ਆਸਾ ਮਹਲਾ ੫ ॥
ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥
ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਂਧੇ ॥੧॥

ਮਨ ਬੈਰਾਗੀ ਕਿਉ ਨ ਅਰਾਧੇ ॥
ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥੧॥ ਰਹਾਉ ॥

ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ ॥
ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥

ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥
ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥

ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥
ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥

ਇਉ ਜਪਿਓ ਭਾਈ ਪੁਰਖੁ ਬਿਧਾਤੇ ॥
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥

Sahib Singh
ਮਿਥਿਆ = ਝੂਠਾ, ਨਾਸਵੰਤ ।
ਸੰਗਿ = ਸੰਗੀ, ਸਾਥੀ ।
ਸੰਗਿ = ਨਾਲ, ਸੰਗਤਿ ਵਿਚ ।
ਲਪਟਾਏ = ਚੰਬੜੇ ਹੋਏ, ਮੋਹ ਵਿਚ ਫਸੇ ਹੋਏ ।
ਕਰਿ = ਦੇ ਕਾਰਨ ।
ਬਾਧੇ = ਬੱਝੇ ਹੋਏ ।
ਜਹ = ਜਿੱਥੇ ।
ਜਾਨੋ = ਜਾਨਾ, ਜਾਣਾ ।
ਚੀਤਿ = ਚਿੱਤ ਵਿਚ ।
ਅਹੰਬੁਧਿ = {ਅਹੰ—ਮੈਂ ।
ਬੁਧਿ = ਅਕਲ} ਮੈਂ ਮੈਂ ਆਖਣ ਵਾਲੀ ਅਕਲ, ਹਉਮੈ ।
ਆਂਧੇ = ਅੰਨ੍ਹੇ ।੧ ।
ਮਨ = ਹੇ ਮਨ !
ਬੈਰਾਗੀ = ਮਾਇਆ ਦੇ ਮੋਹ ਵਲੋਂ ਉਪਰਾਮ ।
ਕਾਚ = ਕੱਚੀ ।
ਮਾਹਿ = ਵਿਚ ।
ਬਿਖੈ = ਵਿਸ਼ੇ = ਵਿਕਾਰ ।
ਬਿਆਧੇ = ਰੋਗ ।੧।ਰਹਾਉ ।
ਰੈਨਿ = ਰਾਤ ।
ਬਿਹਾਵੈ = ਲੰਘਦੀ ਹੈ ।
ਛੀਜੈ = ਘਟ ਰਹੀ ਹੈ, ਛਿੱਜ ਰਹੀ ਹੈ ।
ਅਰਜਾਧੇ = ਆਰਜਾ, ਉਮਰ ।
ਸਾਦਿ = ਸੁਆਦ ਵਿਚ ।
ਧੰਧਿ = ਧੰਧੇ ਵਿਚ ।
ਦੁਰਗਾਧੇ = ਦੁਰਗੰਧ ਵਿਚ ।੨ ।
ਇੰਦ੍ਰੀ ਰਸਿ = ਇੰਦਿ੍ਰਆਂ ਦੇ ਰਸ ਵਿਚ ।
ਦੀਈ = ਦਿੱਤੀ ।
ਭਵਾਰੀ = ਭਵਾਟਣੀ ।
ਪੁਰਖਿ = ਪੁਰਖ ਨੇ ।
ਬਿਧਾਤੈ = ਵਿਧਾਤਾ ਨੇ ।੩ ।
ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ।
ਤਉ = ਤਦੋਂ ।
ਗੁਰ ਮਿਲਿ = ਗੁਰੂ ਨੂੰ ਮਿਲ ਕੇ ।
ਧਿਆਵਉ = ਮੈਂ ਧਿਆਉਂਦਾ ਹਾਂ ।
ਉਪਾਧੇ = ਉਪਾਧੀਆਂ, ਵਿਕਾਰ ।੪ ।
ਇਉ = ਇਸ ਤ੍ਰਹਾਂ (ਭਾਵ, ਗੁਰੂ ਨੂੰ ਮਿਲ ਕੇ) ।
ਜਪਿਓ = ਜਿਸ ਨੇ ਜਪਿਆ ।੧ ।
    ਰਹਾਉ ਦੂਜਾ ।
    
Sahib Singh
ਹੇ ਮੇਰੇ ਮਨ! ਤੂੰ ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ਪਰਮਾਤਮਾ ਦਾ ਆਰਾਧਨ ਕਿਉਂ ਨਹੀਂ ਕਰਦਾ ?
(ਤੇਰਾ ਇਹ ਸਰੀਰ) ਕੱਚੀ ਕੋਠੜੀ ਹੈ ਜਿਸ ਵਿਚ ਤੂੰ ਵੱਸ ਰਿਹਾ ਹੈਂ, ਤੇਰੇ ਨਾਲ ਸਾਰੇ ਵਿਸ਼ੇ-ਵਿਕਾਰਾਂ ਦੇ ਰੋਗ ਚੰਬੜੇ ਪਏ ਹਨ ।੧।ਰਹਾਉ ।
(ਮੰਦ-ਭਾਗੀ ਮਨੁੱਖ) ਝੂਠੇ ਸਾਥੀਆਂ ਦੀ ਸੰਗਤਿ ਵਿਚ ਮਸਤ ਰਹਿੰਦਾ ਹੈ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, (ਇਹ ਜਗਤ ਛੱਡ ਕੇ) ਜਿੱਥੇ (ਆਖ਼ਰ) ਚਲੇ ਜਾਣਾ ਹੈ ਉਹ ਥਾਂ (ਇਸ ਦੇ) ਚਿੱਤ ਵਿਚ ਕਦੇ ਨਹੀਂ ਆਉਂਦਾ, ਹਉਮੈ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ।੧ ।
‘ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ’—ਇਹ ਆਖਦਿਆਂ ਹੀ (ਮੰਦ-ਭਾਗੀ ਮਨੁੱਖ ਦਾ) ਦਿਨ ਗੁਜ਼ਰ ਜਾਂਦਾ ਹੈ (ਇਸ ਤ੍ਰਹਾਂ ਹੀ ਫਿਰ) ਰਾਤ ਲੰਘ ਜਾਂਦੀ ਹੈ, ਪਲ ਪਲ ਛਿਨ ਛਿਨ ਕਰ ਕੇ ਇਸ ਦੀ ਉਮਰ ਘਟਦੀ ਜਾਂਦੀ ਹੈ ।
ਜਿਵੇਂ ਮਿੱਠੇ ਦੇ ਸੁਆਦ ਵਿਚ (ਮੱਖੀ) ਫਸ ਜਾਂਦੀ ਹੈ ਤਿਵੇਂ (ਮੰਦ-ਭਾਗੀ ਮਨੁੱਖ) ਝੂਠੇ ਧੰਧੇ ਵਿਚ ਦੁਰਗੰਧ ਵਿਚ ਫਸਿਆ ਰਹਿੰਦਾ ਹੈ ।੨ ।
ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰਾਂ ਵਿਚ) ਇੰਦਿ੍ਰਆਂ ਦੇ ਰਸ ਵਿਚ (ਮਨੁੱਖ) ਗ਼ਲਤਾਨ ਰਹਿੰਦਾ ਹੈ ।
(ਇਹਨਾਂ ਕੁਕਰਮਾਂ ਦੇ ਕਾਰਨ ਜਦੋਂ) ਸਿਰਜਨਹਾਰ ਅਕਾਲ ਪੁਰਖ ਨੇ (ਇਸ ਨੂੰ ਚੌਰਾਸੀ ਲੱਖ ਜੂਨਾਂ ਵਾਲੀ) ਭਵਾਟਣੀ ਦੇ ਦਿੱਤੀ ਤਾਂ ਇਹ ਮੁੜ ਮੁੜ ਜੂਨਾਂ ਵਿਚ ਭਟਕਦਾ ਫਿਰਦਾ ਹੈ ।੩ ।
ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਇਸ ਉਤੇ) ਦਇਆਵਾਨ ਹੁੰਦਾ ਹੈ ਤਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ ।
ਹੇ ਨਾਨਕ! ਆਖ—(ਪਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ) ਮੈਂ ਦਿਨ ਰਾਤ (ਹਰ ਵੇਲੇ ਪਰਮਾਤਮਾ ਦਾ) ਧਿਆਨ ਧਰਦਾ ਹਾਂ, ਉਸ ਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਨ ।੪ ।
(ਹੇ ਭਾਈ!) ਇਸ ਤ੍ਰਹਾਂ ਹੀ (ਪਰਮਾਤਮਾ ਦੀ ਮੇਹਰ ਨਾਲ ਗੁਰੂ ਨੂੰ ਮਿਲ ਕੇ ਹੀ, ਮਨੁੱਖ) ਸਿਰਜਨਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ ।
ਜਿਸ ਮਨੁੱਖ ਉਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਦਇਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ (ਦੇ ਗੇੜ) ਦੇ ਦੁੱਖ ਲਹਿ ਜਾਂਦੇ ਹਨ ।੧ ।
ਰਹਾਉ ਦੂਜਾ ।੪।੪।੧੨੬ ।
Follow us on Twitter Facebook Tumblr Reddit Instagram Youtube