ਆਸਾ ਮਹਲਾ ੫ ॥
ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥
ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥੧॥

ਮਨ ਮਹਿ ਰਾਮ ਨਾਮਾ ਜਾਪਿ ॥
ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ ॥੧॥ ਰਹਾਉ ॥

ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥
ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥੨॥

ਤਨੁ ਧਨੁ ਤੇਰਾ ਤੂੰ ਪ੍ਰਭੁ ਮੇਰਾ ਹਮਰੈ ਵਸਿ ਕਿਛੁ ਨਾਹਿ ॥
ਜਿਉ ਜਿਉ ਰਾਖਹਿ ਤਿਉ ਤਿਉ ਰਹਣਾ ਤੇਰਾ ਦੀਆ ਖਾਹਿ ॥੩॥

ਜਨਮ ਜਨਮ ਕੇ ਕਿਲਵਿਖ ਕਾਟੈ ਮਜਨੁ ਹਰਿ ਜਨ ਧੂਰਿ ॥
ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ ॥੪॥੪॥੧੩੯॥

Sahib Singh
ਕਰਉ = ਮੈਂ ਕਰਾਂ ।
ਕਰਾਵਹੁ = ਤੂੰ ਕਰਾਂਦਾ ਰਹੁ ।
ਠਾਕੁਰ = ਹੇ ਠਾਕੁਰ !
ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ ।
ਚਰਾਵਹੁ = ਚਾੜ੍ਹਹੁ ।
ਰੰਗਨਿ = ਰੰਗਣ ।
ਪ੍ਰਭ = ਹੇ ਪ੍ਰਭੂ !
ਰੰਗਿ = (ਆਪਣੇ ਨਾਮ = ਰੰਗ ਵਿਚ) ਰੰਗ ।੧ ।
ਜਾਪਿ = ਜਪੀਂ, ਮੈਂ ਜਪਦਾ ਰਹਾਂ ।
ਹਿਰਦੈ = ਹਿਰਦੇ ਵਿਚ ।੧।ਰਹਾਉ ।
ਪ੍ਰੀਤਮ = ਹੇ ਪ੍ਰੀਤਮ !
ਪੇਖਨ ਕਾ = ਵੇਖਣ ਦਾ ।
ਕਿਰਮ = ਕੀੜਾ, ਨਾਚੀਜ਼ ।
ਸੁਆਉ = ਗ਼ਰਜ਼ ।੨ ।
ਵਸਿ = ਵੱਸ ਵਿਚ ।
ਖਾਹਿ = ਖਾਂਦੇ ਹਾਂ ।੩ ।
ਕਿਲਵਿਖ = ਪਾਪ ।
ਮਜਨੁ = ਇਸ਼ਨਾਨ ।
ਧੂਰਿ = ਚਰਨਾਂ ਦੀ ਧੂੜ ।
ਭਾਇ = ਪ੍ਰੇਮ ਦੀ ਰਾਹੀਂ ।੪ ।
    
Sahib Singh
ਹੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ, ਮੇਰੇ ਹਿਰਦੇ ਵਿਚ ਆ ਵੱਸ ।
ਜੇ ਤੂੰ ਮੇਰਾ ਮਦਦਗਾਰ ਬਣੇਂ ਤਾਂ ਮੈਂ ਆਪਣੇ ਮਨ ਵਿਚ ਤੇਰਾ ਰਾਮ-ਨਾਮ ਜਪਦਾ ਰਹਾਂ ।੧।ਰਹਾਉ ।
ਹੇ ਮੇਰੇ ਮਾਲਕ! (ਮੈਥੋਂ ਇਹ ਉੱਦਮ) ਕਰਾਂਦਾ ਰਹੁ, ਗੁਰੂ ਦੀ ਸੰਗਤਿ ਵਿਚ ਤੇਰਾ ਦਰਸਨ ਕਰਦਾ ਹੋਇਆ ਮੈਂ ਤੇਰਾ ਨਾਮ ਜਪਣ ਦਾ ਆਹਰ ਕਰਦਾ ਰਹਾਂ ।
ਹੇ ਪ੍ਰਭੂ! ਮੇਰੇ ਮਨ ਉੱਤੇ ਤੂੰ ਆਪਣੇ ਨਾਮ ਦੀ ਰੰਗਣ ਚਾੜ੍ਹ ਦੇ, ਤੂੰ ਆਪ ਹੀ (ਮੇਰੇ ਮਨ ਨੂੰ ਆਪਣੇ ਪ੍ਰੇਮ ਦੇ ਰੰਗ ਵਿਚ) ਰੰਗ ਦੇ ।੧ ।
ਹੇ ਮੇਰੇ ਪਿਆਰੇ! ਤੂੰ ਮੇਰਾ ਮਾਲਕ ਹੈਂ, ਆਪਣੇ ਇਸ ਨਾਚੀਜ਼ ਸੇਵਕ ਉਤੇ ਮੇਹਰ ਕਰ ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਤੇਰੇ ਦਰਸਨ ਦਾ ਚਾਉ ਬਣਿਆ ਰਹੇ—ਮੇਰਾ ਇਹ ਮਨੋਰਥ ਪੂਰਾ ਕਰ ਮੇਰੀ ਇਹ ਲੋੜ ਪੂਰੀ ਕਰ ।੨ ।
(ਹੇ ਪ੍ਰਭੂ! ਮੇਰਾ ਇਹ ਸਰੀਰ ਮੇਰਾ ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਹੀ ਮੇਰਾ ਮਾਲਕ ਹੈਂ (ਅਸੀ ਜੀਵ ਆਪਣੇ ਉੱਦਮ ਨਾਲ ਤੇਰਾ ਨਾਮ ਜਪਣ ਜੋਗੇ ਨਹੀਂ ਹਾਂ) ਸਾਡੇ ਵੱਸ ਵਿਚ ਕੁਝ ਨਹੀਂ ਹੈ ।
ਤੂੰ ਸਾਨੂੰ ਜੀਵਾਂ ਨੂੰ ਜਿਸ ਜਿਸ ਹਾਲ ਵਿਚ ਰੱਖਦਾ ਹੈਂ ਉਸੇ ਤ੍ਰਹਾਂ ਹੀ ਅਸੀ ਜੀਵਨ ਬਿਤਾਂਦੇ ਹਾਂ, ਅਸੀ ਤੇਰਾ ਹੀ ਦਿੱਤਾ ਹੋਇਆ ਹਰੇਕ ਪਦਾਰਥ ਖਾਂਦੇ ਹਾਂ ।੩ ।
ਹੇ ਨਾਨਕ! (ਆਖ—) ਪਰਮਾਤਮਾ ਦੇ ਸੇਵਕਾਂ (ਦੇ ਚਰਨਾਂ) ਦੀ ਧੂੜ ਵਿਚ (ਕੀਤਾ ਹੋਇਆ) ਇਸ਼ਨਾਨ (ਮਨੁੱਖ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਦੇਂਦਾ ਹੈ, ਪ੍ਰਭੂ-ਪ੍ਰੇਮ ਦੀ ਰਾਹੀਂ ਭਗਤੀ ਦੀ ਬਰਕਤਿ ਨਾਲ (ਮਨੁੱਖ ਦਾ) ਹਰੇਕ ਕਿਸਮ ਦਾ ਡਰ ਵਹਮ ਨਾਸ ਹੋ ਜਾਂਦਾ ਹੈ, ਤੇ ਪਰਮਾਤਮਾ ਸਦਾ ਅੰਗ-ਸੰਗ ਪ੍ਰਤੀਤ ਹੋਣ ਲੱਗ ਪੈਂਦਾ ਹੈ ।੪।੪।੧੩੯ ।
Follow us on Twitter Facebook Tumblr Reddit Instagram Youtube