ਆਸਾ ਮਹਲਾ ੫ ਦੁਪਦੇ ॥
ਗੁਰ ਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥
ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥੧॥

ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥
ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥੧॥ ਰਹਾਉ ॥

ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ ॥
ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ ॥੨॥੨॥੧੩੧॥

Sahib Singh
ਨੋਟ: = ਦੁਪਦੇ = ਦੋ ਬੰਦਾਂ ਵਾਲੇ ਸ਼ਬਦ ।
ਪਰਸਾਦਿ = ਕਿਰਪਾ ਨਾਲ ।
ਮਨਿ = ਮਨ ਵਿਚ ।
ਮਾਗਉ = ਮਾਗਉਂ, ਮੈਂ ਮੰਗਦਾ ਹਾਂ ।
ਪਾਵਉ = ਪਾਵਉਂ, ਮੈਂ ਹਾਸਲ ਕਰ ਲੈਂਦਾ ਹਾਂ ।
ਰੇ = ਹੇ ਭਾਈ ।
ਰੰਗਿ = ਪ੍ਰੇਮ = ਰੰਗ ਨਾਲ ।
ਤਿ੍ਰਪਤਾਨਾ = ਰੱਜ ਗਿਆ ਹੈ ।
ਬਹੁਰਿ = ਮੁੜ ।੧ ।
ਹਮਰਾ ਠਾਕੁਰੁ = ਮੇਰਾ ਮਾਲਕ-ਪ੍ਰਭੂ ।
ਤੇ = ਤੋਂ, ਨਾਲੋਂ ।
ਰੈਣਿ = ਰਾਤ ।
ਦਿਨਸੁ = ਦਿਨ ।
ਥਾਪਿ = ਪੈਦਾ ਕਰ ਕੇ ।
ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ ।
ਤਿਸ ਤੇ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਤੇ’ ਦੇ ਕਾਰਨ ਉੱਡ ਗਿਆ ਹੈ} ।
ਤੁਝਹਿ = ਤੈਨੂੰ ।
ਡਰਾਵਉ = ਮੈਂ ਡਰਾਂਦਾ ਹਾਂ, ਡਰ ਦੇਂਦਾ ਹਾਂ, ਉਸ ਦੇ ਡਰ ਵਿਚ ਰੱਖਦਾ ਹਾਂ ।੧।ਰਹਾਉ ।
ਅਵਰਹਿ = ਕਿਸੇ ਹੋਰ ਨੂੰ ।
ਚੀਤਿ = ਚਿੱਤ ਵਿਚ ।
ਨ ਪਾਵਉ = ਨ ਪਾਵਉਂ, ਨਹੀਂ ਟਿਕਾਂਦਾ ।
ਪ੍ਰਭਿ = ਪ੍ਰਭੂ ਨੇ ।
ਪਹਿਰਾਇਆ = ਸਿਰੋਪਾ ਦਿੱਤਾ ਹੈ, ਆਦਰ-ਮਾਣ ਦਿੱਤਾ ਹੈ, ਨਿਵਾਜਿਆ ਹੈ ।
ਲਿਖਾਵਉ = ਮੈਂ ਉੱਕਰਦਾ ਹਾਂ, ਪ੍ਰੋਂਦਾ ਹਾਂ ।੨ ।
    
Sahib Singh
ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਸਭ ਨਾਲੋਂ ਉੱਚਾ ਹੈ, ਮੈਂ ਰਾਤ ਦਿਨ ਉਸ ਦੀ (ਹੀ) ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹਾਂ ।
ਮੇਰਾ ਉਹ ਮਾਲਕ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਭੀ ਤਾਕਤ ਰੱਖਣ ਵਾਲਾ ਹੈ ।
ਮੈਂ, (ਹੇ ਮਨ!) ਤੈਨੂੰ ਉਸ ਦੇ ਡਰ-ਅਦਬ ਵਿਚ ਰੱਖਣਾ ਚਾਹੁੰਦਾ ਹਾਂ ।੧ ।
ਹੇ ਭਾਈ! ਜਦੋਂ ਗੁਰੂ ਦੇ ਕਿਰਪਾ ਨਾਲ ਮੇਰਾ ਉਹ ਮਾਲਕ-ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ ਤਦੋਂ ਤੋਂ ਮੈਂ (ਉਸ ਪਾਸੋਂ) ਜੋ ਕੁਝ ਮੰਗਦਾ ਹਾਂ ਉਹੀ ਪ੍ਰਾਪਤ ਕਰ ਲੈਂਦਾ ਹਾਂ ।
(ਮੇਰੇ ਮਾਲਕ-ਪ੍ਰਭੂ ਦੇ) ਨਾਮ ਦੇ ਪ੍ਰੇਮ-ਰੰਗ ਨਾਲ ਮੇਰਾ ਇਹ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਚੁਕਾ ਹੈ (ਤਦੋਂ ਤੋਂ) ਮੈਂ ਮੁੜ ਕਿਸੇ ਹੋਰ ਪਾਸੇ ਭਟਕਦਾ ਨਹੀਂ ਫਿਰਦਾ ।੧ ।
ਹੇ ਭਾਈ! ਜਦੋਂ ਮੈਂ ਆਪਣੇ ਖਸਮ-ਪ੍ਰਭੂ ਨੂੰ (ਆਪਣੇ ਅੰਦਰ ਵੱਸਦਾ) ਵੇਖ ਲੈਂਦਾ ਹਾਂ ਤਦੋਂ ਮੈਂ ਕਿਸੇ ਹੋਰ (ਓਟ ਆਸਰੇ) ਨੂੰ ਆਪਣੇ ਚਿੱਤ ਵਿਚ ਥਾਂ ਨਹੀਂ ਦੇਂਦਾ ।
ਹੇ ਭਾਈ! ਜਦੋਂ ਤੋਂ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਹੈ ਤਦੋਂ ਤੋਂ ਮੈਂ ਹੋਰ ਹਰੇਕ ਕਿਸਮ ਦਾ ਡਰ ਭਟਕਣਾ ਦੂਰ ਕਰ ਕੇ (ਆਪਣੇ ਚਿੱਤ ਵਿਚ ਸਿਰਫ਼ਪਰਮਾਤਮਾ ਦੇ ਨਾਮ ਨੂੰ) ਉੱਕਰਦਾ ਰਹਿੰਦਾ ਹਾਂ ।੨।੨।੧੩੧ ।
Follow us on Twitter Facebook Tumblr Reddit Instagram Youtube