ਆਸਾ ਮਹਲਾ ੫ ॥
ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ ॥
ਦੀਨ ਬੰਧਪ ਜੀਅ ਦਾਤਾ ਸਰਣਿ ਰਾਖਣ ਜੋਗੁ ॥੧॥

ਮੇਰੇ ਮਨ ਧਿਆਇ ਹਰਿ ਹਰਿ ਨਾਉ ॥
ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥੧॥ ਰਹਾਉ ॥

ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥
ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥

ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ ॥
ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥੩॥

ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ ॥
ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥

Sahib Singh
ਜੀਉ = ਜਿੰਦ ।
ਤਨੁ = ਸਰੀਰ ।
ਕੇ ਦੀਏ = ਦੇ ਦਿੱਤੇ ਹੋਏ ।
ਸਭਿ = ਸਾਰੇ ।
ਰਸ ਭੋਗ = ਸੁਆਦਲੇ ਪਦਾਰਥ ।
ਦੀਨ ਬੰਧਪ = ਗਰੀਬਾਂ ਦਾ ਰਿਸ਼ਤੇਦਾਰ ।
ਜੀਅ ਦਾਤਾ = ਆਤਮਕ ਜੀਵਨ ਦੇਣ ਵਾਲਾ ।ਜੋਗੁ—ਸਮਰੱਥ ।੧ ।
ਮਨ = ਹੇ ਮਨ !
ਹਲਤਿ = {ਅ>} ਇਸ ਲੋਕ ਵਿਚ ।
ਪਲਤਿ = {ਪਰ>} ਪਰ ਲੋਕ ਵਿਚ ।
ਸਹਾਇ = ਸਹਾਈ ।
ਸੰਗੇ = ਨਾਲ ਰਹਿਣ ਵਾਲਾ ।
ਲਿਵ ਲਾਉ = ਸੁਰਤਿ ਜੋੜ ।੧।ਰਹਾਉ ।
ਜਨ = ਲੋਕ ।
ਧਿਆਵਹਿ = ਵਿਚਾਰਦੇ ਹਨ ।
ਕਉ = ਵਾਸਤੇ ।
ਕਰਮ ਧਰਮ = (ਵੇਦਾਂ ਸ਼ਾਸਤਰਾਂ ਅਨੁਸਾਰ ਮਿਥੇ ਹੋਏ) ਧਾਰਮਿਕ ਕੰਮ ।
ਅਚਾਰੁ = {ਆਚਾਰ} ਧਾਰਮਿਕ ਮਰਯਾਦਾ ।੨ ।
ਬਿਨਸੈ = ਨਾਸ ਹੋ ਜਾਂਦਾ ਹੈ ।
ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ ।੩ ।
ਦਇਆਲ = ਹੇ ਦਇਆਲ !
ਜੀਅ ਅਧਾਰੁ = ਜਿੰਦ ਦਾ ਆਸਰਾ ।
ਤਾਣੁ = ਸਹਾਰਾ ।੪ ।
    
Sahib Singh
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ ।
ਪਰਮਾਤਮਾ ਹੀ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਨਾਲ ਰਹਿਣ ਵਾਲਾ ਹੈ ।
ਇਕ ਪਰਮਾਤਮਾ ਦੇ ਨਾਲ ਹੀ ਸੁਰਤਿ ਜੋੜੀ ਰੱਖ ।੧।ਰਹਾਉ ।
(ਹੇ ਭਾਈ ।) ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ, ਸਾਰੇ ਸੁਆਦਲੇ ਪਦਾਰਥ—ਇਹ ਸਭ ਪਰਮਾਤਮਾ ਦੇ ਦਿੱਤੇ ਹੋਏ ਹਨ ।
ਪਰਮਾਤਮਾ ਹੀ ਗਰੀਬਾਂ ਦਾ (ਅਸਲ) ਸਨਬੰਧੀ ਹੈ, ਪਰਮਾਤਮਾ ਹੀ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਹੀ ਸਰਨ ਪਏ ਦੀ ਰਾਖੀ ਕਰਨ ਦੀ ਸਮਰਥਾ ਵਾਲਾ ਹੈ ।੧ ।
ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵੇਦਾਂ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ (ਅਤੇ ਉਹਨਾਂ ਦੇ ਦੱਸੇ ਅਨੁਸਾਰ ਮਿਥੇ ਹੋਏ) ਅਨੇਕਾਂ ਧਾਰਮਿਕ ਕੰਮ ਤੇ ਹੋਰ ਸਾਧਨ ਕਰਦੇ ਹਨ ।
ਪਰ ਪਰਮਾਤਮਾ ਦਾ ਨਾਮ-ਸਿਮਰਨ ਇਕ ਐਸਾ ਧਾਰਮਿਕ ਉੱਦਮ ਹੈ ਜੋ ਉਹਨਾਂ ਮਿਥੇ ਹੋਏ ਸਭਨਾਂ ਧਾਰਮਿਕ ਕੰਮਾਂ ਨਾਲੋਂ ਉੱਚਾ ਹੈ ਸ੍ਰੇਸ਼ਟ ਹੈ ।੨ ।
ਹੇ ਭਾਈ! ਜੇਹੜਾ ਮਨੁੱਖ ਗੁਰੂ-ਦੇਵ ਨੂੰ ਮਿਲ ਪੈਂਦਾ ਹੈ (ਤੇ ਉਸ ਦੀ ਸਿੱਖਿਆ ਅਨੁਸਾਰ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਮਨ ਵਿਚੋਂ) ਕਾਮ-ਵਾਸਨਾ ਦੂਰ ਹੋ ਜਾਂਦੀ ਹੈ ਕ੍ਰੋਧ ਮਿਟ ਜਾਂਦਾ ਹੈ ਅਹੰਕਾਰ ਖ਼ਤਮ ਹੋ ਜਾਂਦਾ ਹੈ ।
(ਹੇ ਭਾਈ! ਤੂੰ ਭੀ ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕੀ ਤ੍ਰਹਾਂ ਟਿਕਾ ਰੱਖ, ਪਰਮਾਤਮਾ ਦੀ ਭਗਤੀ ਕਰ, ਪਰਮਾਤਮਾ ਦੀ ਸੇਵਾ-ਭਗਤੀ ਹੀ ਚੰਗੀ ਕਾਰ ਹੈ ।੩ ।
ਹੇ ਦਇਆ ਦੇ ਘਰ ਪ੍ਰਭੂ! ਮੈਂ ਤੇਰੇ ਚਰਨਾਂ ਦੀ ਓਟ ਲਈ ਹੈ, ਤੂੰ ਹੀ ਮੈਨੂੰ ਨਿਮਾਣੇ ਨੂੰ ਆਦਰ ਦੇਣ ਵਾਲਾ ਹੈਂ ।
ਹੇ ਪ੍ਰਭੂ! ਮੈਨੂੰ ਆਪਣੀ ਜਿੰਦ ਵਾਸਤੇ ਪ੍ਰਾਣਾਂ ਵਾਸਤੇ ਤੇਰਾ ਹੀ ਸਹਾਰਾ ਹੈ ।
ਹੇ ਭਾਈ! (ਦਾਸ) ਨਾਨਕ ਦਾ ਆਸਰਾ ਪਰਮਾਤਮਾ ਹੀ ਹੈ ।੪।੨।੧੩੭ ।
Follow us on Twitter Facebook Tumblr Reddit Instagram Youtube