ਆਸਾ ਮਹਲਾ ੫ ॥
ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥੧॥ ਰਹਾਉ ॥

ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥੧॥

ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ ॥੨॥੫॥੧੩੪॥

Sahib Singh
ਅੰਮਿ੍ਰਤਧਾਰੀ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਵਾਲੀ ।
ਗੁਰਿ = ਗੁਰੂ ਨੇ ।
ਨਿਮਖ = ਅੱਖ ਝਮਕਣ ਜਿਤਨਾ ਸਮਾ ।
ਤੇ = ਤੋਂ ।
ਟਾਰੀ = ਟਾਲੀ, ਹਟਾਈ, ਪਰੇ ਕੀਤੀ ।
ਰੇ = ਹੇ ਭਾਈ !
    ।੧।ਰਹਾਉ ।
ਦਰਸਨ = (ਕਰਤਾਰ ਦਾ) ਦੀਦਾਰ ।
ਪਰਸਨ = (ਕਰਤਾਰ ਦੇ ਚਰਨਾਂ ਦੀ) ਛੋਹ ।
ਸਰਸਨ = ਆਤਮਕ ਖਿੜਾਉ ।
ਹਰਸਨ = ਹਰਖ, ਆਨੰਦ, ਖ਼ੁਸ਼ੀ ।
ਰੰਗਿ = ਪ੍ਰੇਮ = ਰੰਗ ਵਿਚ ।
ਰੰਗੀ = ਰੰਗਣ ਵਾਲੀ ।੧ ।
ਰਮ = ਸਿਮਰਨ ।
ਗਮ = ਪਹੁੰਚ ।
ਹਰ ਦਮ = ਸੁਆਸ ਸੁਆਸ ।
ਕੰਠਿ = ਗਲੇ ਵਿਚ ।
ਉਰਿ = ਹਿਰਦੇ ਵਿਚ ।੨ ।
    
Sahib Singh
ਹੇ ਭਾਈ! ਗੁਰੂ ਨੇ (ਕਿਰਪਾ ਕਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਆਪਣੀ ਬਾਣੀ) ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਮੇਰੇ ਮਨ ਤੋਂ ਭੁੱਲਣ ਨਹੀਂ ਦਿੱਤੀ, ਇਹ ਬਾਣੀ ਮੈਨੂੰ ਮਿੱਠੀ ਲੱਗਦੀ ਹੈ, ਇਹ ਬਾਣੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮੇਰੇ ਅੰਦਰ ਜਾਰੀ ਰੱਖਦੀ ਹੈ ।੧।ਰਹਾਉ ।
ਹੇ ਭਾਈ! ਇਹ ਬਾਣੀ ਕਰਤਾਰ ਦੇ ਪ੍ਰੇਮ ਵਿਚ ਰੰਗਣ ਵਾਲੀ ਹੈ, ਇਸ ਦੀ ਬਰਕਤਿ ਨਾਲ ਕਰਤਾਰ ਦਾ ਦਰਸਨ ਹੁੰਦਾ ਹੈ ਕਰਤਾਰ ਦੇ ਚਰਨਾਂ ਦੀ ਛੋਹ ਮਿਲਦੀ ਹੈ ਮਨ ਵਿਚ ਆਨੰਦ ਤੇ ਖਿੜਾਉ ਪੈਦਾ ਹੁੰਦਾ ਹੈ ।੧।ਹੇ ਭਾਈ! ਇਸ ਬਾਣੀ ਨੂੰ ਇਕ ਖਿਨ ਵਾਸਤੇ ਭੀ ਹਿਰਦੇ ਵਿਚ ਵਸਾਇਆਂ ਗੁਰੂ ਦੇ ਚਰਨਾਂ ਤਕ ਪਹੁੰਚ ਬਣ ਜਾਂਦੀ ਹੈ, ਇਸ ਨੂੰ ਸੁਆਸ ਸੁਆਸ ਹਿਰਦੇ ਵਿਚ ਵਸਾਇਆਂ ਜਮਾਂ ਦਾ ਡਰ ਨਹੀਂ ਪੋਹ ਸਕਦਾ ।
ਹੇ ਨਾਨਕ! ਇਸ ਹਰਿ-ਕਥਾ ਨੂੰ ਆਪਣੇ ਗਲੇ ਵਿਚ ਪ੍ਰੋ ਰੱਖ ਇਸ ਨੂੰ ਆਪਣੇ ਹਿਰਦੇ ਵਿਚ ਹਾਰ (ਬਣਾ ਕੇ) ਰੱਖ ।੨।੫।੧੩੪ ।
Follow us on Twitter Facebook Tumblr Reddit Instagram Youtube