ਆਸਾ ਘਰੁ ੮ ਕਾਫੀ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥
ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥

ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥
ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥

ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥
ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥

ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥

ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥
ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥

Sahib Singh
ਬੰਦਾ = ਗ਼ੁਲਾਮ ।
ਬੈ ਖਰੀਦ = ਮੁੱਲ ਦੇ ਕੇ ਖ਼ਰੀਦਿਆ ਹੋਇਆ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਸਾਹਿਬੁ = ਮਾਲਕ ।
ਜੀਉ = ਜਿੰਦ ।
ਪਿੰਡੁ = ਸਰੀਰ ।
ਤਿਸ ਦਾ = {ਲਫ਼ਜ਼ ‘ਤਿਸ’ ਦਾ ੁ ਸੰਬੰਧਕ ‘ਦਾ’ ਦੇ ਕਾਰਨ ਉੱਡ ਗਿਆ ਹੈ} ।੧ ।
ਧਣੀ = ਮਾਲਕ ।
ਅਨ = ਹੋਰ ।
ਕਾਚਾ = ਕੱਚੇ ਜੀਵਨ ਵਾਲਾ, ਕਮਜ਼ੋਰ ਜੀਵਨ ਵਾਲਾ ।੧।ਰਹਾਉ ।
ਅਪਾਰ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ ।
ਭੇਟਸੀ = ਮਿਲੇਗਾ, ਮਿਲਦਾ ਹੈ ।
ਰਜਾਏ = ਰਜ਼ਾ ਵਿਚ ।੨ ।
ਕਿਤੈ ਕਾਮਿ = ਕਿਸੇ ਕੰਮ ਵਿਚ ।
ਤੁਠਾ = ਪ੍ਰਸੰਨ ਹੋਇਆ ।੩ ।
ਕਮਾਈਅਹਿ = ਕਮਾਏ ਜਾਣ ।
ਕਰਮ = ਮਿਥੇ ਹੋਏ ਧਾਰਮਿਕ ਕੰਮ ।
ਬੰਧਾ = ਬੰਧ, ਬੰਨ੍ਹ, ਰੋਕ ।
ਧਰ = ਆਸਰਾ ।੪ ।
    
Sahib Singh
ਹੇ ਪ੍ਰਭੂ! ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈਂ, ਮੈਨੂੰ ਤੇਰਾ ਹੀ ਭਰਵਾਸਾ ਹੈ ।
(ਹੇ ਭਾਈ! ਜਿਸ ਮਨੁੱਖ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਝਾਕ ਭੀ ਟਿਕੀ ਰਹੇ, ਉਹ ਸਮਝੋ ਅਜੇ ਕਮਜ਼ੋਰ ਜੀਵਨ ਵਾਲਾ ਹੈ ।੧।ਰਹਾਉ ।
ਹੇ ਭਾਈ! ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਸ ਦਾ ਮੁੱਲ-ਖ਼ਰੀਦ ਗ਼ੁਲਾਮ ਹਾਂ, ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ ।
ਹੇ ਪ੍ਰਭੂ! ਮੇਰੇ ਪਾਸ ਜੋ ਕੁਝ ਭੀ ਹੈ ਸਭ ਤੇਰਾ ਹੀ ਬਖ਼ਸ਼ਿਆ ਹੋਇਆ ਹੈ ।੧ ।
ਹੇ ਪ੍ਰਭੂ! ਤੇਰਾ ਹੁਕਮ ਬੇਅੰਤ ਹੈ, ਕੋਈ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ, (ਤੇਰੀ ਮਿਹਰ ਨਾਲ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿਚ ਤੁਰਦਾ ਹੈ ।੨ ।
(ਹੇ ਭਾਈ! ਸੁਖਾਂ ਦੀ ਖ਼ਾਤਰ ਮਨੁੱਖ ਅਨੇਕਾਂ) ਚਤੁਰਾਈਆਂ ਤੇ ਸਿਆਣਪਾਂ (ਕਰਦਾ ਹੈ, ਪਰ ਕੋਈ ਸਿਆਣਪ ਕੋਈ ਚਤੁਰਾਈ) ਕਿਸੇ ਕੰਮ ਨਹੀਂ ਆਉਂਦੀ; ਉਹੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਹੜਾ ਸੁਖ ਮਾਲਕ-ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ ।੩ ।
(ਹੇ ਭਾਈ! ਦੁਨੀਆ ਵਿਚ ਸੁਖਾਂ ਦੁੱਖਾਂ ਦਾ ਚੱਕਰ ਤੁਰਿਆ ਰਹਿੰਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ) ਜੇ ਲੱਖਾਂ ਹੀ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਜਾਣ ਤਾਂ ਭੀ (ਦੁੱਖਾਂ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈ ਸਕਦੀ ।
ਹੇ ਦਾਸ ਨਾਨਕ! (ਆਖ—) ਮੈਂ ਤਾਂ ਪਰਮਾਤਮਾ ਦੇ ਨਾਮ ਨੂੰ ਹੀ ਆਸਰਾ ਬਣਾਇਆ ਹੈ, ਤੇ (ਸੁਖਾਂ ਦੀ ਖ਼ਾਤਰ) ਹੋਰ ਦੌੜ-ਭੱਜ ਛੱਡ ਦਿੱਤੀ ਹੈ ।੪।੧।੧੦੩ ।

ਨੋਟ: ਆਸਾ ਘਰੁ ੮ ਕਾਫੀ—ਇਥੋਂ ਉਹਨਾਂ ਸ਼ਬਦਾਂ ਦਾ ਉਹ ਸੰਗ੍ਰਹ ਸ਼ੁਰੂ ਹੁੰਦਾ ਹੈ ਜੋ ਘਰ ਅਠਵੇਂ ਵਿਚ ਗਾਏ ਜਾਣ ਵਾਲੇ ਹਨ, ਤੇ, ਕਾਫੀ ਇਕ ਰਾਗਣੀ ਦਾ ਨਾਮ ਹੈ ।
Follow us on Twitter Facebook Tumblr Reddit Instagram Youtube