ੴ ਸਤਿਗੁਰ ਪ੍ਰਸਾਦਿ ॥
ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥
ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥
ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥

ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥

ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥
ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥

ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥
ਤੁਮ ਰੋਵਹੁਗੇ ਓਸ ਨੋ ਤੁਮ੍ਹ ਕਉ ਕਉਣੁ ਰੋਈ ॥੩॥

ਧੰਧਾ ਪਿਟਿਹੁ ਭਾਈਹੋ ਤੁਮ੍ਹ ਕੂੜੁ ਕਮਾਵਹੁ ॥
ਓਹੁ ਨ ਸੁਣਈ ਕਤ ਹੀ ਤੁਮ੍ਹ ਲੋਕ ਸੁਣਾਵਹੁ ॥੪॥

ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥
ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ ॥੫॥

ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥
ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥

ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥
ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥

ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥
ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥

ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥
ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥

ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥
ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥

Sahib Singh
ਨੋਟ: = ‘ਘਰੁ’ ੮ ਦੀਆਂ ਇਹ ਅਸਟਪਦੀਆਂ ਆਸਾ ਤੇ ਕਾਫੀ ਦੋ ਮਿਲਵੇਂ ਰਾਗਾਂ ਵਿਚ ਗਾਵੀਆਂ ਜਾਣੀਆਂ ਹਨ ।
ਗੋਇਲਿ = ਗੋਇਲ ਵਿਚ, ਪਰਾਏ ਇਲਾਕੇ ਦੀ ਚਰਾਂਦ ਵਿਚ {ਨੋਟ:- ਅੌੜ ਲੱਗਣ ਤੇ ਕਈ ਵਾਰੀ ਲੋਕ ਆਪਣਾ ਮਾਲ-ਡੰਗਰ ਚਾਰਨ ਲਈ ਨੇੜੇ ਦੇ ਦਰਿਆ ਕੰਢੇ ਲੈ ਜਾਂਦੇ ਹਨ ।
ਉਸ ਥੋੜ੍ਹ = ਦਿਨੀ ਚਰਾਂਦ ਨੂੰ ਗੋਇਲ ਕਹੀਦਾ ਹੈ} ।
ਗੋਇਲ = ਗਵਾਲਾ ।
ਬਾਂਧਹਿ = ਬੰਨਦੇ ਹਨ, ਪੱਕੇ ਬਣਾਂਦੇ ਹਨ ।੧।ਸੂਤਿਹੋ—ਮਾਇਆ ਦੇ ਮੋਹ ਵਿਚ ਰੱਬ ਵਲੋਂ ਗ਼ਾਫ਼ਿਲ ਹੋਏ ਹੇ ਪ੍ਰਾਣੀਹੋ !
ਵਣਜਾਰਾ = ਜੀਵ ।੧।ਰਹਾਉ ।
ਨੀਤ ਨੀਤ = ਨਿੱਤ ਟਿਕੇ ਰਹਿਣ ਵਾਲੇ ।
ਬਾਂਧੀਅਹਿ = ਬੰਨ੍ਹੇ ਜਾਣ, ਬਣਾਏ ਜਾਣ ।
ਪਿੰਡੁ = ਸਰੀਰ ।
ਪਵੈ = ਢਹਿ ਪੈਂਦਾ ਹੈ ।
ਜੀਉ = ਜੀਵਾਤਮਾ ।੨ ।
ਓਹੀ ਓਹੀ = ਹਾਇ !
    ਹਾਇ !
ਸੋਈ = ਉਹ ਪਰਮਾਤਮਾ ਹੀ ।
ਹੈ = ਹੁਣ ਮੌਜੂਦ ਹੈ ।
ਹੋਸੀ = ਸਦਾ ਰਹੇਗਾ ।੩ ।
ਪਿਟਿਹੁ = ਪਿੱਟਦੇ ਹੋ ।
ਕਤ ਹੀ = ਕਿਸੇ ਹਾਲਤ ਵਿਚ ਭੀ ।੪ ।
ਜਿਸ ਤੇ = ਜਿਸ (ਪ੍ਰਭੂ ਦੇ ਹੁਕਮ) ਨਾਲ ।
ਨੀਦ = ਰੱਬ ਦੀ ਯਾਦ ਵਲੋਂ ਗ਼ਫ਼ਲਤ ।੫ ।
ਚਲਦਾ = ਮਰਨ ਵੇਲੇ ।
ਸੰਪੈ = ਧਨ ।
ਸੰਚਹੁ = ਇਕੱਠਾ ਕਰੋ ।
ਬੀਚਾਰੇ = ਵਿਚਾਰ ਕੇ ।੬ ।
ਮਖਸੂਦੁ = ਲਾਭ ।
ਤਤੁ = ਅਸਲੀਅਤ ।
ਪਰਾਵਹੁ = ਪ੍ਰਾਪਤ ਕਰੋ ।੭ ।
ਸਤੁ = ਉੱਚਾ ਆਚਰਨ ।
ਕਿਰਸ = ਕਿਰਸਾਣੀ, ਵਾਹੀ ।੮ ।
ਕਰਮੁ = ਬਖ਼ਸ਼ਸ਼ ।੯ ।
ਤੋਟਾ = ਘਾਟਾ ।
ਲਾਹਾ = ਲਾਭ ।
ਵਾਟ = ਰਸਤਾ ।
ਤਿਸੁ = ਉਸ (ਪ੍ਰਭੂ) ਨੂੰ ।੧੦ ।
    
Sahib Singh
(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵੋ! ਹੋਸ਼ ਕਰੋ, ਹੋਸ਼ ਕਰੋ ।
(ਤੁਹਾਡੇ ਸਾਹਮਣੇ ਤੁਹਾਡਾ ਸਾਥੀ) ਜੀਵ-ਵਣਜਾਰਾ (ਦੁਨੀਆ ਤੋਂ ਸਦਾ ਲਈ) ਜਾ ਰਿਹਾ ਹੈ (ਇਸੇ ਤ੍ਰਹਾਂ) ਤੁਹਾਡੀ ਵਾਰੀ ਆਵੇਗੀ ।
ਪਰਮਾਤਮਾ ਨੂੰ ਯਾਦ (ਰੱਖੋ) ।੧।ਰਹਾਉ ।
ਜਿਵੇਂ ਕੋਈ ਗਵਾਲਾ ਪਰਾਏ ਚਰਾਂਦ ਵਿਚ (ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦਾ ਹੈ) ਤਿਵੇਂ ਇਹ ਜਗਤ ਦੀ ਕਾਰ ਹੈ ।
ਜੇਹੜੇ ਆਦਮੀ (ਮੌਤ ਨੂੰ ਭੁਲਾ ਕੇ) ਪੱਕੇ ਘਰ ਮਕਾਨ ਬਣਾਂਦੇ ਹਨ, ਉਹ ਵਿਅਰਥ ਉੱਦਮ ਕਰਦੇ ਹਨ ।੧ ।
ਸਦਾ ਟਿਕੇ ਰਹਿਣ ਵਾਲੇ ਘਰ ਤਦੋਂ ਹੀ ਬਣਾਏ ਜਾਂਦੇ ਹਨ ਜੇ ਇਥੇ ਸਦਾ ਟਿਕੇ ਰਹਿਣਾ ਹੋਵੇ, ਪਰ ਜੇ ਕੋਈ ਮਨੁੱਖ ਵਿਚਾਰ ਕਰੇ (ਤਾਂ ਅਸਲੀਅਤ ਇਹ ਹੈ ਕਿ) ਜਦੋਂ ਜਿੰਦ ਇਥੋਂ ਤੁਰ ਪੈਂਦੀ ਹੈ ਤਾਂ ਸਰੀਰ ਭੀ ਢਹਿ ਪੈਂਦਾ ਹੈ (ਨਾਹ ਸਰੀਰ ਰਹਿੰਦਾ ਹੈ ਤੇ ਨਾਹ ਜਿੰਦ) ।੨ ।
(ਹੇ ਭਾਈ! ਕਿਸੇ ਸੰਬੰਧੀ ਦੇ ਮਰਨ ਤੇ) ਕਿਉਂ ਵਿਅਰਥ ‘ਹਾਇ! ਹਾਇ’! ਕਰਦੇ ਹੋ ।
ਸਦਾ-ਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਭੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ ।
ਜੇ ਤੁਸੀ (ਆਪਣੇ) ਉਸ ਮਰਨ ਵਾਲੇ ਦੇ ਮਰਨ ਤੇ ਰੋਂਦੇ ਹੋ ਤਾਂ (ਮਰਨਾ ਤਾਂ ਤੁਸਾਂ ਭੀ ਹੈ) ਤੁਹਾਨੂੰ ਭੀ ਕੋਈ ਰੋਵੇਗਾ ।੩ ।
ਹੇ ਭਾਈ! ਤੁਸੀ (ਕਿਸੇ ਦੇ ਮਰਨ ਤੇ ਰੋਣ ਦਾ) ਵਿਅਰਥ ਪਿੱਟਣਾ ਪਿੱਟਦੇ ਹੋ, ਵਿਅਰਥ ਕੰਮ ਕਰਦੇ ਹੋ ।
ਜੇਹੜਾ ਮਰ ਗਿਆ ਹੈ, ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ ।
ਤੁਸੀ (ਲੋਕਾਚਾਰੀ) ਸਿਰਫ਼ ਲੋਕਾਂ ਨੂੰ ਸੁਣਾ ਰਹੇ ਹੋ ।੪ ।
(ਜੀਵ ਦੇ ਕੀਹ ਵੱਸ?) ਹੇ ਨਾਨਕ! ਜਿਸ ਪਰਮਾਤਮਾ ਦੇ ਹੁਕਮ ਨਾਲ ਜੀਵ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਹੈ, ਉਹੀ ਇਸ ਨੂੰ ਜਗਾਂਦਾ ਹੈ ।
(ਪ੍ਰਭੂ ਦੀ ਮੇਹਰ ਨਾਲ) ਜੇ ਜੀਵ ਇਹ ਸਮਝ ਲਏ ਕਿ ਮੇਰਾ ਅਸਲ ਘਰ ਕਿਹੜਾ ਹੈ ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪਦੀ ।੫।ਹੇ ਭਾਈ! ਵੇਖ ਕੇ ਵਿਚਾਰ ਕੇ ਸਮਝੋ ।
ਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਹੈ ਤਾਂ ਤੁਸੀ ਭੀ ਧਨ ਬੇਸ਼ੱਕ ਜੋੜੀ ਚੱਲੋ ।੬ ।
(ਹੇ ਭਾਈ! ਨਾਮ-ਸਿਮਰਨ ਦਾ ਅਜੇਹਾ) ਵਣਜ-ਵਪਾਰ ਕਰੋ, ਜਿਸ ਤੋਂ ਜੀਵਨ ਮਨੋਰਥ ਦਾ ਲਾਭ ਖੱਟ ਸਕੋ, ਨਹੀਂ ਤਾਂ ਪਛਤਾਣਾ ਪਵੇਗਾ ।
ਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ ।
ਇਸ ਤ੍ਰਹਾਂ ਅਸਲ (ਖੱਟੀ) ਖੱਟੋ ।੭ ।
(ਹੇ ਭਾਈ!) ਧਰਮ ਨੂੰ ਧਰਤੀ ਬਣਾਵੋ, ਉਸ ਵਿਚ ਸੁੱਚਾ ਆਚਰਨ ਬੀ ਬੀਜੋ ।
ਬੱਸ! ਇਹੋ ਜਿਹੀ (ਆਤਮਕ ਜੀਵਨ ਨੂੰ ਪ੍ਰਫੁਲਤ ਕਰਨ ਵਾਲੀ) ਖੇਤੀ-ਵਾਹੀ ਕਰੋ ।
ਜੇ ਤੁਸੀ (ਇਥੋਂ ਉੱਚੇ ਆਤਮਕ ਜੀਵਨ ਦਾ) ਲਾਭ ਖੱਟ ਕੇ ਲੈ ਜਾਵੋਗੇ ਤਾਂ (ਸਿਆਣੇ) ਵਪਾਰੀ ਸਮਝੇ ਜਾਉਗੇ ।੮ ।
(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਇਸ ਵਿਚਾਰ ਨੂੰ ਸਮਝਦਾ ਹੈ ।
ਉਹ ਪਰਮਾਤਮਾ ਦਾ ਨਾਮ ਉਚਾਰਦਾ ਹੈ, ਨਾਮ ਸੁਣਦਾ ਹੈ, ਤੇ ਨਾਮ ਵਿਚ ਹੀ ਵਿਹਾਰ ਕਰਦਾ ਹੈ ।੯ ।
ਸੰਸਾਰ ਦੀ ਇਹ ਕਾਰ (ਸਦਾ ਤੋਂ) ਤੁਰੀ ਆਈ ਹੈ, ਕੋਈ (ਨਾਮ ਵਿਚ ਜੁੜ ਕੇ ਆਤਮਕ) ਲਾਭ ਖੱਟਦਾ ਹੈ, (ਕੋਈ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਿਚ) ਘਾਟਾ ਖਾਂਦਾ ਹੈ ।
ਹੇ ਨਾਨਕ! ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ (ਉਹੀ ਹੁੰਦਾ ਹੈ), ਇਹੀ ਉਸ ਦੀ ਬਜ਼ੁਰਗੀ ਹੈ ।੧੦।੧੩ ।
Follow us on Twitter Facebook Tumblr Reddit Instagram Youtube