ਆਸਾ ਮਹਲਾ ੧ ॥
ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥
ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥੧॥

ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥
ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥੧॥ ਰਹਾਉ ॥

ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥
ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥੨॥

ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥੩॥

ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥
ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥੪॥

ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥
ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥੫॥

ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥

ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥
ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥

ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥
ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥੮॥੨੦॥

Sahib Singh
ਆਖਣੁ = ਵਖਿਆਨ, ਵਰਨਣ ।
ਤਾ ਕੇ = ਉਸ ਪਰਮਾਤਮਾ ਦੇ ।
ਨ ਜਾਣਾ = ਮੈਂ ਨਹੀਂ ਜਾਣਦਾ ।
ਧਰੁ = ਆਸਰਾ ।
ਤਾਣੁ = ਤਾਕਤ, ਸਹਾਰਾ ।
ਸਤਾਣਾ = {ਸ = ਤਾਣਾ} ਤਾਣ ਵਾਲਾ, ਤਾਕਤ ਵਾਲਾ, ਤਕੜਾ ।੧ ।
ਸਚ ਨਾਮਿ = ਸਦਾ = ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ।
ਸੁਹੇਲਾ = ਸੁਖੀ ।
ਆਪੁ = ਆਪਾ = ਭਾਵ ।੧।ਰਹਾਉ ।
ਗਰਬੁ = ਅਹੰਕਾਰ ।
ਵਿਚਾਰੁ = ਸੂਝ ।
ਦੇ = ਦੇਂਦਾ ਹੈ ।
ਅਧਾਰੁ = ਆਸਰਾ ।੨ ।
ਅਹਿ = ਦਿਨ ।
ਨਿਸਿ = ਰਾਤ ।
ਸਾਈ = ਉਹੀ ।
ਹੁਕਮਿ = ਹੁਕਮ ਵਿਚ ।
ਰਜਾਈ = ਰਜ਼ਾ ਦਾ ਮਾਲਕ ਪ੍ਰਭੂ ।੩ ।
ਖਜਾਨੇ = ਖ਼ਜ਼ਾਨੇ ਵਿਚ ।
ਠਵਰ = ਠੌਰ, ਥਾਂ ।
ਨ ਪਾਇਨੀ = ਨ ਪਾਇਨਿ, ਨਹੀਂ ਪਾਂਦੇ ।
ਜੂਠਾਨੈ = ਜੂਠ ਵਿਚ ।੪ ।
ਸਮਾਲੀਐ = ਚੇਤੇ ਰੱਖੀਏ ।
ਲੈ = ਲੈ ਕੇ ।੫ ।
ਆਤਮੁ = ਆਪਣਾ ਆਪ, ਆਪਣਾ ਆਤਮਕ ਜੀਵਨ ।
ਚੀਨਿਆ = ਪਛਾਣਿਆ ।
ਸੋਈ = ਉਹੀ ਬੰਦੇ ।੬ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਅਘਾਈ = ਰੱਜੇ ।
ਭੇਦੁ = ਵਿੱਥ ।
ਰਸਨ = ਜੀਭ ।੭।ਹੁਕਮਿ—ਪ੍ਰਭੂ ਦੇ ਹੁਕਮ ਵਿਚ ।
ਨਾਨਕੈ = ਨਾਨਕ ਨੂੰ ।
ਅਉਗਣਿਆਰੇ = ਗੁਣ = ਹੀਣ, ਅੌਗੁਣੀ ।੮ ।
    
Sahib Singh
(ਪ੍ਰਭੂ ਦੀ ਹਜ਼ੂਰੀ ਵਿਚ) ਨਾਨਕ ਦੀ ਇਹ ਅਰਦਾਸ ਹੈ—ਮੈਂ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੁਖੀ ਰਹਾਂ (ਭਾਵ, ਮੈਂ ਪਰਮਾਤਮਾ ਦੀ ਯਾਦ ਵਿਚ ਰਹਿ ਕੇ ਆਤਮਕ ਆਨੰਦ ਹਾਸਲ ਕਰਾਂ) ।
ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦਾ ਹੈ ਉਸ ਨੂੰ (ਇਸ ਤ੍ਰਹਾਂ ਦੀ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ ਉਸ ਦਾ) ਮਿਲਾਪ ਹੋ ਜਾਂਦਾ ਹੈ ।੧।ਰਹਾਉ ।
(ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ) ਉਸ ਦੇ ਗੁਣਾਂ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ, ਮੈਂ ਅੰਤ ਜਾਣ ਨਹੀਂ ਸਕਦਾ ।
(ਹੇ ਪ੍ਰਭੂ! ਮੇਰੀ ਤਾਂ ਨਿੱਤ ਇਹੀ ਅਰਦਾਸ ਹੈ) ਮੈਂ ਨਿਆਸਰੇ ਦਾ ਸਿਰਫ਼ ਤੂੰ ਹੀ ਆਸਰਾ ਹੈਂ, ਤੇ ਤੂੰ ਮੇਰਾ (ਨਿਤਾਣੇ ਦਾ) ਤਕੜਾ ਤਾਣ ਹੈਂ ।੧ ।
‘ਮੈਂ ਵੱਡਾ, ਮੈਂ ਵੱਡਾ’—ਜਦੋਂ ਇਹ ਅਹੰਕਾਰ (ਆਪਣੇ ਅੰਦਰੋਂ) ਦੂਰ ਕਰੀਏ, ਤਦੋਂ (ਪਰਮਾਤਮਾ ਦੇ ਦਰ ਤੇ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ।
ਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮਨ ਪਰਚ ਜਾਂਦਾ ਹੈ, ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ-ਥਿਰ ਨਾਮ (ਜੀਵਨ ਵਾਸਤੇ) ਆਸਰਾ ਦੇ ਦੇਂਦਾ ਹੈ ।੨ ।
ਸਦਾ-ਥਿਰ ਪ੍ਰਭੂ ਉਹੀ ਸੇਵਾ (ਕਬੂਲ ਕਰਦਾ ਹੈ, ਜਿਸ ਦੀ ਬਰਕਤਿ ਨਾਲ ਜੀਵ) ਦਿਨ ਰਾਤ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੰਤੋਖ ਵਾਲਾ ਜੀਵਨ ਬਣਾਂਦਾ ਹੈ ।
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ ਮਾਇਆ ਦੇ ਮੋਹ ਆਦਿਕ ਦੀ) ਕੋਈ ਰੋਕ ਨਹੀਂ ਪੈਂਦੀ ।੩ ।
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪਰਮਾਤਮਾ ਦੇ ਹੁਕਮ ਵਿਚ ਤੁਰਦਾ ਹੈ ਉਹ (ਖਰਾ ਸਿੱਕਾ ਬਣ ਕੇ) ਪ੍ਰਭੂ ਖ਼ਜ਼ਾਨੇ ਵਿਚ ਪੈਂਦਾ ਹੈ ਖੋਟੇ ਸਿੱਕਿਆਂ ਨੂੰ (ਖੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇ ਖ਼ਜ਼ਾਨੇ ਵਿਚ) ਢੋਈ ਨਹੀਂ ਮਿਲਦੀ, ਉਹ ਤਾਂ ਖੋਟਿਆਂ ਵਿਚ ਹੀ ਰਲੇ ਰਹਿੰਦੇ ਹਨ ।੪ ।
(ਹੇ ਭਾਈ!) ਸਦਾ ਹੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰਤਾ ਭੀ ਮੈਲ ਨਹੀਂ ਹੈ ।
ਇਸ ਤ੍ਰਹਾਂ ਉਹ ਸੌਦਾ (ਖਰੀਦ) ਲਈਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ ।
ਖੋਟੇ ਸਿੱਕੇ ਪਰਮਾਤਮਾ ਦੀ ਨਜ਼ਰੇ ਹੀ ਨਹੀਂ ਚੜ੍ਹਦੇ, ਖੋਟੇ ਸਿੱਕਿਆਂ ਨੂੰ ਉਹਨਾਂ ਦੀ ਮਿਲਾਵਟ ਆਦਿਕ ਦੀ ਮੈਲ ਸਾੜਨ ਲਈ ਅੱਗ ਵਿਚ ਪਾ ਕੇ ਤਪਾਈਦਾ ਹੈ ।੫ ।
ਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ ।
(ਉਹ ਸਮਝ ਲੈਂਦੇ ਹਨ ਕਿ) ਇਕ ਪਰਮਾਤਮਾ ਹੀ ਆਤਮਕ ਜੀਵਨ-ਰੂਪ ਫਲ ਦੇਣ ਵਾਲਾ ਰੁੱਖ ਹੈ, ਉਸ ਪ੍ਰਭੂ-ਰੁੱਖ ਦਾ ਫਲ ਸਦਾ ਅੰਮਿ੍ਰਤ ਰੂਪ ਹੈ ।
Follow us on Twitter Facebook Tumblr Reddit Instagram Youtube