ਆਸਾ ਮਹਲਾ ੫ ਘਰੁ ੧੪
ੴ ਸਤਿਗੁਰ ਪ੍ਰਸਾਦਿ ॥
ਓਹੁ ਨੇਹੁ ਨਵੇਲਾ ॥
ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥੧॥ ਰਹਾਉ ॥

ਜੋ ਪ੍ਰਭ ਭਾਵੈ ਜਨਮਿ ਨ ਆਵੈ ॥
ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥

ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥
ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ ॥੨॥੧॥੧੫੦॥

Sahib Singh
ਨੇਹੁ = ਪਿਆਰ ।
ਨਵੇਲਾ = ਨਵਾਂ, ਸੱਜਰਾ ।
ਸਿਉ = ਨਾਲ ।੧।ਰਹਾਉ।ਪ੍ਰਭ ਭਾਵੈ—ਪ੍ਰਭੂ ਨੂੰ ਪਿਆਰਾ ਲੱਗਦਾ ਹੈ ।
ਜਨਮਿ = (ਮੁੜ ਮੁੜ) ਜਨਮ ਵਿਚ ।
ਰਚੈ = ਮਸਤ ਰਹਿੰਦਾ ਹੈ ।੧ ।
ਸੰਗਿ = ਨਾਲ ।
ਮਿਲੀਜੈ = ਮਿਲ ਸਕੀਦਾ ਹੈ ।
ਦੀਜੈ = ਜੇ ਦਿੱਤਾ ਜਾਏ ।
ਨਾਨਕ = ਨਾਨਕ ਨੂੰ ।੨ ।
    
Sahib Singh
ਹੇ ਭਾਈ! ਜੇਹੜਾ ਪਿਆਰ ਪਿਆਰੇ ਪ੍ਰੀਤਮ ਪ੍ਰਭੂ ਨਾਲ ਬਣਿਆ ਰਹਿੰਦਾ ਹੈ ਉਹ ਪਿਆਰ ਸਦਾ ਨਵਾਂ ਰਹਿੰਦਾ ਹੈ (ਦੁਨੀਆ ਵਾਲੇ ਪਿਆਰ ਛੇਤੀ ਹੀ ਫਿੱਕੇ ਪੈ ਜਾਂਦੇ ਹਨ) ।੧।ਰਹਾਉ ।
ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ (ਉਹ ਉਸ ਪਿਆਰ ਦੀ ਬਰਕਤਿ ਨਾਲ ਮੁੜ ਮੁੜ) ਜਨਮ ਵਿਚ ਨਹੀਂ ਆਉਂਦਾ ।
ਜਿਸ ਮਨੁੱਖ ਨੂੰ ਹਰੀ ਦਾ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ ਹਰੀ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਉਹ (ਸਦਾ) ਹਰੀ ਦੀ ਪ੍ਰੀਤਿ ਵਿਚ ਮਸਤ ਰਹਿੰਦਾ ਹੈ ।੧ ।
(ਪਰ, ਹੇ ਭਾਈ! ਇਸ ਪਿਆਰ ਦਾ ਮੁੱਲ ਭੀ ਦੇਣਾ ਪੈਂਦਾ ਹੈ) ਪ੍ਰਭੂ (ਦੇ ਚਰਨਾਂ) ਵਿਚ (ਤਦੋਂ ਹੀ) ਮਿਲ ਸਕੀਦਾ ਹੈ ਜੇ (ਆਪਣਾ) ਇਹ ਮਨ ਹਵਾਲੇ ਕਰ ਦੇਈਏ, (ਇਹ ਗੱਲ ਪਰਮਾਤਮਾ ਦੀ ਮੇਹਰ ਨਾਲ ਹੀ ਹੋ ਸਕਦੀ ਹੈ, ਤਾਂ ਤੇ) ਹੇ ਨਾਨਕ! (ਅਰਦਾਸ ਕਰ ਤੇ ਆਖ—ਹੇ ਪ੍ਰਭੂ!) ਆਪਣੀ ਮੇਹਰ ਕਰ (ਤਾ ਕਿ ਤੇਰੇ ਦਾਸ) ਨਾਨਕ ਨੂੰ ਤੇਰਾ ਨਾਮ (ਤੇਰੇ ਨਾਮ ਦਾ ਪਿਆਰ) ਪ੍ਰਾਪਤ ਹੋ ਜਾਏ ।੨।੧।੧੫੦ ।

ਨੋਟ: ਘਰੁ ੧੪ ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ ।
Follow us on Twitter Facebook Tumblr Reddit Instagram Youtube