ਆਸਾ ਮਹਲਾ ੧ ॥
ਏਕੁ ਮਰੈ ਪੰਚੇ ਮਿਲਿ ਰੋਵਹਿ ॥
ਹਉਮੈ ਜਾਇ ਸਬਦਿ ਮਲੁ ਧੋਵਹਿ ॥
ਸਮਝਿ ਸੂਝਿ ਸਹਜ ਘਰਿ ਹੋਵਹਿ ॥
ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥

ਕਉਣੁ ਮਰੈ ਕਉਣੁ ਰੋਵੈ ਓਹੀ ॥
ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥

ਮੂਏ ਕਉ ਰੋਵੈ ਦੁਖੁ ਕੋਇ ॥
ਸੋ ਰੋਵੈ ਜਿਸੁ ਬੇਦਨ ਹੋਇ ॥
ਜਿਸੁ ਬੀਤੀ ਜਾਣੈ ਪ੍ਰਭ ਸੋਇ ॥
ਆਪੇ ਕਰਤਾ ਕਰੇ ਸੁ ਹੋਇ ॥੨॥

ਜੀਵਤ ਮਰਣਾ ਤਾਰੇ ਤਰਣਾ ॥
ਜੈ ਜਗਦੀਸ ਪਰਮ ਗਤਿ ਸਰਣਾ ॥
ਹਉ ਬਲਿਹਾਰੀ ਸਤਿਗੁਰ ਚਰਣਾ ॥
ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥

ਨਿਰਭਉ ਆਪਿ ਨਿਰੰਤਰਿ ਜੋਤਿ ॥
ਬਿਨੁ ਨਾਵੈ ਸੂਤਕੁ ਜਗਿ ਛੋਤਿ ॥
ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥
ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥

ਮੂਏ ਕਉ ਸਚੁ ਰੋਵਹਿ ਮੀਤ ॥
ਤ੍ਰੈ ਗੁਣ ਰੋਵਹਿ ਨੀਤਾ ਨੀਤ ॥
ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥
ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥

ਭੀਤਰਿ ਏਕੁ ਅਨੇਕ ਅਸੰਖ ॥
ਕਰਮ ਧਰਮ ਬਹੁ ਸੰਖ ਅਸੰਖ ॥
ਬਿਨੁ ਭੈ ਭਗਤੀ ਜਨਮੁ ਬਿਰੰਥ ॥
ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥

ਆਪਿ ਮਰੈ ਮਾਰੇ ਭੀ ਆਪਿ ॥
ਆਪਿ ਉਪਾਏ ਥਾਪਿ ਉਥਾਪਿ ॥
ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥
ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥

ਸੂਤਕੁ ਅਗਨਿ ਭਖੈ ਜਗੁ ਖਾਇ ॥
ਸੂਤਕੁ ਜਲਿ ਥਲਿ ਸਭ ਹੀ ਥਾਇ ॥
ਨਾਨਕ ਸੂਤਕਿ ਜਨਮਿ ਮਰੀਜੈ ॥
ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥੪॥

Sahib Singh
ਪੰਚੇ = ਸਾਕ ਸੰਬੰਧੀ (ਮਾਂ ਪਿਉ, ਭਰਾ, ਇਸਤ੍ਰੀ, ਪੁਤ੍ਰ) ।
ਸਹਜ ਘਰਿ = ਸਹਜ ਅਵਸਥਾ ਦੇ ਘਰ ਵਿਚ ।੧ ।
ਓਹੁ = ‘ਉਹ, ਉਹ’ ਆਖ ਕੇ ।
ਕਰਣ = ਜਗਤ ।
ਕਾਰਣ = ਮੂਲ, ਕਰਨਹਾਰ ।
ਸਭਸੈ ਸਿਰਿ = ਹਰੇਕ ਜੀਵਦੇ ਸਿਰ ਉਤੇ ।
ਤੋਹੀ = ਤੂੰ ਹੀ ਹੈਂ ।੧।ਰਹਾਉ ।
ਕੋਇ = ਜੇਹੜਾ ਕੋਈ ।
ਬੇਦਨ = ਦੁੱਖ, ਪੀੜ ।
ਜਿਸੁ ਬੀਤੀ = ਜਿਸ ਮਰਨ ਵਾਲੇ ਦੇ ਸਿਰ ਬੀਤਦੀ ਹੈ ।੨ ।
ਤਾਰੇ ਤਰਣਾ = (ਸੰਸਾਰ = ਸਮੁੰਦਰ ਤੋਂ) ਤਰਨ ਲਈ ਬੇੜੀ (—ਤਾਰਿ) ਹੈ ।
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ।
ਬੋਹਿਥੁ = ਜਹਾਜ਼ ।
ਭੈ = ਭਉ ਸਾਗਰ ਤੋਂ ।
ਤਰਣਾ = ਤਰੀਦਾ ਹੈ ।੩ ।
ਜਗਿ = ਜਗਤ ਵਿਚ ।
ਛੋਤਿ = ਭਿੱਟ ।
ਕਿਆ ਕਹਿ = ਕੀਹ ਆਖ ਕੇ ?
ਰੋਤਿ = (ਕੋਈ) ਰੋਂਦਾ ਹੈ ।
ਸਰੋਤਿ = ਸੁਣਨਾ ।੪ ।
ਮੂਏ ਕਉ = (ਆਪਾ = ਭਾਵ ਤੋਂ) ਮਰੇ ਹੋਏ ਨੂੰ ।
ਪਰਹਰਿ = ਤਿਆਗ ਕੇ ।
ਸੁਚੀਤ = ਸੁਚੇਤ ।
ਸਉਪਉ = ਸਮਰਪਣ (ਕੀਤਾ ਹੈ) ।
ਕਿ੍ਰਸ਼ਨ = ਪਰਮਾਤਮਾ ।੫ ।
ਬਹੁ ਸੰਖ ਅਸੰਖ = ਬੇਅੰਤ ।
ਬਿਰੰਥ = ਵਿਅਰਥ ।
ਪਰਮਾਰੰਥ = ਜੀਵਨ ਦਾ ਪਰਮ ਮਨੋਰਥ ।੬ ।
ਉਥਾਪਿ = ਉਥਾਪੇ, ਨਾਸ ਕਰਦਾ ਹੈ ।
ਜੋਤੀ = ਹੇ ਜੋਤਿ = ਰੂਪ ਪ੍ਰਭੂ !
ਭ੍ਰਾਤਿ = ਭਟਕਣਾ ।੭ ।
ਸੂਤਕਿ = ਸੂਤਕ (ਦੇ ਭਰਮ) ਦੇ ਕਾਰਨ ।
ਪੀਜੈ = ਪੀਣਾ ਚਾਹੀਦਾ ਹੈ ।੮ ।
    
Sahib Singh
ਹੇ ਪ੍ਰਭੂ! ਹੇ ਸਾਰੇ ਜਗਤ ਦੇ ਕਰਤਾਰ! ਹਰੇਕ ਜੀਵ ਦੇ ਸਿਰ ਉਤੇ ਤੂੰ ਆਪ ਹੀ ਹੈਂ ।
ਨਾਹ ਕੋਈ ਮਰਦਾ ਹੈ, ਤੇ ਨਾਹ ਕੋਈ (ਮਰੇ ਨੂੰ) ‘ਉਹ, ਉਹ’ ਆਖ ਕੇ ਰੋਂਦਾ ਹੈ, (ਜਿਸ ਦਾ ਸਰੀਰ ਬਿਨਸਦਾ ਹੈ ਉਹ ਭੀ ਤੂੰ ਆਪ ਹੀ ਹੈਂ ਤੇ ਰੋਣ ਵਾਲਾ ਭੀ ਤੂੰ ਆਪ ਹੀ ਹੈਂ) ।੧।ਰਹਾਉ ।
ਇਕ (ਪ੍ਰਾਣੀ) ਮਰਦਾ ਹੈ ਉਸ ਦੇ ਸਾਕ ਸੰਬੰਧੀ ਮਿਲ ਕੇ ਰੋਂਦੇ ਹਨ, ਇਹ ਖੁੰਝ ਕੇ (ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਓਪਰਾ ਹੈ ਹੀ ਨਹੀਂ, ਰੋਣ ਵਾਲੇ ਉਸ ਪਰਮਾਤਮਾ ਦੀ ਨਜ਼ਰ ਵਿਚ ਆਪਣੀ) ਸਾਰੀ ਇੱਜ਼ਤ ਗਵਾ ਲੈਂਦੇ ਹਨ ।
ਪਰ ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੋਹ ਦੀ ਮੈਲ ਆਪਣੇ ਮਨ ਤੋਂ ਧੋ ਲੈਂਦੇ ਹਨ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ ਇਹ ਸਮਝ ਵਿਚ ਕੇ (ਕਿ ਸਭ ਵਿਚ ਪ੍ਰਭੂ ਦੀ ਹੀ ਜੋਤਿ ਹੈ, ਕਿਸੇ ਸੰਬੰਧੀ ਦਾ ਸਰੀਰ ਨਾਸ ਹੋਣ ਤੇ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ ।੧ ।
ਜੋ ਕੋਈ ਮੋਏ ਨੂੰ ਰੋਂਦਾ ਹੈ ਉਹ (ਅਸਲ ਵਿਚ ਆਪਣਾ) ਦੁੱਖ-ਅੌਖ ਫਰੋਲਦਾ ਹੈ, ਉਹ ਹੀ ਰੋਂਦਾ ਹੈ ਜਿਸ ਨੂੰ (ਕਿਸੇ ਦੇ ਮਰਨ ਤੇ ਕੋਈ) ਬਿਪਤਾ ਆ ਵਾਪਰਦੀ ਹੈ ।
ਪਰ ਜਿਸ ਜੀਵ ਉਤੇ (ਮੌਤ ਦੀ ਘਟਨਾ) ਵਰਤਦੀ ਹੈ, ਉਹ ਪ੍ਰਭੂ ਦੀ ਇਹ ਰਜ਼ਾ ਸਮਝ ਲੈਂਦਾ ਹੈ ਕਿ ਉਹੀ ਕੁਝ ਹੋ ਰਿਹਾ ਹੈ ਜੋ ਕਰਤਾਰ ਆਪ ਕਰਦਾ ਹੈ ।੨ ।
(ਅਸਲ ਵਿਚ ਜੀਊਣ ਦੀ ਤਾਂਘ ਮਨੁੱਖ ਨੂੰ ਸੰਸਾਰ ਦੇ ਮੋਹ ਵਿਚ ਫਸਾਂਦੀ ਹੈ) ਜੀਊਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ (ਮੋਹ-ਸਾਗਰ ਤੋਂ) ਤਰਨ ਲਈ, ਮਾਨੋ, ਬੇੜੀ ਹੈ ।
ਇਹ ਉੱਚੀ ਆਤਮਕ ਅਵਸਥਾ ਜਗਤ ਦੇ ਮਾਲਕ-ਪ੍ਰਭੂ ਦੀ ਸਰਨ ਪਿਆਂ ਲੱਭਦੀ ਹੈ ।
(ਪ੍ਰਭੂ ਦੀ ਸਰਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਮੈਂ ਗੁਰੂ ਦੇ ਚਰਨਾਂ ਤੋਂ ਸਦਕੇ ਹਾਂ ।
ਗੁਰੂ ਮਾਨੋ, ਜਹਾਜ਼ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਭਵ-ਸਾਗਰ ਤੋਂ ਪਾਰ ਲੰਘ ਸਕੀਦਾ ਹੈ ।੩ ।
ਪਰਮਾਤਮਾ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਆਪ ਇਕ-ਰਸ ਹਰੇਕ ਦੇ ਅੰਦਰ ਆਪਣੀ ਜੋਤਿ ਦਾ ਪਰਕਾਸ਼ ਕਰ ਰਿਹਾ ਹੈ, ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿਚ ਕਿਤੇ ਸੂਤਕ (ਦਾ ਭਰਮ) ਹੈ ਕਿਤੇ ਛੂਤ ਹੈ ।
ਦੁਰਮਤਿ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ, (ਇਸ ਬਾਰੇ) ਕੀਹ ਆਖ ਕੇ ਕੋਈਰੋਵੇ ?
ਪਰਮਾਤਮਾ ਦੀ ਭਗਤੀ ਤੋਂ ਬਿਨਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਤੋਂ ਬਿਨਾ, ਜੀਵ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ ।੪ ।
ਆਪਾ-ਭਾਵ ਤੋਂ ਮਰੇ ਹੋਏ ਨੂੰ ਸਚ ਮੁਚ ਉਸ ਦੇ (ਪਹਿਲੇ) ਮਿੱਤਰ ਮਾਇਆ ਦੇ ਤਿੰਨ ਗੁਣ ਨਿੱਤ ਰੋਂਦੇ ਹਨ (ਕਿ ਸਾਡਾ ਸਾਥ ਛੱਡ ਗਿਆ ਹੈ), ਕਿਉਂਕਿ ਉਹ ਦੁਖ ਸੁਖ (ਦਾ ਅਹਿਸਾਸ) ਤਿਆਗ ਕੇ ਅਡੋਲ ਅਵਸਥਾ ਵਿਚ ਸੁਚੇਤ ਹੋ ਗਿਆ ਹੈ, ਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ ।੫ ।
ਸਭ ਦੇ ਅੰਦਰ ਇਕੋ ਪਰਮਾਤਮਾ ਵੱਸ ਰਿਹਾ ਹੈ, ਉਹ ਅਨੇਕਾਂ ਅਸੰਖਾਂ ਰੂਪਾਂ ਵਿਚ ਦਿਖਾਈ ਦੇ ਰਿਹਾ ਹੈ, (ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ) ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ ।
ਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਤੋਂ ਬਿਨਾ, ਪ੍ਰਭੂ ਦੀ ਭਗਤੀ ਤੋਂ ਬਿਨਾ, ਜੀਵਾਂ ਦਾ ਮਨੁੱਖਾ ਜਨਮ ਵਿਅਰਥ ਜਾਂਦਾ ਹੈ ।
ਜੇਹੜੇ ਮਿਲ ਕੇ ਹਰੀ ਦੇ ਗੁਣ ਗਾਂਦੇ ਹਨ, ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਹਨ ।੬ ।
(ਜੀਵਾਂ ਦਾ ਰਚਨਹਾਰ ਕਰਤਾਰ ਸਭ ਜੀਵਾਂ ਦੇ ਅੰਦਰ ਆਪ ਮੌਜੂਦ ਹੈ, ਸੋ ਜਦੋਂ ਕੋਈ ਜੀਵ ਮਰਦਾ ਹੈ ਤਾਂ) ਪਰਮਾਤਮਾ (ਉਸ ਵਿਚ ਬੈਠਾ ਆਪ ਹੀ, ਮਾਨੋ) ਮਰਦਾ ਹੈ, ਉਸ ਜੀਵ ਨੂੰ ਮਾਰਦਾ ਭੀ ਆਪ ਹੀ ਹੈ ।
ਪ੍ਰਭੂ ਆਪ ਹੀ ਪੈਦਾ ਕਰਦਾ ਹੈ, ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ ।
ਹੇ ਜੋਤਿ-ਰੂਪ ਪ੍ਰਭੂ! ਤੂੰ ਆਪ ਹੀ ਸਿ੍ਰਸ਼ਟੀ ਪੈਦਾ ਕੀਤੀ ਹੈ, ਤੂੰ ਆਪ ਹੀ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ਹਨ ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਸਾਰ ਕੇ (ਮਨ ਵਿਚ ਟਿਕਾ ਕੇ) ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ, ਜੀਵ ਨੂੰ (ਸੂਤਕ ਛੂਤ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ ।੭ ।
(ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਕੇ ਜੰਮਦਾ ਮਰਦਾ ਹੈ, ਸਰਬ-ਵਿਆਪਕ ਪ੍ਰਭੂ ਤੋਂ ਵਿਛੁੜਿਆਂ ਨੂੰ ਸੂਤਕ ਦਾ ਭਰਮ ਖ਼ੁਆਰ ਕਰਦਾ ਹੈ ।
ਸੂਤਕ ਦਾ ਭਰਮ ਕਿਥੇ ਕਿਥੇ ਕੀਤਾ ਜਾਵੇਗਾ?) ਅੱਗ ਵਿਚ ਭੀ (ਫਿਰ) ਸੂਤਕ ਹੈ ਜੋ ਭੜਕਦੀ ਹੈ ਤੇ ਜਗਤ (ਦੇ ਜੀਵਾਂ) ਨੂੰ ਭਸਮ ਕਰ ਜਾਂਦੀ ਹੈ, ਸੂਤਕ ਪਾਣੀ ਵਿਚ ਹੈ, ਸੂਤਕ ਧਰਤੀ ਵਿਚ ਹੈ, ਸੂਤਕ ਹਰ ਥਾਂ ਹੀ ਹੈ (ਕਿਉਂਕਿ ਹਰ ਥਾਂ ਜੀਵ ਜੰਮਦੇ ਹਨ ਤੇ ਮਰਦੇ ਹਨ) ।
ਹੇ ਨਾਨਕ! ਸੂਤਕ (ਦੇ ਭਰਮ) ਵਿਚ ਪੈ ਕੇ (ਪਰਮਾਤਮਾ ਦੀ ਹੋਂਦ ਤੋਂ ਖੁੰਝ ਕੇ) ਜਗਤ ਜਨਮ ਮਰਨ ਦੇ ਗੇੜ ਵਿਚ ਪੈ ਰਿਹਾ ਹੈ ।
(ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਮੇਹਰ ਪ੍ਰਾਪਤ ਕਰ ਕੇ ਪਰਮਾਤਮਾ ਦੇ ਨਾਮ ਦਾ ਅੰਮਿ੍ਰਤ-ਰਸ ਪੀਣਾ ਚਾਹੀਦਾ ਹੈ ।੮।੪ ।
Follow us on Twitter Facebook Tumblr Reddit Instagram Youtube