ਆਸਾ ਮਹਲਾ ੩ ॥
ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥
ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥

ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥
ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥

ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥
ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥

ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥
ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥

ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥
ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥

ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥
ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥

ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥
ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥

ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥
ਓਇ ਭੁਲਾਏ ਕਿਸੈ ਦੇ ਨ ਭੁਲਨ੍ਹੀ ਸਚੁ ਜਾਣਨਿ ਸੋਈ ॥੭॥

ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥
ਨਾਨਕ ਬਿਨੁ ਸਤਿਗੁਰ ਵਸਿ ਨ ਆਵਨ੍ਹੀ ਨਾਮਿ ਹਉਮੈ ਮਾਰੀ ॥੮॥੫॥੨੭॥

Sahib Singh
ਮਨ = ਹੇ ਮਨ !
ਮੰਨਿ = ਮਨਿ, ਮਨ ਵਿਚ ।
ਭਾਈ = ਹੇ ਭਾਈ !
ਅਨਦਿਨੁ = ਹਰ ਰੋਜ਼ ।
ਸਚੀ = ਸਦਾ ਕਾਇਮ ਰਹਿਣ ਵਾਲੀ ।
ਸਚੈ = ਸਦਾ = ਥਿਰ ਪ੍ਰਭੂ ਵਿਚ ।
ਲਾਈ = ਲਾਇ, ਲਾ ।੧ ।
ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ।
ਵਡਿਆਈ = ਆਦਰ = ਮਾਣ ।੧।ਰਹਾਉ ।
ਨੋ = ਨੂੰ, ਵਾਸਤੇ ।
ਸੁਰਿਨਰ = ਦੇਵਤੇ ।
ਜੋਤਿਕੀ = ਜੋਤਸ਼ੀ ।
ਬੂਝ = ਸਮਝ ।
ਨ ਪਾਇ = ਨਹੀਂ ਪਾਈ ।੨ ।
ਆਪੈ ਥੈ = ਆਪਣੇ ਹੱਥ ਵਿਚ {ਥੈ—ਹਥੈ} ।
ਰਖਿਓਨੁ = ਉਸ ਨੇ ਰੱਖਿਆ ਹੈ ।
ਗੁਰਿ = ਗੁਰੂ ਨੇ ।੩ ।
ਸਭਿ = ਸਾਰੇ ।
ਤਿਸ ਦੇ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਦੇ’ ਦੇ ਕਾਰਨ ਉੱਡ ਗਿਆ ਹੈ} ।
ਕਿਸ ਨੋ = {ਤਿਵੇਂ ਹੀ ਲਫ਼ਜ਼ ‘ਕਿਸ’ ਦਾ ੁ } ।੪ ।
ਸਿਰਿ = ਸਿਰ ਉਤੇ ।
ਭਵਾਲੀ = ਭਵਾਟਣੀ ।
ਦਿਤੀਅਨੁ = ਉਸ ਨੇ ਦਿੱਤੀ ਹੈ ।੫ ।
ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ} ।
ਕੀਤੀਅਨੁ = ਉਸ ਨੇ ਕੀਤੇ ਹਨ ।
ਬਖਸੀਅਨੁ = ਉਸ ਨੇ ਬਖ਼ਸ਼ੀ ਹੈ ।੬ ।
ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ।
ਸਭੁ = ਹਰ ਥਾਂ ।
ਸਚੁ = ਸਦਾ = ਥਿਰ ਪ੍ਰਭੂ ।
ਓਇ = {ਲਫ਼ਜ਼ ‘ਓਹ’ ਤੋਂ ਬਹੁ-ਵਚਨ} ।੭ ।
ਪੰਜ = ਕਾਮਾਦਿਕ ਪੰਜੇ ।
ਵੀਚਾਰੀ = ਵਿਚਾਰਵਾਨ ।
ਨਾਮਿ = ਨਾਮ ਦੀ ਰਾਹੀਂ ।੮ ।
    
Sahib Singh
ਹੇ ਮੇਰੇ ਵੀਰ! ਇਕ ਪਰਮਾਤਮਾ ਦਾ ਨਾਮ ਸਿਮਰਿਆ ਕਰ (ਇਸ ਤ੍ਰਹਾਂ) ਸੁਖ ਹਾਸਲ ਕਰੇਂਗਾ, (ਆਪਣੇ ਅੰਦਰੋਂ ਅਹੰਕਾਰ ਅਤੇ ਮਾਇਆ ਦਾ ਪਿਆਰ ਦੂਰ ਕਰ ਕੇ ਲੋਕ ਪਰਲੋਕ ਵਿਚ) ਬਹੁਤ ਆਦਰ ਮਿਲੇਗਾ ।੧।ਰਹਾਉ ।
ਹੇ ਮੇਰੇ ਮਨ! (ਮੇਰੀ ਗੱਲ) ਸੁਣ; ਤੂੰ ਆਪਣੇ ਅੰਦਰ (ਪਰਮਾਤਮਾ ਦਾ ਨਾਮ) ਟਿਕਾਈ ਰੱਖ ।
ਹੇ ਮੇਰੇ ਵੀਰ! (ਇਸ ਤ੍ਰਹਾਂ ਉਹ ਪਰਮਾਤਮਾ) ਆਪ ਹੀ ਆ ਮਿਲਦਾ ਹੈ ।
ਹੇ ਭਾਈ! ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਰਹੁ, ਇਹੀ ਸਦਾ-ਥਿਰ ਰਹਿਣ ਵਾਲੀ ਚੀਜ਼ ਹੈ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣਾ ਚਿੱਤ ਜੋੜੀ ਰੱਖ ।੧ ।
ਹੇ ਭਾਈ! ਦੇਵਤੇ ਤੇ ਰਿਸ਼ੀ-ਮੁਨੀ ਭੀ ਇਹ ਹਰਿ-ਭਗਤੀ ਕਰਨ ਦੀ ਤਾਂਘ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਦਾਤਿ ਮਿਲਦੀ ਨਹੀਂ ।
ਪੰਡਿਤ ਲੋਕ (ਵੇਦ ਸ਼ਾਸਤ੍ਰ ਆਦਿਕ) ਪੜ੍ਹਦੇ ਰਹੇ, ਜੋਤਿਸ਼ੀ (ਜੋਤਿਸ਼ ਦੇ ਗ੍ਰੰਥ) ਪੜ੍ਹਦੇ ਰਹੇ, ਪਰ ਹਰਿ-ਭਗਤੀ ਦੀ ਸੂਝ ਉਹਨਾਂ ਨੂੰ ਭੀ ਨਾਹ ਪਈ ।੨ ।
ਪਰ, ਹੇ ਭਾਈ! ਪਰਮਾਤਮਾ ਨੇ ਇਹ ਸਭ ਕੁਝ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ, ਕੁਝ ਕਿਹਾ ਨਹੀਂ ਜਾ ਸਕਦਾ (ਕਿ ਉਹ ਭਗਤੀ ਦੀ ਦਾਤਿ ਕਿਸ ਨੂੰ ਦੇਂਦਾ ਹੈ ਤੇ ਕਿਸ ਨੂੰ ਨਹੀਂ ਦੇਂਦਾ, ਹਾਂ) ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਜੋ ਕੁਝ ਉਹ ਪ੍ਰਭੂ ਆਪ ਹੀ ਦੇਂਦਾ ਹੈ ਉਹੀ ਸਾਨੂੰ ਮਿਲ ਸਕਦਾ ਹੈ ।੩ ।
ਹੇ ਭਾਈ! ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ ਹੈ, ਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ (ਭੈੜਾ ਤਦੋਂ ਹੀ ਕਿਹਾ ਜਾਏ, ਜੇ ਪਰਮਾਤਮਾ ਤੋਂ ਬਿਨਾ ਉਹਨਾਂਵਿਚ) ਕੋਈ ਹੋਰ ਵੱਸਦਾ ਹੋਵੇ ।੪ ।
ਹੇ ਭਾਈ! ਜਗਤ ਵਿਚ ਇਕ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ, ਹਰੇਕ ਨੇ ਉਹੀ ਕਾਰ ਕਰਨੀ ਹੈ ਜੋ ਪਰਮਾਤਮਾ ਵਲੋਂ ਉਸ ਦੇ ਸਿਰ ਤੇ (ਲਿਖੀ ਗਈ) ਹੈ ।
ਜਿਨ੍ਹਾਂ ਜੀਵਾਂ ਨੂੰ ਪਰਮਾਤਮਾ ਨੇ ਆਪ (ਮਾਇਆ ਦੇ ਮੋਹ ਦੀ) ਭਵਾਟਣੀ ਦਿੱਤੀ, ਉਹਨਾਂ ਦੇ ਅੰਦਰ ਲੋਭ ਆਦਿਕ ਵਿਕਾਰ ਜ਼ੋਰ ਫੜ ਗਏ ।੫ ।
(ਹੇ ਭਾਈ!) ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਬਣਾ ਦਿੱਤਾ ਉਹ (ਸਹੀ ਆਤਮਕ ਜੀਵਨ ਦੀ) ਵਿਚਾਰ ਸਮਝਣ ਲੱਗ ਪਏ ।
ਉਹਨਾਂ ਨੂੰ ਪਰਮਾਤਮਾ ਨੇ ਆਪਣੀ ਭਗਤੀ ਦੀ ਦਾਤਿ ਭੀ ਦੇ ਦਿੱਤੀ, ਉਹਨਾਂ ਦੇ ਅੰਦਰ ਨਾਮ-ਧਨ ਦੇ ਖ਼ਜ਼ਾਨੇ ਭਰ ਗਏ ।੬ ।
ਹੇ ਭਾਈ! ਸਹੀ ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਨੂੰ ਹਰ ਥਾਂ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਪ੍ਰਭੂ ਦੀ ਮੇਹਰ ਨਾਲ ਉਹਨਾਂ ਨੂੰ) ਇਹੀ ਸਮਝ ਆ ਜਾਂਦੀ ਹੈ ।
ਜੇ ਕੋਈ ਮਨੁੱਖ ਉਹਨਾਂ ਨੂੰ (ਇਸ ਨਿਸ਼ਚੇ ਵਲੋਂ) ਟਪਲਾ ਲਾਣਾ ਚਾਹੇ ਤਾਂ ਉਹ ਗ਼ਲਤੀ ਨਹੀਂ ਖਾਂਦੇ, ਉਹ (ਹਰ ਥਾਂ) ਸਦਾ-ਥਿਰ ਪ੍ਰਭੂ ਨੂੰ ਹੀ ਵੱਸਦਾ ਸਮਝਦੇ ਹਨ ।੭ ।
(ਹੇ ਭਾਈ! ਕਾਮਾਦਿਕ) ਪੰਜੇ ਉਹਨਾਂ ਗਿਆਨੀਆਂ ਦੇ ਹਿਰਦੇ ਵਿਚ ਭੀ ਵੱਸਦੇ ਹਨ, ਪਰ ਉਹ ਪੰਜੇ ਗਿਆਨਵਾਨ ਹੋ ਜਾਂਦੇ ਹਨ, (ਆਪਣੀ ਯੋਗ ਹੱਦ ਤੋਂ ਬਾਹਰ ਨਹੀਂ ਜਾਂਦੇ) ।
ਹੇ ਨਾਨਕ! (ਇਹ ਪੰਜੇ ਕਾਮਾਦਿਕ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕਾਬੂ ਵਿਚ ਨਹੀਂ ਆਉਂਦੇ ।
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਹਉਮੈ ਦੂਰ ਕੀਤੀ ਜਾ ਸਕਦੀ ਹੈ ।੮।੫।੨੭ ।
Follow us on Twitter Facebook Tumblr Reddit Instagram Youtube