ ਹੁੰਦੇ ਹਨ ।੭ ।
ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵੀਚਾਰ ਕਰ ਕੇ ਪ੍ਰਭੂ-ਚਰਨਾਂ ਵਿਚ ਲੀਨ ਹੋ ਗਏ ।
ਹੇ ਨਾਨਕ! ਜੇਹੜੇ ਮਨੁੱਖ ਹਰਿ-ਨਾਮ ਵਿਚ ਰਹਿੰਦੇ ਹਨ ਉਹ ਸਦਾ-ਥਿਰ ਪਰਮਾਤਮਾ ਦੇ ਦਰਬਾਰ ਵਿਚ ਸੁਰਖ਼-ਰੂ ਹੋ ਜਾਂਦੇ ਹਨ ।੮।੨੨।੧੫।੩੭ ।
Follow us on Twitter Facebook Tumblr Reddit Instagram Youtube