ਆਸਾ ਮਹਲਾ ੫ ॥
ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥
ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥੧॥

ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥
ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥੧॥ ਰਹਾਉ ॥

ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ ॥
ਮਿਥਿਆ ਮੋਹੁ ਸੰਸਾਰੁ ਝੂਠਾ ਵਿਣਸਣਾ ॥੨॥

ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥
ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥੩॥

ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ ॥
ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ ॥੪॥੧੧॥੧੧੩॥

Sahib Singh
ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ।
ਗੁਰਮੁਖਿ = ਗੁਰੂ ਦੀ ਰਾਹੀਂ ।
ਜਾਣੀਐ = ਜਾਣਿਆ ਜਾਂਦਾ ਹੈ, ਡੂੰਘੀ ਸਾਂਝ ਪੈਂਦੀ ਹੈ ।
ਹਰਿ ਰੰਗੁ = ਹਰੀ ਦਾ ਪ੍ਰੇਮ ।੧ ।
ਮਿਲਾਹ = ਮਿਲਹ, ਅਸੀ ਮਿਲੀਏ ।
ਅਨਦਿਨੁ = ਹਰ ਰੋਜ਼ ।
ਸਿਮਰਹ = ਅਸੀ ਸਿਮਰੀਏ ।
ਤਜਿ = ਤਿਆਗ ਕੇ ।
ਲੋਕ = ਜਗਤ ।
ਲੋਕਾਈ = ਜਗਤ ਦੀ ।੧।ਰਹਾਉ ।
ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੀ ਜ਼ਿੰਦਗੀ ਨੂੰ ਸਹਾਰਾ ਮਿਲਦਾ ਹੈ ।
ਘਣਾ = ਬਹੁਤ ।
ਮਿਥਿਆ = ਝੂਠਾ, ਵਿਅਰਥ ।
ਝੂਠਾ = ਸਦਾ ਕਾਇਮ ਨ ਰਹਿਣ ਵਾਲਾ ।੨ ।
ਸੰਗਿ = ਨਾਲ ।
ਨੇਹੁ = ਪਿਆਰ ।
ਕਿਨੈ ਵਿਰਲੈ = ਕਿਸੇ ਵਿਰਲੇ ਮਨੁੱਖ ਨੇ ।
ਸੁਹਾਵਾ = ਸੋਹਣਾ ।
ਜਿਨਿ = ਜਿਸ ਨੇ ।੩।ਕਾਲ—ਮੌਤ, ਆਤਮਕ ਮੌਤ ।
ਜਾਵਈ = ਜਾਵਏ, ਜਾਵੈ, ਜਾਂਦਾ ਹੈ ।
ਭਾਵਈ = ਭਾਵਏ, ਭਾਵੈ ।੪ ।
    
Sahib Singh
ਹੇ ਸੰਤ ਜਨੋ! ਆਓ, ਅਸੀਂ ਇਕੱਠੇ ਬੈਠੀਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ, ਲੋਕ-ਲਾਜ ਛੱਡ ਕੇ ਹਰ ਵੇਲੇ ਉਸ ਦਾ ਨਾਮ ਸਿਮਰਦੇ ਰਹੀਏ ।੧।ਰਹਾਉ ।
(ਹੇ ਸੰਤ ਜਨੋ!) ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਗੁਰੂ ਦੀ ਸਰਨ ਪੈ ਕੇ ਹੀ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ, ਜੇ ਉਹ ਪ੍ਰਭੂ ਦਇਆਵਾਨ ਹੋਵੇ ਤ੍ਰüੱਠ ਪਏ ਤਾਂ ਉਸ ਦਾ ਪ੍ਰੇਮ (-ਆਨੰਦ) ਮਾਣਿਆ ਜਾ ਸਕਦਾ ਹੈ ।੧ ।
(ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ (ਉਸ ਵੇਲੇ ਮੈਨੂੰ ਪ੍ਰਤੱਖ ਅਨੁਭਵ ਹੁੰਦਾ ਹੈ ਕਿ) ਸੰਸਾਰ (ਦਾ ਮੋਹ) ਵਿਅਰਥ ਮੋਹ ਹੈ, ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸੰਸਾਰ ਤਾਂ ਨਾਸ ਹੋ ਜਾਣ ਵਾਲਾ ਹੈ (ਇਸ ਦੇ ਮੋਹ ਵਿਚੋਂ ਸੁਖ-ਆਨੰਦ ਕਿਵੇਂ ਮਿਲੇ?) ।੨ ।
(ਪਰ, ਹੇ ਸੰਤ ਜਨੋ!) ਕਿਸੇ ਵਿਰਲੇ (ਭਾਗਾਂ ਵਾਲੇ) ਮਨੁੱਖ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾਇਆ ਹੈ ਜਿਸ ਨੇ (ਇਹ ਪਿਆਰ ਪਾਇਆ ਹੈ) ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦਾ ਮੂੰਹ ਭਾਗਾਂ ਵਾਲਾ ਹੈ ਉਸ ਦਾ ਮੂੰਹ ਸੋਹਣਾ ਲੱਗਦਾ ਹੈ ।੩ ।
(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਸਿਮਰਿਆਂ ਜਨਮ ਮਰਨ (ਦੇ ਗੇੜ) ਦਾ ਦੁੱਖ ਮਿਟ ਜਾਂਦਾ ਹੈ ।
(ਹੇ ਸੰਤ ਜਨੋ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਹੀ ਚੰਗਾ ਹੈ ਇਹ ਨਿਸ਼ਚਾ ਜੋ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦਾ ਹੈ) ਨਾਨਕ ਦੇ ਹਿਰਦੇ ਵਿਚ ਆਨੰਦ (ਪੈਦਾ ਕਰੀ ਰੱਖਦਾ ਹੈ) ।੪।੧੧।੧੧੩ ।
Follow us on Twitter Facebook Tumblr Reddit Instagram Youtube