ਆਸਾ ਮਹਲਾ ੫ ॥
ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥
ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ ॥੧॥

ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥
ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥੧॥ ਰਹਾਉ ॥

ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥
ਜਿਸੁ ਮਨਿ ਵੁਠਾ ਆਪਿ ਤਿਸੁ ਨ ਵਿਸਾਰੀਐ ॥੨॥

ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥
ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥੩॥

ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥
ਨਾਨਕ ਦਰਸ ਪਿਆਸ ਲੋਚਾ ਪੂਰੀਐ ॥੪॥੭॥੧੦੯॥

Sahib Singh
ਪੂਰਿ ਰਹਿਆ = ਵਿਆਪਕ ਹੈ, ਮੌਜੂਦ ਹੈ ।
ਸ੍ਰਬ ਠਾਇ = ਹਰੇਕ ਥਾਂ ਵਿਚ ।
ਸੋਇ = ਉਹ (ਪਰਮਾਤਮਾ) ।
ਸਿਰਿ = ਸਿਰ ਉੱਤੇ ।
ਛਤੁ = ਛੱਤ੍ਰ ।੧ ।
ਰਾਖਣਹਾਰਿਆ = ਹੇ ਰੱਖਿਆ ਕਰਨ ਦੀ ਸਮਰਥਾ ਵਾਲੇ !
ਨਦਰਿ = ਨਿਗਾਹ ।
ਨਿਹਾਲਿਆ = ਵੇਖਿਆ ।੧।ਰਹਾਉ ।
ਪ੍ਰਤਿਪਾਲੇ = ਪਾਲਣਾ ਕਰਦਾ ਹੈ ।
ਘਟਿ ਘਟਿ = ਹਰੇਕ ਸਰੀਰ ਵਿਚ ।
ਸਾਰੀਐ = ਸਾਰੇ, ਸਾਰ ਲੈਂਦਾ ਹੈ ।
ਮਨਿ = ਮਨਿ ਵਿਚ ।
ਵੁਠਾ = ਆ ਵੱਸਿਆ ।
ਵਿਸਾਰੀਐ = ਵਿਸਾਰੇ, ਭੁਲਾਂਦਾ ।੨।ਆਪਣ ਭਾਣਿਆ—ਆਪਣੀ ਰਜ਼ਾ ਅਨੁਸਾਰ ।
ਸਹਾਈ = ਮਦਦਗਾਰ ।
ਜੁਗਿ ਜੁਗਿ = ਹਰੇਕ ਜੁਗ ਵਿਚ ।੩ ।
ਜਪਿ = ਜਪ ਕੇ ।
ਨ ਝੂਰੀਐ = ਚਿੰਤਾ = ਫ਼ਿਕਰ ਨਹੀਂ ਕਰੀਦਾ ।
ਲੋਚਾ = ਤਾਂਘ ।
ਪੂਰੀਐ = ਪੂਰੀ ਕਰ ।੪ ।
    
Sahib Singh
ਹੇ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰਥ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤ੍ਰਹਾਂ ਮੇਰੀ ਰੱਖਿਆ ਕਰ ।
ਮੈਂ ਤੈਥੋਂ ਬਿਨਾ ਅਜੇ ਤਕ ਕੋਈ ਹੋਰ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਜੋ ਤੇਰੇ ਵਰਗਾ ਹੋਵੇ ।੧।ਰਹਾਉ ।
(ਹੇ ਭਾਈ!) ਸਾਡਾ ਉਹ ਖਸਮ-ਸਾਈਂ ਹਰੇਕ ਥਾਂ ਵਿਚ ਵਿਆਪਕ ਹੈ, (ਸਭ ਜੀਵਾਂ ਦਾ ਉਹ) ਇਕੋ ਮਾਲਕ ਹੈ (ਸਾਰੀ ਸਿ੍ਰਸ਼ਟੀ ਦੀ ਬਾਦਸ਼ਾਹੀ ਦਾ) ਛੱਤ੍ਰ (ਉਸੇ ਦੇ) ਸਿਰ ਉਤੇ ਹੈ, ਉਸ ਦੇ ਬਰਾਬਰ ਹੋਰ ਕੋਈ ਨਹੀਂ ।੧ ।
(ਹੇ ਭਾਈ!) ਹਰੇਕ ਸਰੀਰ ਵਿਚ ਬੈਠਾ ਪ੍ਰਭੂ ਹਰੇਕ ਦੀ ਸਾਰ ਲੈਂਦਾ ਹੈ, ਹਰੇਕ ਦੀ ਪਾਲਣਾ ਕਰਦਾ ਹੈ ।
ਜਿਸ ਮਨੁੱਖ ਦੇ ਮਨ ਵਿਚ ਉਹ ਪ੍ਰਭੂ ਆਪ ਵੱਸਦਾ ਹੈ, ਉਸ ਨੂੰ ਕਦੇ ਫਿਰ ਭੁਲਾਂਦਾ ਨਹੀਂ ।੨ ।
(ਹੇ ਭਾਈ! ਜਗਤ ਵਿਚ) ਜੋ ਕੁਝ ਕਰ ਰਿਹਾ ਹੈ ਪਰਮਾਤਮਾ ਆਪ ਹੀ ਆਪਣੀ ਰਜ਼ਾ ਅਨੁਸਾਰ ਕਰ ਰਿਹਾ ਹੈ, (ਜਗਤ ਵਿਚ) ਇਹ ਗੱਲ ਪ੍ਰਸਿੱਧ ਹੈ ਕਿ ਹਰੇਕ ਜੁਗ ਵਿਚ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ ।੩ ।
(ਹੇ ਭਾਈ!) ਪਰਮਾਤਮਾ ਦਾ ਨਾਮ ਜਪ ਜਪ ਕੇ ਫਿਰ ਕਦੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ ਪੈਂਦੀ ।
(ਹੇ ਪ੍ਰਭੂ! ਤੇਰੇ ਦਾਸ) ਨਾਨਕ ਨੂੰ ਤੇਰੇ ਦਰਸਨ ਦੀ ਪਿਆਸ ਹੈ (ਨਾਨਕ ਦੀ ਇਹ) ਤਾਂਘ ਪੂਰੀ ਕਰ ।੪।੭।੧੦੯ ।
Follow us on Twitter Facebook Tumblr Reddit Instagram Youtube