ਆਸਾ ਮਹਲਾ ੧ ॥
ਚਲੇ ਚਲਣਹਾਰ ਵਾਟ ਵਟਾਇਆ ॥
ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥

ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥
ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥

ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥
ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥

ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥
ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ ॥੩॥

ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥
ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥

ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥
ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ ॥੫॥

ਲਾਹਾ ਸਚੁ ਨਿਆਉ ਮਨਿ ਵਸਾਈਐ ॥
ਲਿਖਿਆ ਪਲੈ ਪਾਇ ਗਰਬੁ ਵਞਾਈਐ ॥੬॥

ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥
ਠਗਿ ਮੁਠੀ ਕੂੜਿਆਰ ਬੰਨ੍ਹਿ ਚਲਾਈਐ ॥੭॥

ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥
ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥੮॥

ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ ॥
ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥੯॥੧੬॥

Sahib Singh
ਚਲਣਹਾਰ = ਜਿਨ੍ਹਾਂ ਜ਼ਰੂਰ ਇਥੋਂ ਚਲੇ ਜਾਣਾ ਹੈ ।
ਵਾਟ = (ਜੀਵਨ ਦਾ ਸਹੀ) ਰਸਤਾ ।
ਵਟਾਇਆ = ਵਟਾਇ, ਵਟਾ ਕੇ, ਛੱਡ ਕੇ ।
ਧੰਧੁ = ਧੰਧਾ, ਉਹ ਕੰਮ ਜੋ ਜੰਜਾਲ ਪਾਈ ਜਾਂਦਾ ਹੈ ।
ਪਿਟੇ = ਅੌਖਾ ਹੋ ਹੋ ਕੇ ਕਰਦਾ ਹੈ ।੧ ।
ਕਿਆ ਭਵੀਐ = ਭਟਕਣ ਦੀ ਲੋੜ ਨਹੀਂ ਰਹਿ ਜਾਂਦੀ ।
ਕਿਆ ਢੂਢੀਐ = (ਸੁਖ) ਭਾਲਣ ਦੀ ਲੋੜ ਨਹੀਂ ਰਹਿੰਦੀ ।
ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਵਿਸਰਜਿਆ = ਦੂਰ ਕੀਤਾ ।
ਘਰਿ = ਘਰ ਵਿਚ ।੧।ਰਹਾਉ ।
ਸਚਿ = ਸਦਾ = ਥਿਰ ਪ੍ਰਭੂ ਦੇ ਸਿਮਰਨ ਵਿਚ (ਜੁੜ ਕੇ) ।
ਸਚਿਆਰੁ = ਸੱਚ ਦਾ ਵਪਾਰੀ ।
ਕੂੜ = ਕੂੜ ਵਿਚ ਲੱਗ ਕੇ ।
ਬਹੁੜਿ = ਮੁੜ, ਫਿਰ ।੨ ।
ਰੋਇ ਨਾ ਜਾਣਹੂ = ਤੁਸੀ ਰੋਣਾ ਨਹੀਂ ਜਾਣਦੇ, ਤੁਸੀ ਵੈਰਾਗ ਵਿਚ ਆਉਣਾ ਨਹੀਂ ਜਾਣਦੇ ।
ਰੋਵਹੁ = ਵੈਰਾਗ ਵਿਚ ਆਓ ।
ਸਲਾਹਿ = ਸਿਫ਼ਤਿ = ਸਾਲਾਹ ਕਰ ਕੇ ।੩ ।
ਵਜਹੁ = ਤਨਖ਼ਾਹ, ਰੋਜ਼ੀਨਾ ।
ਜਾਣੀਐ = (ਇਹ ਗੱਲ) ਸਮਝਣੀ ਚਾਹੀਦੀ ਹੈ ।
ਪਲੈ ਪਾਇ = ਮਿਲਦਾ ਹੈ ।੪ ।
ਪੈਧਾ ਜਾਇ = ਸਰੋਪਾ ਲੈ ਕੇ ਜਾਂਦਾ ਹੈ ।
ਸਿਰਿ = ਸਿਰ ਉਤੇ ।
ਬੰਦ = ਕੈਦ ਵਿਚ ।੫ ।
ਮਨਿ = ਮਨ ਵਿਚ ।
ਵਞਾਈਐ = ਦੂਰ ਕਰੀਏ ।
ਗਰਬੁ = ਅਹੰਕਾਰ ।੬ ।
ਵਾਦਿ = ਝਗੜੇ ਵਿਚ ।
ਮੁਠੀ = ਲੁੱਟੀ ਜਾਂਦੀ ਹੈ ।
ਬੰਨਿ@ = ਬੰਨ੍ਹ ਕੇ ।੭ ।
ਗੁਨਹਾਂ = ਪਾਪ, ਗੁਨਾਹ ।
ਸਬਦੁ = ਹੁਕਮ, ਸਿਫ਼ਤਿ = ਸਾਲਾਹ ।੮ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਨਿਹਾਲੀਐ = ਵੇਖ ।੯ ।
    
Sahib Singh
(ਜਿਸ ਨੂੰ ਪਰਮਾਤਮਾ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣਾ ਆਪ) ਵਿਖਾ ਦਿੱਤਾ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ ।
ਉਸ ਨੇ ਆਪਣੇ ਅੰਦਰੋਂਮਾਇਆ ਦੀ ਮਮਤਾ ਦੂਰ ਕਰ ਦਿੱਤੀ, ਮਾਇਆ ਦਾ ਮੋਹ ਤਿਆਗ ਦਿੱਤਾ ।
ਉਹ ਉਸ ਘਰ ਵਿਚ ਆ ਟਿਕਿਆ ਜੇਹੜਾ ਸਦਾ ਲਈ ਉਸ ਦਾ ਆਪਣਾ ਬਣ ਗਿਆ (ਪ੍ਰਭੂ-ਚਰਨਾਂ ਵਿਚ ਲੀਨ ਹੋ ਗਿਆ) ।੧।ਰਹਾਉ ।
(ਪਰ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ ਉਹ) ਪਰਦੇਸੀ ਜੀਊੜੇ ਜੀਵਨ ਦਾ ਸਹੀ ਰਸਤਾ ਖੁੰਝ ਕੇ ਤੁਰੇ ਜਾ ਰਹੇ ਹਨ ।
(ਮਾਇਆ-ਮੋਹਿਆ) ਜਗਤ ਉਹੀ ਕੰਮ ਅੌਖਾ ਹੋ ਹੋ ਕੇ ਕਰਦਾ ਹੈ ਜੋ ਗਲ ਵਿਚ ਮਾਇਆ ਦੇ ਜੰਜਾਲ ਪਾਈ ਜਾਂਦਾ ਹੈ, (ਮਾਇਆ-ਮੋਹੇ) ਜਗਤ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ ।੧ ।
ਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ ।
ਸਦਾ-ਥਿਰ ਪਰਮਾਤਮਾ ਵਿਚ ਚਿੱਤ ਜੋੜਿਆਂ ਮੁੜ ਮੁੜ ਜਨਮ ਵਿਚ ਨਹੀਂ ਆਵੀਦਾ ।੨ ।
ਹੇ ਭਾਈ! ਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ (ਉਹਨਾਂ ਦੀ ਖ਼ਾਤਰ ਵੈਰਾਗ ਕਰਦੇ ਹੋ) ਇਹ ਵਿਅਰਥ ਕੰਮ ਹੈ ।
ਅਸਲ ਵਿਚ ਤੁਹਾਨੂੰ ਵੈਰਾਗ ਵਿਚ ਆਉਣ ਦੀ ਜਾਚ ਨਹੀਂ ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੋ, (ਇਹ ਗੱਲ) ਸਮਝੋ (ਕਿ ਜੰਮਣਾ ਮਰਨਾ) ਪਰਮਾਤਮਾ ਦਾ ਹੁਕਮ ਹੈ (ਇਸ ਤ੍ਰਹਾਂ ਦੁਨੀਆ ਵਲੋਂ) ਵੈਰਾਗ ਕਰਨ ਦੀ ਜਾਚ ਸਿੱਖੋ ।
ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿਚ ਹੀ ਰੋਜ਼ੀ ਲਿਖਾ ਕੇ ਜਗਤ ਵਿਚ ਆਉਂਦਾ ਹੈ ।
ਉਸ ਦੀ ਰਜ਼ਾ ਨੂੰ ਪਛਾਨਣਾ ਚਾਹੀਦਾ ਹੈ, ਇਸ ਤ੍ਰਹਾਂ ਜੀਵਨ ਲਾਭ ਮਿਲਦਾ ਹੈ ।
ਪਰਮਾਤਮਾ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਸਾਰ ਕੇ) ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਭੀ ਆਦਰ ਪਾਂਦਾ ਹੈ ।
ਪ੍ਰਭੂ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਚ ਫਸਣ ਕਰਕੇ) ਜੀਵਾਂ ਨੂੰ ਸਿਰ ਉਤੇ ਮਾਰ ਪੈਂਦੀ ਹੈ ਤੇ (ਜਨਮ ਮਰਨ ਦੀ) ਰੱਬੀ ਕੈਦ ਵਿਚ ਜੀਵ ਪੈਂਦੇ ਹਨ ।੩,੪,੫ ।
ਜੇ ਇਹ ਗੱਲ ਮਨ ਵਿਚ ਵਸਾ ਲਈਏ ਕਿ (ਹਰ ਥਾਂ) ਪਰਮਾਤਮਾ ਦਾ ਨਿਆਂ ਹੀ ਵਰਤ ਰਿਹਾ ਹੈ, ਤਾਂ ਸਦਾ-ਥਿਰ ਪ੍ਰਭੂ ਦਾ ਨਾਮ-ਲਾਭ ਖੱਟ ਲਈਦਾ ਹੈ ।
(ਪਰ ਕਿਸੇ ਆਪਣੀ ਚਤੁਰਾਈ ਦਾ ਉੱਦਮ ਦਾ) ਮਾਣ ਦੂਰ ਕਰ ਦੇਣਾ ਚਾਹੀਦਾ ਹੈ, (ਪ੍ਰਭੂ ਦੀ ਰਜ਼ਾ ਵਿਚ ਹੀ) ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਾਪਤੀ ਕਰਦਾ ਹੈ ।੬ ।
ਜੇਹੜੀ ਜੀਵ-ਇਸਤ੍ਰੀ ਆਪਣੇ ਮਨ ਦੀ ਅਗਵਾਈ ਵਿਚ ਤੁਰਦੀ ਹੈ ਉਸ ਦੇ ਸਿਰ ਉਤੇ (ਜਨਮ ਮਰਨ ਦੇ ਗੇੜ ਦੀ) ਮਾਰ ਹੈ, ਉਹ (ਮਮਤਾ ਮੋਹ ਦੇ) ਝਗੜੇ ਵਿਚ ਹੀ ਖ਼ੁਆਰ ਹੁੰਦੀ ਹੈ ।
ਕੂੜ ਦੀ ਵਪਾਰਨ ਜੀਵ-ਇਸਤ੍ਰੀ (ਮਮਤਾ ਮੋਹ ਵਿਚ ਹੀ) ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ, (ਮੋਹ ਦੀ ਫਾਹੀ ਵਿਚ ਬੱਝੀ ਹੋਈ ਹੀ ਇਥੋਂ ਪਰਲੋਕ ਵਲ ਤੋਰੀ ਜਾਂਦੀ ਹੈ) ।੭ ।
ਹੇ ਭਾਈ! ਮਾਲਕ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ, (ਅੰਤ ਨੂੰ) ਪਛੁਤਾਉਣਾ ਨਹੀਂ ਪਏਗਾ ।
ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਉਹ ਸਾਰੇ ਗੁਨਾਹ ਬਖ਼ਸ਼ਣ ਵਾਲਾ ਹੈ ।੮ ।
ਹੇ ਪ੍ਰਭੂ! ਨਾਨਕ ਤੇਰਾ ਸਦਾ-ਥਿਰ ਨਾਮ ਮੰਗਦਾ ਹੈ, (ਤੇਰੀ ਮੇਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਮੈਂ ਇਹ ਘਾਲ-ਕਮਾਈ ਕਰਾਂ ।
ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਮੇਰੇ ਵਲ ਆਪਣੀ ਮੇਹਰ ਦੀ ਨਿਗਾਹ ਨਾਲ ਵੇਖ ।੯।੧੬ ।
Follow us on Twitter Facebook Tumblr Reddit Instagram Youtube