ਆਸਾ ਮਹਲਾ ੫ ॥
ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥
ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥

ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥ ਰਹਾਉ ॥

ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥
ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥

Sahib Singh
ਚਾਰਿ ਬਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ {ਲਫ਼ਜ਼ ‘ਚਾਰਿ’ ਗਿਣਤੀ-ਵਾਚਕ ਹੈ, ਲਫ਼ਜ਼ ‘ਚਾਰ’ ਵਿਸ਼ੇਸ਼ਣ ਹੈ ਜਿਸ ਦਾ ਅਰਥ ਹੈ ‘ਸੁੰਦਰ’} ।
ਮਰਦਨ = ਮਲਣ ਵਾਲੇ ।
ਖਟੁ ਦਰਸਨ = ਛੇ ਭੇਖ ।
ਕਰ ਤਲੀ = ਹੱਥ ਦੀ ਤਲੀ ਉੱਤੇ ।
ਰੇ = ਹੇ ਭਾਈ !
ਸੁਘਰ = ਸੁਘੜ, ਸੁਨੱਖੇ, ਸੋਹਣੇ ।
ਪੰਚਹੁ = ਪੰਜਾਂ ਨੇ ।
ਮੋਹਿ = ਮੋਹ ਕੇ ।
ਛਲੀ = ਛਲ ਲਿਆ ਹੈ ।੧ ।
ਜਿਨਿ = ਜਿਸ ਨੇ ।
ਮਿਲਿ = (ਗੁਰੂ ਨੂੰ) ਮਿਲ ਕੇ ।
ਸੂਰਬੀਰ = ਬਹਾਦਰ ਸੂਰਮੇ ।
ਕਉਨੁ ਬਲੀ = ਕੋਈ ਵਿਰਲਾ ਬਲਵਾਨ ।
ਮਾਰਿ = ਮਾਰ ਕੇ ।
ਬਿਦਾਰਿ = ਪਾੜ ਕੇ ।
ਗੁਦਾਰੇ = ਮੁਕਾ ਦਿੱਤੇ ।
ਇਹ ਕਲੀ = ਇਸ ਜਗਤ ਵਿਚ {ਲਫ਼ਜ਼ ‘ਕਲੀ’ ਇਥੇ ‘ਜੁਗ’ ਦਾ ਖਿ਼ਆਲ ਨਹੀਂ ਦੇ ਰਿਹਾ} ।੧।ਰਹਾਉ ।
ਕੋਮ = ਕੋੜਮਾ, ਖ਼ਾਨਦਾਨ ।
ਵਸਿ = ਵੱਸ ਵਿਚ ।
ਭਾਗਹਿ = ਭੱਜਦੇ ।
ਮੁਹਕਮ = ਮਜ਼ਬੂਤ ।
ਹਠਲੀ = ਹਠ ਵਾਲੀ ।
ਤਿਨਿ ਜਨਿ = ਉਸ ਮਨੁੱਖ ਨੇ ।
ਨਿਰਦਲਿਆ = ਚੰਗੀ ਤ੍ਰਹਾਂ ਲਤਾੜਿਆ ।
ਝਲੀ = ਆਸਰੇ ।੨ ।
    
Sahib Singh
ਹੇ ਭਾਈ! ਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ (ਗੁਰੂ ਨੂੰ) ਮਿਲ ਕੇ ਕਾਮਾਦਿਕ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ ।
ਹੇ ਭਾਈ! ਜਗਤ ਵਿਚ ਉਹੀ ਮਨੁੱਖ ਪੂਰਨ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾਂ ਲੀਰਾਂ ਕਰ ਦਿੱਤਾ ਹੈ ।੧।ਰਹਾਉ ।
ਹੇ ਭਾਈ! (ਸਾਡੇ ਦੇਸ ਵਿਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ) ਚਾਰ ਵਰਨ (ਪ੍ਰਸਿੱਧ) ਹਨ, (ਕਾਮਾਦਿਕ ਇਹਨਾਂ) ਚੌਹਾਂ ਵਰਨਾਂ (ਦੇ ਬੰਦਿਆਂ) ਨੂੰ ਮਲ ਦੇਣ ਵਾਲੇ ਹਨ ।
ਛੇ ਭੇਖਾਂ (ਦੇ ਸਾਧੂਆਂ) ਨੂੰ ਭੀ ਇਹ ਹੱਥਾਂ ਦੀ ਤਲੀਆਂ ਤੇ (ਨਚਾਂਦੇ ਹਨ) ।
ਸੋਹਣੇ, ਸੁਨੱਖੇ, ਬਾਂਕੇ, ਸਿਆਣੇ (ਕੋਈ ਭੀ ਹੋਣ, ਕਾਮਾਦਿਕ) ਪੰਜਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ ।੧ ।
ਹੇ ਭਾਈ! (ਇਹਨਾਂ ਕਾਮਾਦਿਕਾਂ ਦਾ ਬੜਾ) ਡਾਢਾ ਕੋੜਮਾ ਹੈ, ਨਾਹ ਇਹ ਕਿਸੇ ਦੇ ਕਾਬੂ ਵਿਚ ਆਉਂਦੇ ਹਨ ਨਾਹ ਇਹ ਕਿਸੇ ਪਾਸੋਂ ਡਰ ਕੇ ਭੱਜਦੇ ਹਨ ।
ਇਹਨਾਂ ਦੀ ਫ਼ੌਜ ਬੜੀ ਮਜ਼ਬੂਤ ਹੈ ਹਠ ਵਾਲੀ ਹੈ ।
ਹੇ ਭਾਈ! ਆਖ—ਹੇ ਭਾਈ! ਸਿਰਫ਼ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤ੍ਰਹਾਂ ਲਤਾੜਿਆ ਹੈ ਜੇਹੜਾ ਸਾਧ ਸੰਗਤਿ ਦੇ ਆਸਰੇ ਵਿਚ ਰਹਿੰਦਾ ਹੈ ।੨।੩।੧੩੨ ।
Follow us on Twitter Facebook Tumblr Reddit Instagram Youtube