ਆਸਾ ਮਹਲਾ ੧ ਇਕਤੁਕੀ ॥
ਗੁਰੁ ਸੇਵੇ ਸੋ ਠਾਕੁਰ ਜਾਨੈ ॥
ਦੂਖੁ ਮਿਟੈ ਸਚੁ ਸਬਦਿ ਪਛਾਨੈ ॥੧॥

ਰਾਮੁ ਜਪਹੁ ਮੇਰੀ ਸਖੀ ਸਖੈਨੀ ॥
ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥

ਬੰਧਨ ਮਾਤ ਪਿਤਾ ਸੰਸਾਰਿ ॥
ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥

ਬੰਧਨ ਕਰਮ ਧਰਮ ਹਉ ਕੀਆ ॥
ਬੰਧਨ ਪੁਤੁ ਕਲਤੁ ਮਨਿ ਬੀਆ ॥੩॥

ਬੰਧਨ ਕਿਰਖੀ ਕਰਹਿ ਕਿਰਸਾਨ ॥
ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥

ਬੰਧਨ ਸਉਦਾ ਅਣਵੀਚਾਰੀ ॥
ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥

ਬੰਧਨ ਸਾਹ ਸੰਚਹਿ ਧਨੁ ਜਾਇ ॥
ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥

ਬੰਧਨ ਬੇਦੁ ਬਾਦੁ ਅਹੰਕਾਰ ॥
ਬੰਧਨਿ ਬਿਨਸੈ ਮੋਹ ਵਿਕਾਰ ॥੭॥

ਨਾਨਕ ਰਾਮ ਨਾਮ ਸਰਣਾਈ ॥
ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥

Sahib Singh
ਸਚੁ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।੧ ।
ਸਖੀ ਸਖੈਨੀ = ਹੇ ਸਹੇਲੀਹੋ !
ਨੈਨੀ = ਅੱਖਾਂ ਨਾਲ ।੧।ਰਹਾਉ ।
ਸੰਸਾਰਿ = ਸੰਸਾਰ ਵਿਚ ।
ਸੁਤ = ਪੁੱਤਰ ।
ਅਰੁ = ਅਤੇ ।
ਨਾਰਿ = ਵਹੁਟੀ ।੨।ਕਰਮ ਧਰਮ—ਧਾਰਮਿਕ ਰਸਮਾਂ ।
ਹਉ = ਹਉਮੈ ।
ਕਲਤੁ = ਇਸਤ੍ਰੀ, ਵਹੁਟੀ ।
ਮਨਿ = ਮਨ ਵਿਚ ।
ਬੀਆ = ਦੂਜਾ, ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ ।੩ ।
ਕਿਰਤੀ = ਖੇਤੀ, ਵਾਹੀ ।
ਕਰਹਿ = ਕਰਦੇ ਹਨ ।
ਡੰਨੁ = ਸਜ਼ਾ ।
ਦਾਨ = ਮਾਮਲਾ ।੪ ।
ਅਣਵੀਚਾਰੀ = (ਪਰਮਾਤਮਾ ਦਾ ਨਾਮ) ਵਿਚਾਰਨ ਤੋਂ ਬਿਨਾ ।੫ ।
ਸੰਚਹਿ = ਇਕੱਠਾ ਕਰਦੇ ਹਨ, ਜੋੜਦੇ ਹਨ ।
ਜਾਇ = ਚਲਾ ਜਾਂਦਾ ਹੈ ।
ਥਾਇ = ਥਾਂ ਵਿਚ ।
ਨ ਪਵਈ ਥਾਇ = ਥਾਂ ਸਿਰ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ ।
ਬੇਦੁ = ਬੇਦਾਂ ਦਾ ਪਾਠ ।
ਬਾਦੁ = ਝਗੜਾ, ਚਰਚਾ ।
ਬੰਧਨਿ = ਬੰਧਨ ਵਿਚ ।
ਬਿਨਸੈ = ਨਾਸ ਹੋ ਜਾਂਦਾ ਹੈ, ਆਤਮਕ ਮੌਤੇ ਮਰ ਜਾਂਦਾ ਹੈ ।੭ ।
ਸਤਿਗੁਰਿ = ਸਤਿਗਰੂ ਨੇ ।
ਬੰਧੁ = ਮੋਹ ਦਾ ਬੰਧਨ ।੮ ।
    
Sahib Singh
ਹੇ ਮੇਰੀ ਸਹੇਲੀਹੋ! (ਹੇ ਮੇਰੇ ਸਤਸੰਗੀਓ!) ਪਰਮਾਤਮਾ ਦਾ ਨਾਮ ਜਪੋ, ਗੁਰੂ ਦੀ ਦੱਸੀ ਹੋਈ (ਇਹ) ਸੇਵਾ ਕਰ ਕੇ (ਭਾਵ, ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਦਾ ਭਜਨ ਕਰ ਕੇ) ਤੁਸੀ (ਹਰ ਥਾਂ) ਪਰਮਾਤਮਾ ਦਾ ਦਰਸ਼ਨ ਕਰੋਗੇ ।੧।ਰਹਾਉ ।
ਜੇਹੜਾ ਮਨੁੱਖ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਜਾਣ ਲੈਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਹਰ ਥਾਂ) ਪਛਾਣ ਲੈਂਦਾ ਹੈ, ਤੇ (ਇਸ ਤ੍ਰਹਾਂ ਉਸ ਦਾ ਮੋਹ ਦਾ) ਦੁੱਖ ਮਿਟ ਜਾਂਦਾ ਹੈ ।੧ ।
(ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ) ਸੰਸਾਰ ਵਿਚ ਮਾਂ, ਪਿਉ, ਪੁੱਤਰ, ਧੀ ਅਤੇ ਵਹੁਟੀ (ਮੋਹ ਦੇ) ਬੰਧਨਾਂ ਦਾ ਕਾਰਣ ਬਣ ਜਾਂਦੇ ਹਨ ।੨ ।
(ਸਿਮਰਨ ਤੋਂ ਬਿਨਾ) ਧਾਰਮਿਕ ਰਸਮਾਂ ਬੰਧਨ ਬਣ ਜਾਂਦੀਆਂ ਹਨ, (ਮਨੁੱਖ ਮਾਣ ਕਰਦਾ ਹੈ ਕਿ ਇਹ ਸਭ ਕੁਝ) ‘ਮੈਂ ਕੀਤਾ ਹੈ, ਮੈਂ ਕੀਤਾ ਹੈ’ ।
ਜੇ ਮਨ ਵਿਚ (ਪਰਮਾਤਮਾ ਤੋਂ ਬਿਨਾ ਕੋਈ ਹੋਰ) ਦੂਜਾ ਪ੍ਰੇਮ ਹੈ, ਤਾਂ ਪੁੱਤਰ ਵਹੁਟੀ (ਦਾ ਰਿਸ਼ਤਾ ਭੀ) ਬੰਧਨਾਂ (ਦਾ ਮੂਲ ਹੋ ਜਾਂਦਾ) ਹੈ ।੩ ।
ਕਿਸਾਨ (ਆਜੀਵਕਾ ਵਾਸਤੇ) ਖੇਤੀ-ਵਾਹੀ ਕਰਦੇ ਹਨ (ਕਰਨੀ ਭੀ ਚਾਹੀਦੀ ਹੈ, ਪਰ ਸਿਮਰਨ ਤੋਂ ਬਿਨਾ ਇਹ ਖੇਤੀ-ਵਾਹੀ) ਬੰਧਨ ਬਣ ਜਾਂਦੀ ਹੈ ।
ਰਾਜਾ (ਕਿਸਾਨਾਂ ਪਾਸੋਂ) ਮਾਮਲਾ ਲੈਂਦਾ ਹੈ ।
(ਪਰ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਰਾਜਾ ਹੀ) ਹਉਮੈ ਦੀ ਸਜ਼ਾ ਭੁਗਤਦਾ ਹੈ ।੪ ।
(ਵਪਾਰੀ) ਵਪਾਰ ਕਰਦਾ ਹੈ, ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਇਹ ਵਪਾਰ ਬੰਧਨਾਂ ਦਾ ਮੂਲ ਹੈ, (ਕਿਉਂਕਿ ਸਿਮਰਨ ਤੋਂ ਬਿਨਾ ਮਨੁੱਖ) ਮਾਇਆ ਦੇ ਮੋਹ ਦੇ ਖਿਲਾਰੇ ਵਿਚ (ਇਤਨਾ ਫਸਦਾ ਹੈ ਕਿ ਮਾਇਆ ਵਲੋਂ) ਰੱਜਦਾ ਨਹੀਂ ।੫ ।
ਸ਼ਾਹ-ਸੌਦਾਗਰ (ਸੌਦਾਗਰੀ ਕਰ ਕੇ) ਧਨ ਇਕੱਠਾ ਕਰਦੇ ਹਨ, ਧਨ (ਆਖ਼ਰ) ਸਾਥ ਛੱਡ ਜਾਂਦਾ ਹੈ (ਪਰ ਨਾਮ ਸਿਮਰਨ ਤੋਂ ਬਿਨਾ ਧਨ) ਬੰਧਨ ਬਣ ਜਾਂਦਾ ਹੈ ।
ਪਰਮਾਤਮਾ ਦੀ ਭਗਤੀ ਤੋਂ ਬਿਨਾ (ਉਹਨਾਂ ਦਾ ਕੋਈ ਉੱਦਮ ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ ।੬ ।
(ਸਿਮਰਨ ਤੋਂ ਬਿਨਾ) ਵੇਦ-ਪਾਠ ਤੇ ਵੇਦ-ਰਚਨਾ ਭੀ ਅਹੰਕਾਰ ਦਾ ਮੂਲ ਹੈ ।
ਬੰਧਨਾਂ ਦਾ ਮੂਲ ਹੈ ।
ਮੋਹ ਦੇ ਬੰਧਨ ਵਿਚ ਵਿਕਾਰਾਂ ਦੇ ਬੰਧਨ ਵਿਚ (ਫਸ ਕੇ) ਮਨੁੱਖ ਦੀ ਆਤਮਕ ਮੌਤ ਹੋ ਜਾਂਦੀ ਹੈ ।੭ ।
ਹੇ ਨਾਨਕ! ਜੇਹੜੇ ਮਨੁੱਖ (ਦੁਨੀਆ ਦੀ ਹਰੇਕ ਕਿਸਮ ਦੀ ਕਿਰਤ-ਕਾਰ ਵਿਚ) ਪਰਮਾਤਮਾ ਦੇ ਨਾਮ ਦਾਆਸਰਾ ਲੈਂਦੇ ਹਨ, ਸਤਿਗੁਰੂ ਨੇ ਉਹਨਾਂ ਨੂੰ ਮੋਹ ਦੇ ਬੰਧਨਾਂ ਤੋਂ ਰੱਖ ਲਿਆ (ਸਮਝੋ) ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦਾ ।੮।੧੦ ।
Follow us on Twitter Facebook Tumblr Reddit Instagram Youtube